ਟਾਈਟਲਰ ਦੇ ਖ਼ੁਲਾਸੇ ਮਗਰੋਂ ਰਾਜੀਵ ਗਾਂਧੀ ਦੀ ਭੂਮਿਕਾ ਦੀ ਹੋਵੇ ਜਾਂਚ: ਐਚ.ਐਸ. ਫੂਲਕਾ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਦਾਖ਼ਾ (ਪੰਜਾਬ) ਤੋਂ ਵਿਧਾਇਕ ਅਤੇ ਸਿੱਖ ਕਤਲੇਆਮ ਦੇ ਪੀੜਤਾਂ ਦੇ ਵਕੀਲ ਐਚ.ਐਸ. ਫੂਲਕਾ ਨੇ ਮੰਗ ਕੀਤੀ ਹੈ ਕਿ ਜਗਦੀਸ਼ ਟਾਈਟਲਰ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਰਾਜੀਵ ਗਾਂਧੀ ਬਾਰੇ ਨਿੱਜੀ ਚੈਨਲ ’ਤੇ ਕੀਤੇ ਗਏ ਖੁਲਾਸਿਆਂ ਮਗਰੋਂ ਰਾਜੀਵ ਗਾਂਧੀ ਦੀ ਕਤਲੇਆਮ ’ਚ ਭੂਮਿਕਾ ਬਾਰੇ ਜਾਂਚ ਕੀਤੀ ਜਾਵੇ। ਇਥੇ ਪ੍ਰੈੱਸ ਕਾਨਫਰੰਸ ਦੌਰਾਨ ਫੂਲਕਾ ਨੇ ਕਿਹਾ ਕਿ ਕਾਂਗਰਸ ਨੇ ਪੱਖ ਰੱਖਿਆ ਹੈ ਕਿ ਰਾਜੀਵ ਗਾਂਧੀ ਭੀੜ ਨੂੰ ਸ਼ਾਂਤ ਕਰਨ ਲਈ ਕਈ ਇਲਾਕਿਆਂ ’ਚ ਗਏ ਸਨ। 

ਇਸ ਦਾ ਅਰਥ ਹੈ ਕਿ ਕਾਂਗਰਸ ਮੰਨਦੀ ਹੈ ਕਿ ਰਾਜੀਵ ਗਾਂਧੀ ਨੇ ਉਨ੍ਹਾਂ ਥਾਵਾਂ ਦਾ ਦੌਰਾ ਕੀਤਾ ਜਿਥੇ ਸਿੱਖਾਂ ਦਾ ਕਤਲੇਆਮ ਹੋ ਰਿਹਾ ਸੀ। ਉਨ੍ਹਾਂ ਕਿਹਾ ਕਿ ਹੁਣ ਕਾਂਗਰਸ ਨੂੰ ਸਾਬਿਤ ਕਰਨਾ ਹੋਵੇਗਾ ਕਿ ਸਾਬਕਾ ਪ੍ਰਧਾਨ ਮੰਤਰੀ ਨੇ ਭੀੜ ਨੂੰ ਸ਼ਾਂਤ ਕਰਨ ਲਈ ਕੀ ਕੀਤਾ ਸੀ? ਫੂਲਕਾ ਨੇ ਕਿਹਾ ਕਿ ਗੜਬੜ ਵਾਲੇ ਇਲਾਕਿਆਂ ਵਿਚ ਜਾਣ ਦੌਰਾਨ ਅਤੇ ਮਗਰੋਂ ਹੋਏ ਕਤਲੇਆਮ ਤੋਂ ਸਪੱਸ਼ਟ ਹੁੰਦਾ ਹੈ ਕਿ ਤਤਕਾਲੀ ਪ੍ਰਧਾਨ ਮੰਤਰੀ ਦੀ ਪ੍ਰਵਾਨਗੀ ਅਤੇ ਸਹਿਮਤੀ ਨਾਲ ਹੀ ਸਿੱਖਾਂ ਨੂੰ ਕੋਹ-ਕੋਹ ਕੇ ਮਾਰਿਆ ਗਿਆ। 

ਉਨ੍ਹਾਂ ਟਾਈਟਲਰ ਦੇ ਹਵਾਲੇ ਨਾਲ ਦੱਸਿਆ ਕਿ ਗਾਂਧੀ ਕਿੰਗਜ਼ਵੇਅ ਕੈਂਪ ਪੁਲਿਸ ਸਟੇਸ਼ਨ ਇਲਾਕੇ ਵਿਚ ਗਏ ਸਨ। ਇਹ ਸਬਜ਼ੀ ਮੰਡੀ ਪੁਲੀਸ ਸਟੇਸ਼ਨ, ਅਸ਼ੋਕ ਵਿਹਾਰ ਪੁਲਿਸ ਥਾਣਾ ਅਤੇ ਆਦਰਸ਼ ਨਗਰ ਥਾਣਾ ਉਪਰੋਕਤ ਕੈਂਪ ਇਲਾਕੇ ਵਿਚ ਪੈਂਦਾ ਹੈ ਜਿੱਥੇ ਵੱਡਾ ਕਤਲੇਆਮ ਅਤੇ ਮਾਲੀ ਨੁਕਸਾਨ ਹੋਇਆ ਸੀ। ਟਾਈਟਲਰ ਨੇ ਇਹ ਵੀ ਦੱਸਿਆ ਸੀ ਕਿ ਰਾਜੀਵ ਗਾਂਧੀ, ਐਚ ਕੇ ਐਲ ਭਗਤ, ਸੱਜਣ ਕੁਮਾਰ ਦੇ ਵਿਧਾਨ ਸਭਾ ਹਲਕਿਆਂ ਵਿਚ ਵੀ ਗਏ ਸਨ। ਫੂਲਕਾ ਨੇ ਕਿਹਾ ਕਿ ਭਗਤ ਦੇ ਖੇਤਰ ਵਿਚ 1200 ਤੋਂ ਵਧ ਸਿੱਖ ਕਤਲ ਹੋਏ ਅਤੇ ਸੱਜਣ ਕੁਮਾਰ ਦੇ ਖੇਤਰ ਵਿਚ ਕਰੀਬ 1500 ਸਿੱਖ ਕਤਲ ਹੋਏ।