ਥੋੜ੍ਹੇ ਸਮੇਂ ਦੇ ਨੋਟਿਸ 'ਤੇ ਵੀ ਜੰਗ ਲਈ ਤਿਆਰ ਹੈ ਹਵਾਈ ਫ਼ੌਜ : ਧਨੋਆ

ਖ਼ਬਰਾਂ, ਰਾਸ਼ਟਰੀ

ਹਿੰਡਨ (ਉੱਤਰ ਪ੍ਰਦੇਸ਼), 8 ਅਕਤੂਬਰ: ਹਵਾਈ ਫ਼ੌਜ ਦੇ ਮੁਖੀ ਏਅਰ ਚੀਫ਼ ਮਾਰਸ਼ਲ ਬੀ.ਐਸ. ਧਨੋਆ ਨੇ ਅੱਜ ਕਿਹਾ ਕਿ ਭਾਰਤੀ ਹਵਾਈ ਫ਼ੌਜ ਸੰਖੇਪ ਨੋਟਿਸ 'ਤੇ ਵੀ ਜੰਗ ਲੜਨ ਅਤੇ ਦੇਸ਼ 'ਚ ਕਿਸੇ ਵੀ ਸੁਰੱਖਿਆ ਚੁਨੌਤੀ ਦਾ ਜਵਾਬ ਮੂੰਹਤੋੜ ਤਰੀਕੇ ਨਾਲ ਦੇਣ ਲਈ ਤਿਆਰ ਹੈ। ਹਵਾਈ ਫ਼ੌਜ ਦਿਵਸ ਮੌਕੇ ਹਵਾਈ ਫ਼ੌਜ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਧਨੋਆ ਨੇ ਇਹ ਵੀ ਕਿਹਾ ਕਿ ਖੇਤਰ 'ਚ ਮੌਜੂਦਾ ਭੂ-ਸਿਆਸੀ ਮਾਹੌਲ 'ਚ ਅਨਿਸ਼ਚਿਤਤਾ ਨੂੰ ਵੇਖਦਿਆਂ ਹਵਾਈ ਫ਼ੌਜ ਨੂੰ ਸੰਖੇਪ ਅਤੇ ਤੇਜ਼ ਜੰਗ ਲੜਨੀ ਪੈ ਸਕਦੀ ਹੈ।

ਇਹ ਬਿਆਨ ਅਜਿਹੇ ਸਮੇਂ ਆਏ ਹਨ ਜਦੋਂ ਚੀਨ ਡੋਕਲਾਮ ਪਠਾਰ ਖੇਤਰ 'ਚ ਅਪਣੀ ਤਾਕਤ ਦਾ ਪ੍ਰਦਰਸਨ ਕਰ ਰਿਹਾ ਹੈ ਅਤੇ ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਸਰਹੱਦ ਪਾਰ ਤੋਂ ਅਤਿਵਾਦੀ ਗਤੀਵਿਧੀਆਂ ਜਾਰੀ ਹਨ। ਹਵਾਈ ਫ਼ੌਜ ਮੁਖੀ ਨੇ ਜ਼ਮੀਨੀ ਫ਼ੌਜ ਮੁਖੀ ਜਨਰਲ ਵਿਪਿਨ ਰਾਵਤ ਅਤੇ ਹਵਾਈ ਫ਼ੌਜ ਦੇ ਸਿਖਰਲੇ ਅਧਿਕਾਰੀਆਂ ਦੀ ਮੌਜੂਦਗੀ 'ਚ ਕਿਹਾ, ''ਮੈਂ ਅਪਣੇ ਦੇਸ਼ਵਾਸੀਆਂ ਨੂੰ ਭਰੋਸਾ ਦਿੰਦਾ ਹਾਂ ਕਿ ਮੇਰੀ ਕਮਾਨ ਦੇ ਮਰਦ ਅਤੇ ਔਰਤਾਂ ਕਿਸੇ ਵੀ ਸੰਕਟ ਨਾਲ ਨਜਿੱਠਣ ਦਾ ਹੌਸਲਾ ਰਖਦੇ ਹਨ ਅਤੇ ਪੂਰੀ ਤਰ੍ਹਾਂ ਹਵਾਈ ਆਵਾਜਾਈ ਲਈ ਅਤੇ ਹੋਰ ਕਿਸੇ ਵੀ ਚੁਨੌਤੀ ਦਾ ਮੂੰਹਤੋੜ ਜਵਾਬ ਦੇਣ ਲਈ ਤਿਆਰ ਹਨ।'' ਹਵਾਈ ਫ਼ੌਜ ਦਿਵਸ ਮੌਕੇ ਜੈੱਟ ਜਹਾਜ਼ਾਂ ਅਤੇ ਹੈਲੀਕਾਪਟਰਾਂ ਨੇ ਰੋਮਾਂਚਕ ਉਡਾਨ ਭਰੀ ਅਤੇ ਹਵਾਈ ਫ਼ੌਜ ਦੀ ਸਮਰਥਾ ਦਾ ਪ੍ਰਦਰਸ਼ਨ ਕੀਤਾ।

