ਤਿਰੂਵਨੰਥਪੁਰਮ, 5 ਜਨਵਰੀ : ਸੀਪੀਆਈ (ਐਮ) ਨੇ ਅੱਜ ਦੋਸ਼ ਲਾਉਂਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਸਿਰਫ਼ ਸਿਆਸੀ ਲਾਹਾ ਲੈਣ ਲਈ 'ਤਿੰਨ ਤਲਾਕ' ਦਾ ਮੁੱਦਾ ਚੁੱਕ ਰਹੀ ਹੈ। ਕੇਰਲਾ ਸੀਪੀਆਈ (ਐਮ) ਦੇ ਸਕੱਤਰ ਕੋਡੀਯੇਰੀ ਬਾਲਾਕ੍ਰਿਸ਼ਨਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਆਸੀ ਲਾਹੇ ਲਈ ਮੁਸਲਿਮ ਵਿਮਨ ਬਿਲ, 2017 ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੰਸਦ ਵਿਚ ਪੇਸ਼ ਕੀਤੇ ਗਏ ਤਿੰਨ ਤਲਾਕ ਦੇ ਬਿਲ ਦਾ ਏਜੰਡਾ ਮੁਸਲਮਾਨਾਂ ਨੂੰ ਪ੍ਰੇਸ਼ਾਨ ਕਰਨ ਦਾ ਹੈ। ਉਨ੍ਹਾਂ ਕਿਹਾ ਕਿ ਤਲਾਕ ਦਾ ਮੁੱਦਾ ਸਿਵਲ ਮਾਮਲਾ ਹੈ ਪਰ ਇਸ ਨੂੰ ਅਪਰਾਧਕ ਰੂਪ ਦੇ ਕੇ ਔਰਤਾਂ ਦੀ ਸੁਰੱਖਿਆ ਨਹੀਂ ਕੀਤੀ ਗਈ ਬਲਕਿ ਇਹ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਪਾਰਟੀ ਨੇ ਤੁਰਤ ਤਲਾਕ 'ਤੇ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ ਪਰ ਮੋਦੀ ਸਰਕਾਰ ਵਲੋਂ ਤਿੰਨ ਤਲਾਕ ਦੇ ਮੁੱਦੇ 'ਤੇ ਸੰਸਦ ਵਿਚ ਪੇਸ਼ ਕੀਤਾ ਗਿਆ ਬਿਲ ਮੁਸਲਿਮ ਔਰਤਾਂ ਨਾਲ ਧੋਖਾ ਹੈ।