'ਟੈਰਰਸਤਾਨ' ਹੈ ਪਾਕਿਸਤਾਨ: ਭਾਰਤ

ਖ਼ਬਰਾਂ, ਰਾਸ਼ਟਰੀ

ਸੰਯੁਕਤ ਰਾਸ਼ਟਰ, 22 ਸਤੰਬਰ: ਸੰਯੁਕਤ ਰਾਸ਼ਟਰ 'ਚ ਭਾਰਤ ਨੇ ਗੁਆਂਢੀ ਦੇਸ਼ ਪਾਕਿਸਤਾਨ ਦੀ ਸਖ਼ਤ ਆਲੋਚਨਾ ਕਰਦਿਆਂ ਉਸ ਨੂੰ ਅੱਜ ਸ਼ੁੱਧ ਅਤਿਵਾਦ ਦੀ ਧਰਤੀ 'ਟੈਰਰਸਤਾਨ' ਕਰਾਰ ਦਿਤਾ ਜਿਥੇ ਇਕ ਵਧਦਾ-ਫੁਲਦਾ ਉਦਯੋਗ ਹੈ ਜੋ ਕੌਮਾਂਤਰੀ ਅਤਿਵਾਦ ਨੂੰ ਪੈਦਾ ਕਰਦਾ ਹੈ ਅਤੇ ਉਸ ਦਾ ਨਿਰਯਾਤ ਕਰਦਾ ਹੈ।
ਸੰਯੁਕਤ ਰਾਸ਼ਟਰ ਮਹਾਂਸਭਾ 'ਚ ਭਾਰਤ ਦੇ ਪ੍ਰਤੀਨਿਧ ਨੇ ਸਪੱਸ਼ਟ ਤੌਰ ਤੇ ਕਿਹਾ ਕਿ ਇਹ ਕਿੰਨੀ ਅਜੀਬ ਗੱਲ ਹੈ ਕਿ ਜਿਸ ਦੇਸ਼ ਨੇ ਓਸਾਮਾ ਬਿਨ ਲਾਦੇਨ ਨੂੰ ਸ਼ਰਨ ਦਿਤੀ ਅਤੇ ਮੁੱਲਾ ਉਮਰ ਨੂੰ ਸ਼ਰਨ ਦਿਤੀ ਹੋਈ ਹੈ ਉਸ ਦੇਸ਼ ਖ਼ੁਦ ਨੂੰ ਪੀੜਤ ਦੱਸ ਰਿਹਾ ਹੈ।
ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਸੰਯੁਕਤ ਰਾਸ਼ਟਰ ਮਹਾਂਸਭਾ 'ਚ ਕਸ਼ਮੀਰ ਮੁੱਦਾ ਚੁਕਿਆ ਸੀ ਜਿਸ ਤੋਂ ਬਾਅਦ ਭਾਰਤ ਨੇ ਅਪਣੇ ਪ੍ਰਤੀਕਿਰਿਆ ਦੇਣ ਦੇ ਅਧਿਕਾਰ ਦਾ ਪ੍ਰਯੋਗ ਕਰਦਿਆਂ ਇਹ ਜਵਾਬ ਦਿਤਾ। ਅੱਬਾਸੀ ਨੇ ਦੋਸ਼ ਲਾਇਆ ਸੀ ਕਿ ਭਾਰਤ ਉਨ੍ਹਾਂ ਦੇ ਦੇਸ਼ ਵਿਰੁਧ ਅਤਿਵਾਦੀ ਗਤੀਵਿਧੀਆਂ 'ਚ ਸ਼ਾਮਲ ਹੈ। ਨਾਲ ਹੀ ਉਨ੍ਹਾਂ ਚੇਤਾਵਨੀ ਦਿਤੀ ਸੀ ਕਿ ਭਾਰਤ ਜੇਕਰ ਕੰਟਰੋਲ ਰੇਖਾ ਪਾਰ ਕਰਨ ਦੀ ਹਿੰਮਤ ਕਰੇਗਾ ਜਾਂ ਪਾਕਿਸਤਾਨ ਵਿਰੁਧ ਸੀਮਤ ਯੁੱਧ ਦੇ ਅਪਣੇ ਸਿਧਾਂਤ ਉਤੇ ਕਾਰਵਾਈ ਕਰਦਾ ਹੈ ਤਾਂ ਉਸ ਦਾ ਪਾਕਿਸਤਾਨ ਢੁਕਵਾਂ ਜਵਾਬ ਦੇਵੇਗਾ। ਉਨ੍ਹਾਂ ਸੰਯੁਕਤ ਰਾਸ਼ਟਰ ਤੋਂ ਮੰਗ ਕੀਤੀ ਸੀ ਕਿ ਉਹ ਕਸ਼ਮੀਰ 'ਚ ਵਿਸ਼ੇਸ਼ ਦੂਤ ਨਿਯੁਕਤ ਕਰੇ। ਉਨ੍ਹਾਂ ਦਾਅਵਾ ਕੀਤਾ ਸੀ ਕਿ ਕਸ਼ਮੀਰੀ ਲੋਕਾਂ ਦੇ ਸੰਘਰਸ਼ ਨੂੰ ਭਾਰਤ ਨੇ ਜਬਰ ਨਾਲ ਦਬਾਇਆ ਹੈ।