ਧਨੋਆ ਨੇ ਹਵਾਈ ਫ਼ੌਜ ਦੇ ਕੁੱਝ ਜਵਾਨਾਂ ਨੂੰ ਹਵਾਈ ਫ਼ੌਜ ਤਮਗੇ ਨਾਲ ਵੀ ਸਨਮਾਨਤ ਕੀਤਾ।  ਅਪਣੇ ਭਾਸ਼ਣ 'ਚ ਉਨ੍ਹਾਂ ਸ਼ੁਕਰਵਾਰ ਨੂੰ ਤਵਾਂਗ 'ਚ ਐਮ.ਆਈ.-17 ਹੈਲੀਕਾਪਟਰ ਦੇ ਹਾਦਸੇ ਦਾ ਵੀ ਜ਼ਿਕਰ ਕੀਤਾ ਜਿਸ 'ਚ ਸੱਤ ਫ਼ੌਜੀ ਮਾਰੇ ਗਏ ਸਨ। ਉਨ੍ਹਾਂ ਕਿਹਾ ਕਿ ਐਮ.ਆਈ.-17 ਹੈਲੀਕਾਪਟਰ ਦੀ ਪੂੰਛ ਦੀ ਮੋਟਰ ਲੱਥਣ ਕਰ ਕੇ ਹੈਲੀਕਾਪਟਰ ਹਾਦਸਾਗ੍ਰਸਤ ਹੋਇਆ।

ਦੇਸ਼ ਦੇ ਸਾਹਮਣੇ ਮੌਜੂਦ ਸੰਭਾਵਤ ਸੁਰੱਖਿਆ ਚੁਨੌਤੀ ਸਮੇਤ ਕਈ ਮੁੱਦਿਆਂ 'ਤੇ ਚਰਚਾ ਕੀਤੀ ਅਤੇ ਕਿਹਾ ਕਿ ਹਵਾਈ ਫ਼ੌਜ ਦਾ ਅਗਲੇ ਕੁੱਝ ਸਾਲਾਂ 'ਚ ਇਕ ਤਕਨੀਕੀ ਰੂਪ 'ਚ ਸਮਰੱਥ ਫੋਰਸ ਬਣਾਉਣ 'ਤੇ ਜ਼ੋਰ ਹੈ। ਉਨ੍ਹਾਂ
ਰਾਸ਼ਟਰਪਤੀ ਰਾਮਨਾਥ ਕੋਵਿੰਦ, ਉਪਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹੋਰ ਲੋਕਾਂ ਨੇ ਅੱਜ 85ਵੇਂ ਹਵਾਈ ਫ਼ੌਜ ਦਿਵਸ ਮੌਕੇ ਹਿੰਮਤੀ ਹਵਾਈ ਫ਼ੌਜੀਆਂ ਅਤੇ ਉਨ੍ਹਾਂ ਦੇ ਪ੍ਰਵਾਰਾਂ ਨੂੰ ਸ਼ੁੱਭਕਾਮਨਾਵਾਂ ਦਿਤੀਆਂ। (ਪੀਟੀਆਈ)