ਤਿੰਨ ਤਲਾਕ: ਵਿਰੋਧੀ ਪਾਰਟੀਆਂ ਨੇ ਮੋਦੀ ਸਰਕਾਰ ਨੂੰ ਘੇਰਿਆ

ਖ਼ਬਰਾਂ, ਰਾਸ਼ਟਰੀ

ਲਖਨਊ, 5 ਜਨਵਰੀ : ਬਸਪਾ ਮੁਖੀ ਮਾਇਆਵਤੀ ਨੇ ਮੁਸਲਿਮ ਔਰਤਾਂ ਨਾਲ ਸਬੰਧਤ ਤਿੰਨ ਤਲਾਕ ਬਿਲ ਵਿਚ ਕਈ ਗੰਭੀਰ ਖ਼ਾਮੀਆਂ ਹੋਣ ਦਾ ਦਾਅਵਾ ਕਰਦਿਆਂ ਅੱਜ ਕਿਹਾ ਕਿ ਜੇ ਇਹ ਬਿਲ ਮੌਜੂਦਾ ਰੂਪ ਵਿਚ ਪਾਸ ਹੋ ਕੇ ਕਾਨੂੰਨ ਬਣ ਜਾਂਦਾ ਹੈ ਤਾਂ ਇਸ ਨਾਲ ਮੁਸਲਿਮ ਔਰਤਾਂ ਦੋਹਰੇ ਅਤਿਆਚਾਰ ਦਾ ਸ਼ਿਕਾਰ ਬਣਨਗੀਆਂ।
ਮਾਇਆਵਤੀ ਨੇ ਵੀ ਬਿਆਨ ਜਾਰੀ ਕਰ ਕੇ ਕਿਹਾ, 'ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੇ ਅੜੀਅਲ ਰਵਈਏ ਕਾਰਨ ਜੇ ਇਹ ਬਿਲ, ਕਾਨੂੰਨ ਬਣ ਜਾਂਦਾ ਹੈ ਤਾਂ ਮੁਸਲਿਮ ਔਰਤਾਂ ਦੋਹਰੇ ਅਤਿਆਚਾਰ ਦਾ ਸ਼ਿਕਾਰ ਬਣਨਗੀਆਂ।' ਮਾਇਆਵਤੀ ਨੇ ਕਿਹਾ ਕਿ ਤਿੰਨ ਤਲਾਕ 'ਤੇ ਪਾਬੰਦੀ ਨਾਲ ਸਬੰਧਤ ਕਾਨੂੰਨ ਬਣਾਉਣ ਪ੍ਰਤੀ ਬਸਪਾ 

ਸਹਿਮਤ ਹੈ ਪਰ ਬਿਲ ਵਿਚ ਸਜ਼ਾ ਆਦਿ ਦਾ ਜੋ ਪ੍ਰਾਵਧਾਨ ਕੀਤਾ ਗਿਆ ਹੈ, ਉਹ ਤਲਾਕਸ਼ੁਦਾ ਮੁਸਲਿਮ ਔਰਤਾਂ ਲਈ ਹੋਰ ਵੀ ਜ਼ਿਆਦਾ ਬੁਰਾ ਹੋ ਕੇ ਉਨ੍ਹਾਂ ਲਈ ਮੁਸ਼ਕਲਾਂ ਪੈਦਾ ਕਰੇਗਾ ਜਿਸ ਨਾਲ ਉਨ੍ਹਾਂ ਦਾ ਜੀਵਨ ਕਾਫ਼ੀ ਜ਼ਿਆਦਾ ਮੁਸ਼ਕਲ ਹੋ ਜਾਵੇਗਾ ਤੇ ਉਹ ਸੋਸ਼ਣ ਦੀਆਂ ਸ਼ਿਕਾਰ ਬਣਨਗੀਆਂ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਇਸ ਤਰ੍ਹਾਂ ਦੀਆਂ ਕਮੀਆਂ ਬਾਰੇ ਖੁਲ੍ਹੇ ਮਨ ਨਾਲ ਵਿਚਾਰ ਕਰਨਾ ਚਾਹੀਦਾ ਹੈ ਜਿਸ ਦੇ ਸਬੰਧ ਵਿਚ ਬਿਹਤਰ ਵਿਚਾਰ ਚਰਚਾ ਲਈ ਇਸ ਨੂੰ ਰਾਜ ਸਭਾ ਦੀ ਸਲੈਕਟ ਕਮੇਟੀ ਕੋਲ ਭੇਜਣ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦਰਅਸਲ ਮੋਦੀ ਸਰਕਾਰ ਨੂੰ ਜ਼ਿੱਦ ਕਰਨ ਦੀ ਆਦਤ ਪੈ ਗਈ ਹੈ। ਅਜਿਹਾ ਲਗਦਾ ਹੈ ਕਿ ਮੋਦੀ ਸਰਕਾਰ ਅਪਣੀਆਂ ਮੁਸਲਿਮ-ਵਿਰੋਧੀ ਨੀਤੀਆਂ ਕਾਰਨ ਪੂਰੇ ਸਮਾਜ ਨੂੰ ਭਗਵੇਂ ਰੰਗ ਵਿਚ ਰੰਗਣਾ ਚਾਹੁੰਦੀ ਹੈ।  (ਏਜੰਸੀ)