ਤਾਮਿਲਨਾਡੂ ਦੇ 18 'ਬਾਗ਼ੀ' ਵਿਧਾਇਕਾਂ ਦੀ ਮੈਂਬਰੀ ਗਈ

ਖ਼ਬਰਾਂ, ਰਾਸ਼ਟਰੀ


ਚੇਨਈ, , 18 ਸਤੰਬਰ :  ਤਾਮਿਲਨਾਡੂ ਵਿਧਾਨ ਸਭਾ ਦੇ ਸਪੀਕਰ ਪੀ ਧਨਪਾਲ ਨੇ ਮੁੱਖ ਮੰਤਰੀ ਪੀ ਪਲਾਨੀਸਵਾਮੀ ਅਤੇ ਖੂੰਜੇ ਲਾਏ ਗਏ ਦਿਨਾਕਰਣ ਵਿਚਾਲੇ ਚੱਲ ਰਹੇ ਸੰਘਰਸ਼ ਦਰਮਿਆਨ ਏਆਈਡੀਐਮਕੇ ਦੇ ਬਾਗ਼ੀ 18 ਵਿਧਾਇਕਾਂ ਨੂੰ ਅੱਜ ਦਲ ਬਦਲੀ ਕਾਨੂੰਨ ਤਹਿਤ ਅਯੋਗ ਕਰਾਰ ਦੇ ਦਿਤਾ। ਦਿਨਾਕਰਣ ਨੇ ਕਿਹਾ ਕਿ ਵਿਧਾਇਕਾਂ ਨੂੰ ਅਯੋਗ ਠਹਿਰਾਏ ਜਾਣ ਦੀ ਕਾਰਵਾਈ ਨੂੰ ਅਦਾਲਤ ਵਿਚ ਚੁਨੌਤੀ ਦਿਤੀ ਜਾਵੇਗੀ।

       ਉਧਰ, ਬਾਗ਼ੀ ਵਿਧਾਇਕਾਂ ਨੇ ਇਸ ਫ਼ੈਸਲੇ ਨੂੰ 'ਜਮਹੂਰੀਅਤ ਦੀ ਹਤਿਆ' ਕਰਾਰ ਦਿਤਾ ਹੈ। ਕਾਂਚੀਪੁਰਮ ਜ਼ਿਲ੍ਹੇ ਵਿਚ ਦਿਨਾਕਰਨ ਨੇ ਪੱਤਰਕਾਰਾਂ ਨੂੰ ਕਿਹਾ, 'ਸਾਡੇ ਵਿਧਾਇਕ ਅਦਾਲਤ ਜਾਣਗੇ ਅਤੇ ਅਸੀਂ ਇਨਸਾਫ਼ ਹਾਸਲ ਕਰਾਂਗੇ।' ਪਿਛਲੇ ਮਹੀਨੇ ਪਲਾਨੀਸਵਾਮੀ ਵਿਰੁਧ ਬਗ਼ਾਵਤ ਕਰਨ ਵਾਲੇ 18 ਵਿਧਾਇਕਾਂ ਵਿਰੁਧ ਦਲ ਬਦਲੀ ਵਿਰੋਧੀ ਕਾਨੂੰਨ ਤਹਿਤ ਕਾਰਵਾਈ ਕੀਤੀ ਗਈ ਹੈ। ਬਿਆਨ ਵਿਚ ਕਿਹਾ ਗਿਆ ਹੈ, 'ਸਪੀਕਰ ਦੇ 18 ਸਤੰਬਰ 2018 ਦੇ ਹੁਕਮ ਦੇ ਨਾਲ ਹੀ ਉਨ੍ਹਾਂ ਦੀ ਮੈਂਬਰੀ ਚਲੀ ਗਈ ਹੈ।'  ਦਿਨਾਕਰਨ ਦੇ ਵਫ਼ਾਦਾਰ ਅਤੇ ਪੇਰਾਮਬੂਰ ਦੇ ਵਿਧਾਇਕ ਵੇਤਰੀਵੇਲ ਨੇ ਕਿਹਾ ਕਿ ਉਹ ਸਪੀਕਰ ਦੇ ਫ਼ੈਸਲੇ ਵਿਰੁਧ ਛੇਤ ਹੀ ਅਦਾਲਤ ਜਾਣਗੇ।

ਅਯੋਗ ਠਹਿਰਾਏ ਗਏ 18 ਵਿਧਇਕਾਂ ਅਤੇ ਇਕ ਹੋਰ ਨੇ 22 ਅਗੱਸਤ ਨੂੰ ਤਾਮਿਲਨਾਡੂ ਦੇ ਰਾਜਪਾਲ ਸੀ ਵਿਦਿਆਸਾਗਰ ਨਾਲ ਮੁਲਾਕਾਤ ਕਰ ਕੇ ਕਿਹਾ ਸੀ ਕਿ ਉਹ ਪਲਾਨੀਸਵਾਮੀ ਵਿਚ ਵਿਸ਼ਵਾਸ ਗਵਾ ਚੁਕੇ ਹਨ। ਨਾਰਾਜ਼ ਵਿਧਾਇਕਾਂ ਵਿਚੋਂ ਇਕ ਐਸ ਕੇ ਟੀ ਜਕੀਆਂ ਨੇ ਬਾਅਦ ਵਿਚ ਪਲਾਨੀਸਵਾਮੀ ਦਾ ਸਮਰਥਨ ਕਰਨ ਲਈ ਖ਼ੇਮਾ ਬਦਲ ਲਿਆ ਸੀ। ਵਿਧਾਇਕ ਤਦ ਤੋਂ ਹੀ ਮੁੱਖ ਮੰਤਰੀ ਨੂੰ ਹਟਾਉਣ ਦੀ ਮੰਗ ਕਰ ਰਹੇ ਸਨ।
(ਏਜੰਸੀ)