ਵਾਰਾਣਸੀ/ਲਖਨਊ,
25 ਸਤੰਬਰ: ਉੱਤਰ ਪ੍ਰਦੇਸ਼ ਸਰਕਾਰ ਨੇ ਕਥਿਤ ਛੇੜਛਾੜ ਦੇ ਮਾਮਲੇ ਨੂੰ ਲੈ ਕੇ ਵਿਰੋਧ
ਪ੍ਰਦਰਸ਼ਨ ਦੌਰਾਨ ਬਨਾਰਸ ਹਿੰਦੂ ਯੂਨੀਵਰਸਟੀ 'ਚ ਵਿਦਿਆਰਥੀਆਂ ਉਤੇ ਲਾਠੀਚਾਰਜ ਕੀਤੇ ਜਾਣ
ਬਾਬਤ ਤਿੰਨ ਵਧੀਕ ਸਿਟੀ ਮੈਜਿਸਟ੍ਰੇਟ ਅਤੇ ਦੋ ਪੁਲਿਸ ਮੁਲਾਜ਼ਮਾਂ ਨੂੰ ਅੱਜ ਹਟਾ ਦਿਤਾ।
ਘਟਨਾ ਦੇ ਸਿਲਸਿਲੇ 'ਚ ਉੱਪ ਪੱਧਰੀ ਜਾਂਚ ਦੇ ਹੁਕਮ ਦਿਤੇ ਗਏ ਹਨ।
ਵਿਰੋਧੀ ਪਾਰਟੀਆਂ
ਨੇ ਜਿਥੇ ਕੈਂਪਸ 'ਚ ਪੁਲਿਸ ਕਾਰਵਾਈ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਉਤੇ
ਨਿਸ਼ਾਨਾ ਲਾਇਆ ਉਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਇਸ
ਮਾਮਲੇ 'ਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਗੱਲ ਕੀਤੀ ਅਤੇ ਛੇਤੀ
ਤੋਂ ਛੇਤੀ ਇਸ ਮੁੱਦੇ ਦਾ ਹੱਲ ਕੱਢਣ ਨੂੰ ਕਿਹਾ।
ਸਨਿਚਰਵਾਰ ਰਾਤ ਨੂੰ ਹੋਏ ਲਾਠੀਚਾਰਜ ਦੇ ਸਿਲਸਿਲੇ 'ਚ ਅਣਪਛਾਤੇ ਪੁਲਿਸ ਮੁਲਾਜ਼ਮਾਂ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ। ਇਸ ਘਟਨਾ 'ਚ ਕਈ ਵਿਦਿਆਰਥੀਆਂ ਤੋਂ ਇਲਾਵਾ ਘੱਟ ਤੋਂ ਘੱਟ ਦੋ ਪੱਤਰਕਾਰ ਵੀ ਜ਼ਖ਼ਮੀ ਹੋ ਗਏ ਸਨ। ਪੁਲਿਸ ਨੇ ਕਿਹਾ ਕਿ ਯੂਨੀਵਰਸਟੀ 'ਚ ਹਿੰਸਾ ਦੇ ਸਿਲਸਿਲੇ 'ਚ 1000 ਵਿਦਿਆਰਥੀਆਂ ਵਿਰੁਧ ਐਫ਼.ਆਈ.ਆਰ. ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਭੇਲੁਪੁਰ ਦੇ ਖੇਤਰ ਅਧਿਕਾਰੀ ਨਿਵੇਸ਼ ਕਟਿਆਰ ਨੂੰ ਹਟਾ ਕੇ ਉਸ ਦੀ ਥਾਂ 'ਤੇ ਕੋਤਵਾਲੀ ਖੇਤਰ ਅਧਿਕਾਰੀ ਅਯੋਧਿਆ ਪ੍ਰਸਾਦ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ। ਲੰਕਾ ਥਾਣਾ ਇੰਚਾਰਜ ਰਾਜੀਵ ਸਿੰਘ ਨੂੰ ਹਟਾ ਕੇ ਪੁਲਿਸ ਲਾਈਨਜ਼ 'ਚ ਭੇਜ ਦਿਤਾ ਗਿਆ ਹੈ ਅਤੇ ਉਸ ਦੀ ਥਾਂ ਤੇ ਜੈਤਪੁਰਾ ਥਾਣੇ ਦੇ ਇੰਚਾਰਜ ਸੰਜੀਵ ਮਿਸ਼ਰਾ ਨੂੰ ਨਿਯੁਕਤ ਕੀਤਾ ਗਿਆ ਹੈ।
