ਸੁਪਰੀਮ ਕੋਰਟ ਵਲੋਂ ਤਾਜ ਮਹਿਲ ਨੇੜੇ ਨਿਰਮਾਣ ਅਧੀਨ ਕਾਰ-ਪਾਰਕਿੰਗ ਢਾਹੁਣ 'ਤੇ ਰੋਕ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 27 ਅਕਤੂਬਰ: ਸੁਪਰੀਮ ਕੋਰਟ ਨੇ ਅੱਜ ਆਗਰਾ ਦੇ ਵਿਸ਼ਵ ਪ੍ਰਸਿਧ ਤਾਜ ਮਹਿਲ ਨੇੜੇ ਨਿਰਮਾਣ ਅਧੀਨ ਬਹੁ-ਮੰਜ਼ਲਾ ਕਾਰ ਪਾਰਕਿੰਗ ਨੂੰ ਢਾਹੁਣ ਦੇ ਅਪਣੇ ਆਦੇਸ਼ਾਂ 'ਤੇ ਰੋਕ ਲਗਾ ਦਿਤੀ ਹੈ। ਉੱਚ ਅਦਾਲਤ ਨੇ ਸਬੰਧਤ ਅਧਿਕਾਰੀਆਂ ਨੂੰ ਨਿਰਮਾਣ ਵਾਲੀ ਥਾਂ 'ਤੇ ਸਟੇਟਸ-ਕੋ ਬਣਾਈ ਰੱਖਣ ਲਈ ਕਿਹਾ ਹੈ। ਅਦਾਲਤ ਨੇ ਇਹ ਵੀ ਕਿਹਾ ਹੈ ਕਿ ਹੋਰ ਨਿਰਮਾਣ ਨਾ ਕੀਤਾ ਜਾਵੇ। ਤਾਜ ਮਹਿਲ ਦੇ ਪੂਰਬੀ ਦਰਵਾਜ਼ੇ ਤੋਂ ਇਕ ਕਿਲੋਮੀਟਰ ਦੂਰੀ 'ਤੇ ਇਹ ਬਹੁ-ਮੰਜ਼ਲਾ ਪਾਰਕਿੰਗ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਅਦਾਲਤ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਹਦਾਇਤ ਕੀਤੀ ਹੈ 

ਕਿ ਉਹ ਤਾਜ ਮਹਿਲ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਵਿਚ ਪ੍ਰਦੂਸ਼ਣ ਨੂੰ ਰੋਕਣ ਲਈ ਵਿਸਥਾਰਤ ਨੀਤੀ ਬਣਾ ਕੇ ਅਦਾਲਤ ਵਿਚ ਪੇਸ਼ ਕਰੇ।  ਇਸੇ ਦੌਰਾਨ ਉਤਰ ਪ੍ਰੇਦਸ਼ ਸਰਕਾਰ ਨੇ ਅਦਾਲਤ ਨੂੰ ਕਿਹਾ ਹੈ ਕਿ ਉਹ ਤਾਜ ਮਹਿਲ ਅਤੇ ਇਸ ਦੇ ਆਸ-ਪਾਸ ਪ੍ਰਦੂਸ਼ਣ ਰੋਕਣ ਲਈ ਵਚਨਬਧ ਹੈ ਅਤੇ ਇਸ ਸਬੰਧੀ ਨੀਤੀ ਬਣਾ ਕੇ ਜਲਦੀ ਹੀ ਅਦਾਲਤ ਸਾਹਮਣੇ ਪੇਸ਼ ਕੀਤੀ ਜਾਵੇਗੀ। ਅਦਾਲਤ ਵਲੋਂ ਇਸ ਸਬੰਧੀ ਅਗਲੀ ਸੁਣਵਾਈ 15 ਨਵੰਬਰ ਨੂੰ ਕੀਤੀ ਜਾਵੇਗੀ।  (ਪੀਟੀਆਈ)