ਤ੍ਰਿਪੁਰਾ ਵਿਚ ਭਾਜਪਾ ਕਾਰਕੁਨਾਂ ਨੇ ਲੈਨਿਨ ਦੇ ਦੋ ਬੁੱਤ ਤੋੜੇ

ਖ਼ਬਰਾਂ, ਰਾਸ਼ਟਰੀ

ਕਾਮਰੇਡ ਹੋਏ 'ਲਾਲ', ਵਿਰੋਧ ਪ੍ਰਦਰਸ਼ਨਾਂ ਦਾ ਐਲਾਨ

ਕਾਮਰੇਡ ਹੋਏ 'ਲਾਲ', ਵਿਰੋਧ ਪ੍ਰਦਰਸ਼ਨਾਂ ਦਾ ਐਲਾਨ
ਅਗਰਤਲਾ, 6 ਮਾਰਚ : ਦਖਣੀ ਤ੍ਰਿਪੁਰਾ ਦੇ ਬੇਲੋਲੀਆ ਜ਼ਿਲ੍ਹੇ ਵਿਚ ਉਘੇ ਕਮਿਊਨਿਸਟ ਆਗੂ ਵਲਾਦੀਮੀਰ ਲੈਨਿਨ ਦਾ ਬੁੱਤ ਜੇਸੀਬੀ ਮਸ਼ੀਨ ਦੀ ਮਦਦ ਨਾਲ ਡੇਗ ਦਿਤਾ ਗਿਆ। ਸੀਪੀਐਮ ਨੇ ਇਸ ਘਟਨਾ ਲਈ ਭਾਜਪਾ ਕਾਰਕੁਨਾਂ ਨੂੰ ਜ਼ਿੰਮੇਵਾਰ ਦਸਿਆ ਹੈ। ਇਕ ਹੋਰ ਘਟਨਾ ਵਿਚ ਲੈਨਿਨ ਦਾ ਬੁੱਤ ਤੋੜ ਦਿਤਾ ਗਿਆ। ਸੀਪੀਐਮ ਦੇ ਜ਼ਿਲ੍ਹਾ ਸਕੱਤਰ ਤਾਪਸ ਦੱਤਾ ਨੇ ਕਿਹਾ ਕਿ ਤ੍ਰਿਪੁਰਾ ਵਿਚ ਸੀਪੀਐਮ ਦੀ ਹਾਰ ਅਤੇ ਭਾਜਪਾ ਦੀ ਜਿੱਤ ਮਗਰੋਂ ਇਥੋਂ ਕਰੀਬ 110 ਕਿਲੋਮੀਟਰ ਦੂਰ ਪੈਂਦੇ ਬੇਲੋਨੀਆ ਵਿਚ ਕਾਲਜ ਦੇ ਵਿਹੜੇ ਵਿਚ ਸਥਾਪਤ ਲੈਨਿਨ ਦੀ ਮੂਰਤੀ ਡੇਗ ਦਿਤੀ ਗਈ। ਉਨ੍ਹਾਂ ਕਿਹਾ ਕਿ ਭਾਜਪਾ ਕਾਰਕੁਨਾਂ ਨੇ ਪੰਜ ਫ਼ੁਟ ਉੱਚੀ ਮੂਰਤੀ ਨੂੰ ਜੇਸੀਬੀ ਮਸ਼ੀਨ ਨਾਲ ਡੇਗ ਦਿਤਾ। ਕੁੱਝ ਮਹੀਨੇ ਪਹਿਲਾਂ ਪਾਰਟੀ ਪੋਲਿਟ ਬਿਊਰੋ ਮੈਂਬਰ ਪ੍ਰਕਾਸ਼ ਕਰਾਤ ਨੇ ਇਸ ਮੂਰਤੀ ਉਪਰੋਂ ਪਰਦਾ ਹਟਾਉਣ ਦੀ ਰਸਮ ਅਦਾ ਕੀਤੀ ਸੀ। 

ਪਾਰਟੀ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਦੇਸ਼ਵਿਆਪੀ ਵਿਰੋਧੀ ਪ੍ਰਦਰਸ਼ਨਾਂ ਦਾ ਸੱਦਾ ਦੇ ਦਿਤਾ ਹੈ। ਦੱਤਾ ਨੇ ਕਿਹਾ, 'ਮੂਰਤੀ ਡੇਗੇ ਜਾਣ ਮਗਰੋਂ ਭਾਰਤ ਮਾਤਾ ਦੀ ਜੈ ਦੇ ਨਾਹਰੇ ਵੀ ਲਾਏ ਗਏ।' ਦਖਣੀ ਤ੍ਰਿਪੁਰਾ ਜ਼ਿਲ੍ਹੇ ਦੇ ਪੁਲਿਸ ਅਧਿਕਾਰੀ ਮੋਨਚਕ ਇਪਰ ਨੇ ਦਸਿਆ ਕਿ ਜੇਸੀਬੀ ਮਸ਼ੀਨ ਦੇ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਬਾਅਦ ਵਿਚ ਉਸ ਨੂੰ ਰਿਹਾ ਕਰ ਦਿਤਾ ਗਿਆ। ਉਨ੍ਹਾਂ ਕਿਹਾ ਕਿ ਮੂਰਤੀ ਨਗਰ ਨਿਗਮ ਨੂੰ ਸੌਂਪ ਦਿਤੀ ਜਾਵੇਗੀ। ਇਸ ਦੌਰਾਨ ਚੋਣ ਮਗਰੋਂ ਹਿੰਸਾ ਕਾਰਨ ਕਈ ਇਲਾਕਿਆਂ ਵਿਚ ਪਾਬੰਦੀਆਂ ਲਾ ਦਿਤੀਆਂ ਗਈਆਂ ਹਨ।  (ਏਜੰਸੀ)