ਕਥਿਤ ਛੇੜਖਾਨੀ ਦੀ ਇਕ ਘਟਨਾ ਵਿਰੁਧ ਬਨਾਰਸ ਹਿੰਦੂ ਯੂਨੀਵਰਸਟੀ 'ਚ ਸਨਿਚਰਵਾਰ ਰਾਤ ਨੂੰ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਨੇ ਹਿੰਸਕ ਰੂਪ ਲੈ ਲਿਆ ਸੀ। ਹਿੰਸਾ ਉਦੋਂ ਸ਼ੁਰੂ ਹੋਈ ਸੀ ਜਦੋਂ ਸਨਿਚਰਵਾਰ ਨੂੰ ਹੋਈ ਕਥਿਤ ਛੇੜਖਾਨੀ ਦਾ ਵਿਰੋਧ ਕਰ ਰਹੇ ਕੁੱਝ ਵਿਦਿਆਰਥੀ ਯੂਨੀਵਰਸਟੀ ਦੇ ਕੁਲਪਤੀ ਨਾਲ ਮਿਲਣਾ ਚਾਹੁੰਦੇ ਸਨ। ਸੁਰੱਖਿਆ ਗਾਰਡਾਂ ਨੇ ਉਨ੍ਹਾਂ ਨੂੰ ਰੋਕਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਹਿੰਸਾ ਸ਼ੁਰੂ ਹੋ ਗਈ। ਹਾਲਾਤ ਕਾਬੂ ਕਰਨ ਲਈ ਪੁਲਿਸ ਨੇ ਲਾਠੀਚਾਰਜ ਸ਼ੁਰੂ ਕਰ ਦਿਤਾ।
ਰਾਜਪਾਲ ਰਾਮ ਨਾਇਕ ਨੇ ਕਿਹਾ ਕਿ ਮੁੱਖ ਸਕੱਤਰ ਦੀ ਅਗਵਾਈ 'ਚ ਇਕ
ਕਮੇਟੀ ਬਣਾਈ ਗਈ ਹੈ ਜਿਸ ਦੀ ਰੀਪੋਰਟ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ
ਘਟਨਾ ਉਦੇ ਦੁਖ ਪ੍ਰਗਟਾਇਆ।
ਹਿੰਸਾ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਵਾਰਾਣਸੀ ਦੇ ਸਾਰੇ ਕਾਲਜਾਂ ਅਤੇ ਯੂਨੀਵਰਸਟੀਆਂ 'ਚ 2 ਅਕਤੂਬਰ ਤਕ ਛੁੱਟੀਆਂ ਦਾ ਐਲਾਨ ਕਰ ਦਿਤਾ ਹੈ।
ਦੂਜੇ
ਪਾਸੇ ਅਲੀਗੜ੍ਹ ਮੁਸਲਿਮ ਯੂਨੀਵਰਸਟੀ ਦੇ ਵਿਦਿਆਰਥੀਆਂ ਅਤੇ ਦਿੱਲੀ 'ਚ ਵਿਦਿਆਰਥੀ
ਜਥੇਬੰਦੀਆਂ ਐਨ.ਐਸ.ਯੂ.ਆਈ. ਅਤੇ ਏ.ਬੀ.ਵੀ.ਪੀ. ਨੇ ਇਸ ਘਟਨਾ ਦੇ ਵਿਰੋਧ 'ਚ ਪ੍ਰਦਰਸ਼ਨ
ਕੀਤਾ ਅਤੇ ਪੁਲਿਸ ਦੀ ਕਾਰਵਾਈ ਦੀ ਨਿੰਦਾ ਕੀਤੀ। (ਪੀਟੀਆਈ)