ਹੁਣ ਦਵਾਰਕਾ ਦਾਸ ਸੇਠ ਇੰਟਰਨੈਸ਼ਨਲ ਦਾ ਮਾਲਕ ਸਭਿਆ ਸੇਠ ਓ.ਬੀ.ਸੀ. ਬੈਂਕ ਨਾਲ 389 ਕਰੋੜ ਰੁਪਏ ਦਾ ਘਪਲਾ ਕਰ ਕੇ ਵਿਦੇਸ਼ ਭਜਿਆ
ਨਵੀਂ ਦਿੱਲੀ, 24 ਫ਼ਰਵਰੀ: ਇਸ ਹਫ਼ਤੇ ਸਾਹਮਣੇ ਆਏ ਤਿੰਨ ਨਵੇਂ ਵਿੱਤੀ ਧੋਖਾਧੜੀ ਦੇ ਮਾਮਲਿਆਂ 'ਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਇਕ ਸੁਨਿਆਰੇ, ਇਕ ਵਪਾਰੀ ਅਤੇ ਇਕ ਲੋਕਸੇਵਕ ਵਿਰੁਧ ਮਾਮਲੇ ਦਰਜ ਕੀਤੇ ਹਨ। ਸੱਭ ਤੋਂ ਤਾਜ਼ਾ ਮਾਮਲੇ 'ਚ ਸੀ.ਬੀ.ਆਈ. ਨੇ ਵੀਰਵਾਰ ਨੂੰ ਦਿੱਲੀ ਦੇ ਇਕ ਹੀਰਾ ਵਪਾਰੀ ਦਵਾਰਕਾ ਦਾਸ ਸੇਠ ਇੰਟਰਨੈਸ਼ਨਲ ਵਿਰੁਧ ਓਰੀਐਂਟਲ ਬੈਂਕ ਆਫ਼ ਕਾਮਰਸ ਤੋਂ 389.85 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈਪੀ.ਐਨ.ਬੀ. ਅਤੇ ਬੈਂਕ ਆਫ਼ ਬੜੌਦਾ ਵਲੋਂ ਨੀਰਵ ਮੋਦੀ ਅਤੇ ਰੋਟੋਮੈਕ ਗਲੋਬਲ ਵਿਰੁਧ ਕੇਸ ਦਰਜ ਕੀਤੇ ਜਾਣ ਮਗਰੋਂ ਹੁਣ ਓਰੀਐਂਟਲ ਬੈਂਕ ਆਫ਼ ਕਾਮਰਸ, ਬੈਂਕ ਆਫ਼ ਮਹਾਰਾਸ਼ਟਰ ਅਤੇ ਪੀ.ਐਨ.ਬੀ. ਦਾ ਬਾੜਮੇਰ ਦਫ਼ਤਰ ਵੀ ਸੀ.ਬੀ.ਆਈ. ਕੋਲ ਘਪਲੇ ਦੀਆਂ ਸ਼ਿਕਾਇਤਾਂ ਲੈ ਕੇ ਪੁੱਜ ਗਿਆ ਜਿਸ ਮਗਰੋਂ ਜਾਂਚ ਏਜੰਸੀ ਨੇ ਧੋਖਾਧੜੀ ਦੇ ਤਿੰਨ ਵੱਖੋ-ਵੱਖ ਮਾਮਲੇ ਦਰਜ ਕੀਤੇ ਹਨ। ਓਰੀਐਂਟਲ ਬੈਂਕ ਆਫ਼ ਕਾਮਰਸ ਨੇ ਕਿਹਾ ਹੈ ਕਿ ਦਿੱਲੀ ਦੇ ਸੁਨਿਆਰੇ ਦਵਾਰਕਾ ਦਾਸ ਸੇਠ ਇੰਟਰਨੈਸ਼ਨਲ ਅਤੇ ਇਸ ਦੇ ਮਾਲਕ ਸਭਿਆ ਸੇਠ ਨੇ ਬੈਂਕ ਨਾਲ ਧੋਖਾਧੜੀ ਕੀਤੀ ਹੈ। ਉਸ ਵਲੋਂ ਪ੍ਰਾਪਤ ਕੀਤਾ ਕਰਜ਼ਾ 2014 'ਚ ਡੁਬਿਆ ਕਰਜ਼ਾ ਬਣ ਗਿਆ ਸੀ ਪਰ ਬੈਂਕ ਪਿਛਲੇ ਸਾਲ 16 ਅਗੱਸਤ ਨੂੰ ਸੀ.