ਥੋਕ ਮੁੱਲ ਆਧਾਰਤ ਮਹਿੰਗਾਈ ਦਰ 'ਚ ਭਾਰੀ ਵਾਧਾ

ਖ਼ਬਰਾਂ, ਰਾਸ਼ਟਰੀ



ਨਵੀਂ ਦਿੱਲੀ, 14 ਸਤੰਬਰ: ਪਿਆਜ ਸਮੇਤ ਸਬਜ਼ੀਆਂ ਅਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ 'ਚ ਵਾਧੇ ਕਰ ਕੇ ਅਗੱਸਤ ਮਹੀਨੇ 'ਚ ਥੋਕ ਮੁੱਲ ਆਧਾਰਤ ਮਹਿੰਗਾਈ ਦਰ ਵੱਧ ਕੇ ਚਾਰ ਮਹੀਨਿਆਂ ਦੇ ਸੱਭ ਤੋਂ ਉਪਰਲੇ ਪੱਧਰ 3.24 ਫ਼ੀ ਸਦੀ ਉਤੇ ਪਹੁੰਚ ਗਈ।

ਥੋਕ ਮੁੱਲ ਆਧਾਰਤ ਮਹਿੰਗਾਈ ਦਰ ਜੁਲਾਈ 2017 'ਚ 1.88 ਫ਼ੀ ਸਦੀ ਅਤੇ ਅਗੱਸਤ 2016 'ਚ 1.09 ਫ਼ੀ ਸਦੀ ਸੀ। ਇਸ ਤੋਂ ਪਹਿਲਾਂ ਅਪ੍ਰੈਲ 'ਚ ਇਸ 'ਚ ਤੇਜ਼ੀ ਵੇਖਣ ਨੂੰ ਮਿਲੀ ਸੀ ਜਦੋਂ ਇਹ 3.85 ਫ਼ੀ ਸਦੀ ਸੀ। ਸਰਕਾਰ ਵਲੋਂ ਅੱਜ ਜਾਰੀ ਅੰਕੜਿਆਂ ਅਨੁਸਾਰ ਅਗੱਸਤ ਮਹੀਨੇ 'ਚ ਖਾਧ ਪਦਾਰਥਾਂ ਦੀਆਂ ਕੀਮਤਾਂ ਸਾਲਾਨਾ ਆਧਾਰ 'ਤੇ 5.75 ਫ਼ੀ ਸਦੀ ਵਧੀਆਂ ਜੋ ਕਿ ਜੁਲਾਈ 'ਚ 2.15 ਫ਼ੀ ਸਦੀ ਸਨ। ਸਬਜ਼ੀਆਂ ਦੀਆਂ ਕੀਮਤਾਂ 44.91 ਫ਼ੀ ਸਦੀ ਵਧੀਆਂ। ਜਦਕਿ ਜੁਲਾਈ 'ਚ ਇਹ ਦਰ 21.95 ਫ਼ੀ ਸਦੀ ਸੀ। ਇਸ ਦੌਰਾਨ ਪਿਆਜ਼ ਦੀ ਕੀਮਤ 88.46 ਫ਼ੀ ਸਦੀ ਵਧੀ। ਜਦਕਿ ਪਿਛਲੇ ਮਹੀਨੇ 'ਚ ਇਸ 'ਚ 9.50 ਫ਼ੀ ਸਦੀ ਦੀ ਕਮੀ ਆਈ ਸੀ।

ਨਿਰਮਾਣ ਉਤਪਾਦਾਂ ਦੀ ਮਹਿੰਗਾਈ ਦਰ ਅਗੱਸਤ 'ਚ 2.45 ਫ਼ੀ ਸਦੀ ਵਧੀ। ਬਾਲਣ ਅਤੇ ਬਿਜਲੀ ਖੇਤਰ ਦੀ ਮਹਿੰਗਾਈ ਦਰ ਇਸ ਦੌਰਾਨ 9.99 ਫ਼ੀ ਸਦੀ ਹੋ ਗਈ। ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧੇ ਕਰ ਕੇ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਉਛਾਲ ਕਰ ਕੇ ਬਾਲਣ ਮਹਿੰਗਾਈ ਦਰ ਵਧ ਰਹੀ ਹੈ। ਘਰੇਲੂ ਉਤਪਾਦਨ ਘੱਟ ਰਹਿਣ ਕਰ ਕੇ ਬਿਜਲੀ ਦੀ ਕੀਮਤ 'ਚ ਵਾਧਾ ਹੋਇਆ। ਸਬਜ਼ੀਆਂ ਤੋਂ ਇਲਾਵਾ ਦਾਲ, ਫੱਲ (7.35 ਫ਼ੀ ਸਦੀ), ਅੰਡਾ, ਮੀਟ ਅਤੇ ਮੱਛੀ (3.93 ਫ਼ੀ ਸਦੀ), ਅਨਾਜ 0.21 ਫ਼ੀ ਸਦੀ ਅਤੇ ਚੌਲ ਦੀ ਕੀਮਤ 2.70 ਫ਼ੀ ਸਦੀ ਵਧੀ।                (ਪੀਟੀਆਈ)