ਜਵਾਬ 'ਚ ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਮਿਸ਼ਨ ਦੇ ਸਕੱਤਰ ਏਨਮ ਗੰਭੀਰ ਨੇ ਕਿਹਾ ਕਿ ਹੁਣ ਤਕ ਪਾਕਿਸਤਾਨ ਦੇ ਸਾਰੇ ਗੁਆਂਢੀ ਤੱਥਾਂ ਨੂੰ ਤੋੜਨ-ਮਰੋੜਨ, ਬੇਈਮਾਨੀ ਅਤੇ ਛਲ-ਕਪਟ ਉਤੇ ਆਧਾਰਤ ਕਹਾਣੀਆਂ ਤਿਆਰ ਕਰਨ ਦੀਆਂ ਉਸ ਦੀਆਂ ਚਾਲਾਂ ਨਾਲ ਚੰਗੀ ਤਰ੍ਹਾਂ ਜਾਣੂ ਹੋ ਚੁਕੇ ਹਨ ਅਤੇ ਪ੍ਰੇਸ਼ਾਨ ਹਨ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬਦਲਵੇਂ ਤੱਥਾਂ ਨੂੰ ਤਿਆਰ ਕਰਨ ਦੀਆਂ ਕੋਸ਼ਿਸ਼ਾਂ ਨਾਲ ਅਸਲੀਅਤ ਨਹੀਂ ਬਦਲ ਜਾਵੇਗੀ। ਭਾਰਤੀ ਸਫ਼ੀਕ ਏਨਮ ਨੇ ਕਿਹਾ ਕਿ ਪਾਕਿਸਤਾਨ ਅਪਣੇ ਛੋਟੇ ਜਿਹੇ ਇਤਿਹਾਸ 'ਚ ਅਤਿਵਾਦ ਦਾ ਦੂਜਾ ਨਾਂ ਬਣ ਗਿਆ ਹੈ। ਏਨਮ ਨੇ ਕਿਹਾ ਕਿ ਪਾਕਿਸਤਾਨ ਦੀ ਅਤਿਵਾਦ ਰੋਕੂ ਨੀਤੀ ਦਾ ਮਕਸਦ ਅਪਣੇ ਫ਼ੌਜੀ ਸ਼ਹਿਰ 'ਚ ਕੌਮਾਂਤਰੀ ਅਤਿਵਾਦੀ ਆਗੂਆਂ ਨੂੰ ਸੁਰੱਖਿਅਤ ਪਨਾਹਗਾਹ ਮੁਹਈਆ ਕਰਵਾਉਣਾ ਜਾਂ ਉਨ੍ਹਾਂ ਨੂੰ ਸਿਆਸਤ 'ਚ ਲਿਆ ਕੇ ਅਤਿਵਾਦ ਨੂੰ ਕਿਸੇ ਤਰ੍ਹਾਂ ਮੁੱਖਧਾਰਾ 'ਚ ਲਿਆਉਣਾ ਅਤੇ ਉਨ੍ਹਾਂ ਨੂੰ ਹੱਲਾਸ਼ੇਰੀ ਦੇਣਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੰਮੂ-ਕਸ਼ਮੀਰ ਹਮੇਸ਼ਾ ਭਾਰਤ ਦਾ ਅਟੁਟ ਹਿੱਸਾ ਰਿਹਾ ਹੈ ਅਤੇ ਰਹੇਗਾ। ਭਾਵੇਂ ਪਾਕਿਸਤਾਨ ਸਰਹੱਦ ਪਾਰ ਅਤਾਵਦ ਨੂੰ ਕਿੰਨਾ ਹੀ ਵਧਾਏ ਪਰ ਉਹ ਭਾਰਤ ਦੀ ਖੇਤਰੀ ਅਖੰਡਤਾ ਨੂੰ ਘੱਟ ਕਰਨ 'ਚ ਕਦੇ ਕਾਮਯਾਬ ਨਹੀਂ ਹੋਵੇਗਾ। ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਮਹਾਂਸਭਾ ਨੂੰ ਸੰਬੋਧਨ ਕਰਦਿਆਂ ਪਾਕਿਸਤਾਨੀ ਪ੍ਰਧਾਨ ਮੰਤਰੀ ਅੱਬਾਸੀ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਦੇਸ਼ 'ਚ ਤਾਲਿਬਾਨ ਦੀ ਕੋਈ ਸੁਰੱਖਿਅਤ ਪਨਾਹਗਾਹ ਨਹੀਂ ਹੈ। ਉਨ੍ਹਾਂ ਕਿਹਾ ਸੀ ਕਿ ਅਤਿਵਾਦ ਵਿਰੋਧੀ ਮੁਹਿੰਮ 'ਚ ਅਪਣੀ ਭੂਮਿਕਾ ਕਰ ਕੇ ਪਾਕਿਸਤਾਨ ਨੇ ਬਹੁਤ ਪ੍ਰੇਸ਼ਾਨੀਆਂ ਚੁਕੀਆਂ ਅਤੇ ਕਈ ਕੁਰਬਾਨੀਆਂ ਦਿਤੀਆਂ।
ਇਸ ਲਈ ਉਸ ਨੂੰ ਅਫ਼ਗਾਨਿਸਤਾਨ 'ਚ ਫ਼ੌਜ ਜਾਂ ਸਿਆਸੀ ਰੇੜਕੇ ਲਈ ਦੋਸ਼ੀ ਮੰਨਣਾ ਬਹੁਤ ਜ਼ਿਆਦਾ ਦੁਖਦਾਇਕ ਹੈ। (ਪੀਟੀਆਈ)