ਟਰੰਪ ਦੇ ਪਾਕਿਸਤਾਨ ਪ੍ਰਤੀ ਨਰਮ ਪੈਣ 'ਤੇ ਰਾਹੁਲ ਨੇ ਮੋਦੀ ਉਤੇ ਲਾਇਆ ਨਿਸ਼ਾਨਾ : 'ਮੋਦੀ ਜੀ, ਛੇਤੀ ਕਰੋ ਟਰੰਪ ਨੂੰ ਇਕ ਹੋਰ ਜਾਦੂ ਦੀ ਜੱਫੀ ਦੀ ਜ਼ਰੂਰਤ ਹੈ'

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 15 ਅਕਤੂਬਰ: ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਪਾਕਿਸਤਾਨ ਨਾਲ ਰਿਸ਼ਤੇ ਸੁਧਾਰਨ ਬਾਰੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਿਆਨ ਨੂੰ ਲੈ ਕੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਨਿਸ਼ਾਨਾ ਲਾਇਆ। ਉਨ੍ਹਾਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਨੂੰ ਇਕ ਹੋਰ ਜਾਦੂ ਦੀ ਜੱਫੀ ਦੀ ਜ਼ਰੂਰਤ ਹੈ।

ਟਰੰਪ ਨੇ ਕਲ ਕਿਹਾ ਸੀ ਕਿ ਪਿਛਲੇ ਸਾਲਾਂ 'ਚ ਪਾਕਿਸਤਾਨ ਨੇ ਅਮਰੀਕਾ ਦਾ ਕਾਫ਼ੀ ਫ਼ਾਇਦਾ ਚੁਕਿਆ ਹੈ ਪਰ ਦੋਵੇਂ ਦੇਸ਼ ਹੁਣ ਅਸਲੀ ਰਿਸ਼ਤਿਆਂ ਦੀ ਸ਼ੁਰੂਆਤ ਕਰ ਰਹੇ ਹਨ। ਟਰੰਪ ਦੇ ਟਵੀਟ 'ਤੇ ਨਿਸ਼ਾਨਾ ਲਾਉਂਦਿਆਂ ਰਾਹੁਲ ਨੇ ਕਿਹਾ, ''ਮੋਦੀ ਜੀ ਛੇਤੀ ਕਰੋ, ਅਜਿਹਾ ਲਗਦਾ ਹੈ ਕਿ ਟਰੰਪ ਨੂੰ ਇਕ ਹੋਰ ਜਾਦੂ ਦੀ ਜੱਫੀ ਦੀ ਜ਼ਰੂਰਤ ਹੈ।''

ਕਾਂਗਰਸ ਆਗੂ ਦਾ ਇਹ ਬਿਆਨ ਟਰੰਪ ਅਤੇ ਮੋਦੀ ਵਿਚਕਾਰ ਦਿਸਣ ਵਾਲੀ ਮਿਲਨਸਾਰਤਾ ਬਾਬਤ ਆਇਆ ਹੈ। ਦੋਹਾਂ ਆਗੂਆਂ ਨੇ ਪ੍ਰਧਾਨ ਮੰਤਰੀ ਦੀ ਪਿਛਲੀ ਅਮਰੀਕਾ ਯਾਤਰਾ ਦੌਰਾਨ ਕਈ ਵਾਰੀ ਇਕ-ਦੂਜੇ ਨੂੰ ਗਲ ਲਾਇਆ ਸੀ।

ਟਰੰਪ ਨੇ ਕਲ ਇਕ ਟਵੀਟ 'ਚ ਕਿਹਾ ਸੀ, ''ਪਾਕਿਸਤਾਨ ਅਤੇ ਉਸ ਦੇ ਆਗੂਆਂ ਨਾਲ ਕਾਫ਼ੀ ਬਿਹਤਰ ਰਿਸ਼ਤੇ ਦੇ ਵਿਕਾਸ ਦੀ ਸ਼ੁਰੂਆਤ। ਮੈਂ ਕਈ ਮੋਰਚਿਆਂ 'ਤੇ ਉਨ੍ਹਾਂ ਦੇ ਸਹਿਯੋਗ ਲਈ ਉਨ੍ਹਾਂ ਨੂੰ ਧਨਵਾਦ ਕਹਿਣਾ ਚਾਹੁੰਦਾ ਹਾਂ।'' ਟਰੰਪ ਦੀ ਟਿਪਣੀ ਪਾਕਿਸਤਾਨੀ ਫ਼ੌਜ ਵਲੋਂ ਹੱਕਾਨੀ ਅਤਿਵਾਦੀ ਜਥੇਬੰਦੀ ਤੋਂ ਇਕ ਅਮਰੀਕਾ-ਕੈਨੇਡੀਆਈ ਪ੍ਰਵਾਰ ਨੂੰ ਬਚਾਉਣ ਤੋਂ ਇਕ ਦਿਨ ਬਾਅਦ ਆਈ ਸੀ। (ਪੀਟੀਆਈ)