ਬੀ.ਆਈ. ਕੋਲ ਪਹੁੰਚਿਆ ਸੀ, ਜਦੋਂ ਕੰਪਨੀ ਬੰਦ ਹੋ ਗਈ ਸੀ ਅਤੇ ਸੇਠ ਦੇਸ਼ ਛੱਡ ਕੇ ਭੱਜ ਗਿਆ ਸੀ।
ਬੈਂਕ ਨੇ ਕਿਹਾ ਕਿ ਸੇਠ ਨੇ ਐਟਲ ਆਫ਼ ਕਰੈਡਿਟ (ਐਨ.ਓ.ਯੂ.) ਅਤੇ ਅਜਿਹੇ ਦਸਤਾਵੇਜ਼ਾਂ ਰਾਹੀਂ ਸੋਨੇ ਦੇ ਆਯਾਤ ਅਤੇ ਨਿਰਯਾਤ ਲਈ 2007 ਤੋਂ 2012 ਵਿਚਕਾਰ ਕਰਜ਼ਾ ਪ੍ਰਾਪਤ ਕੀਤਾ ਸੀ ਪਰ ਉਸ ਨੂੰ ਕਦੀ ਅਦਾ ਨਹੀਂ ਕੀਤਾ।ਹਾਲਾਂਕਿ ਸੀ.ਬੀ.ਆਈ. ਨੇ ਛੇ ਮਹੀਨਿਆਂ ਤਕ ਇਸ ਕੇਸ ਬਾਰੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਕੁੱਝ ਦਿਨ ਪਹਿਲਾਂ ਸਾਢੇ ਗਿਆਰਾਂ ਹਜ਼ਾਰ ਕਰੋੜ ਰੁਪਏ ਦੇ ਪੀ.ਐਨ.ਬੀ. ਘਪਲੇ ਦੇ ਉਜਾਗਰ ਹੋਣ ਮਗਰੋਂ ਹੀ ਇਸ ਬਾਰੇ ਕੰਪਨੀ, ਮਾਲਕ ਸਭਿਆ ਸੇਠ ਅਤੇ ਇਸ ਦੇ ਸਾਰੇ ਡਾਇਰੈਕਟਰਜ਼ ਵਿਰੁਧ ਕੇਸ ਦਰਜ ਕੀਤਾ। ਦੂਜੇ ਪਾਸੇ ਬੁਧਵਾਰ ਨੂੰ ਵੀ ਜਾਂਚ ਏਜੰਸੀ ਨੇ ਬੈਂਕ ਆਫ਼ ਮਹਾਰਾਸ਼ਟਰ ਦੀ ਸ਼ਿਕਾਇਤ 'ਤੇ ਗ਼ਲਤ ਦਸਤਾਵੇਜ਼ ਬਣਾ ਕੇ ਕਰਜ਼ਾ ਹਾਸਲ ਕਰਨ ਲਈ ਵਪਾਰੀ ਅਮਿਤ ਸਿੰਗਲਾ ਵਿਰੁਧ ਮਾਮਲਾ ਦਰਜ ਕੀਤਾ ਸੀ। ਇਸ ਦੇ ਨਾਲ ਹੀ ਸੀ.ਬੀ.ਆਈ. ਨੇ ਪੰਜਾਬ ਨੈਸ਼ਨਲ ਬੈਂਕ ਦੇ ਤਤਕਾਲੀ ਸੀਨੀਅਰ ਬ੍ਰਾਂਚ ਮੈਨੇਜਰ ਇੰਦਰ ਚੰਦਦ ਚੁੰਦਾਵਤ ਵਿਰੁਧ ਅਹੁਦੇ ਦਾ ਦੁਰਉਪਯੋਗ ਕਰਨ ਦਾ ਮਾਮਲਾ ਦਰਜ ਕੀਤਾ ਹੈ। (ਏਜੰਸੀਆਂ)