ਤਾਮਿਲਨਾਡੂ 'ਚ ਨੀਟ ਇਮਤਿਹਾਨ ਵਿਰੁਧ ਭੜਕੀ ਅੱਗ 14 ਵਿਦਿਆਰਥੀ ਬੇਮਿਆਦੀ ਭੁੱਖ ਹੜਤਾਲ 'ਤੇ ਬੈਠੇ

ਖ਼ਬਰਾਂ, ਰਾਸ਼ਟਰੀ



ਹੈਦਰਾਬਾਦ, 2 ਸਤੰਬਰ : ਹੋਣਹਾਰ ਦਲਿਤ ਵਿਦਿਆਰਥਣ ਅਨੀਤਾ ਦੀ ਮੌਤ ਤੋਂ ਬਾਅਦ ਤਮਿਲਨਾਡੂ ਵਿਚ ਨੀਟ ਵਿਰੁਧ ਪ੍ਰਦਰਸ਼ਨ ਦੀ ਅੱਗ ਇਕ ਵਾਰ ਫਿਰ ਭੜਕ ਉੱਠੀ ਹੈ। ਨੀਟ ਦਾਖ਼ਲਾ ਟੈਸਟ ਖ਼ਤਮ ਕਰਨ ਲਈ 14 ਵਿਦਿਆਰਥੀਆਂ ਨੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਦਾ ਐਲਾਨ ਕਰ ਦਿਤਾ ਹੈ।
ਤਮਿਲ ਰਾਸ਼ਟਰਵਾਦੀ ਸੰਗਠਨ ਤੇ ਹੋਰਾਂ ਨੇ ਨੀਟ ਵਿਰੁਧ ਝੰਡਾ ਚੁੱਕ ਲਿਆ ਹੈ। ਵਿਦਿਆਰਥੀ ਸੜਕਾਂ 'ਤੇ ਉਤਰ ਆਏ ਹਨ। ਨੇਤਾਵਾਂ ਅਤੇ ਮੰਤਰੀਆਂ ਦੇ ਪੁਤਲੇ ਫੂਕੇ ਜਾ ਰਹੇ ਹਨ। ਦਖਣੀ ਭਾਰਤੀ ਫ਼ਿਲਮਾਂ ਦੇ ਸੁਪਰਸਟਾਰ ਕਮਲ ਹਾਸਨ ਅਤੇ ਰਜਨੀਕਾਂਤ ਨੇ ਵੀ ਅਨੀਤਾ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਮੁੱਖ ਮੰਤਰੀ ਵਿਰੁਧ ਲੋਕਾਂ ਅੰਦਰ ਗੁੱਸਾ ਹੈ। ਵਿਦਿਆਰਥੀ ਯੂਨੀਅਨਾਂ ਨੇ ਨੀਟ ਦਾਖ਼ਲਾ ਟੈਸਟ ਖ਼ਤਮ ਕਰਨ ਦੀ ਮੰਗ ਕਰਦਿਆਂ ਚੇਨਈ ਵਿਚ ਜ਼ੋਰਦਾਰ ਪ੍ਰਦਰਸ਼ਨ ਕੀਤਾ। ਜ਼ਿਕਰਯੋਗ ਹੈ ਕਿ ਤਾਮਿਲਨਾਡੂ ਦੀ ਦਲਿਤ ਵਿਦਿਆਰਥਣ ਅਨੀਤਾ ਨੇ ਨੀਟ ਵਿਰੁਧ ਲੜਾਈ ਸ਼ੁਰੂ ਕੀਤੀ ਸੀ ਪਰ ਸੁਪਰੀਮ ਕੋਰਟ ਵਿਚ ਅਨੀਨਾ ਨੂੰ ਕਾਮਯਾਬੀ ਨਹੀਂ ਮਿਲੀ ਅਤੇ ਸ਼ੁਕਰਵਾਰ ਨੂੰ ਉਸ ਨੇ ਫਾਂਸੀ ਲਾ ਕੇ ਆਤਮਹਤਿਆ ਕਰ ਲਈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਮੈਡੀਕਲ ਦਾਖ਼ਲੇ ਲਈ ਨੀਟ ਨੂੰ ਹੀ ਇਕੋ ਇਕ ਪੈਮਾਨਾ ਬਣਾ ਦੇਣਾ ਗ਼ਲਤ ਹੈ।
ਵਿਦਿਆਰਥੀਆਂ ਨੂੰ ਛੋਟ ਮਿਲਣੀ ਚਾਹੀਦੀ ਹੈ ਤਾਕਿ ਸਟੇਟ ਬੋਰਡ ਦੇ ਵਿਦਿਆਰਥੀਆਂ ਨੂੰ ਵੀ ਬਿਹਤਰ ਮੌਕੇ ਮਿਲ ਸਕਣ। ਅਨੀਤਾ ਦੇ ਪਿਤਾ ਨੇ ਕਿਹਾ ਕਿ ਉਹ ਦਾਖ਼ਲਾ ਇਮਤਿਹਾਨ ਕਾਰਨ ਚਿੰਤਿਤ ਸੀ। ਫਿਰ ਵੀ ਉਸ ਨੇ ਪੜ੍ਹਾਈ ਵਲ ਧਿਆਨ ਦਿਤਾ। ਉਸ ਦੀ ਮੌਤ ਲਈ ਹੁਣ ਕੌਣ ਜਵਾਬ ਦੇਵੇਗਾ? ਉਧਰ, ਅੱਜ ਭਾਰੀ ਗਿਣਤੀ ਵਿਚ ਸਥਾਨਕ ਲੋਕ ਅਨੀਤਾ ਦੇ ਘਰ ਪਹੁੰਚੇ ਅਤੇ ਸ਼ਰਧਾਂਜਲੀਆਂ ਦਿਤੀਆਂ। ਰਾਜਨੀਤਕ ਪਾਰਟੀਆਂ ਨੇ ਬੰਦ ਦਾ ਸੱਦਾ ਦਿਤਾ ਹੈ।     (ਏਜੰਸੀ)