ਟੁੱਟੇ ਪੁੱਲ ਨੇ ਪਾਇਆ ਪੁਆੜਾ, ਕਿਸ਼ਤੀ 'ਤੇ ਲਾੜੀ ਨੂੰ ਵਿਆਹੁਣ ਗਿਆ ਲਾੜਾ (Marriage)

ਖ਼ਬਰਾਂ, ਰਾਸ਼ਟਰੀ

ਦੀਨਾਨਗਰ: ਆਜ਼ਾਦੀ ਦੇ 70 ਸਾਲਾਂ ਬਾਅਦ ਵੀ ਕਿਸੇ ਲਾੜੇ ਨੂੰ ਆਪਣੀ ਲਾੜੀ ਨੂੰ ਵਿਆਹੁਣ ਜਾਣ ਲਈ ਇੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ, ਸ਼ਾਇਦ ਇਹ ਕਿਸੇ ਨੇ ਸੋਚਿਆ ਨਾ ਹੋਵੇ ਪਰ ਇਹ ਹਕੀਕਤ ਹੈ। ਖਬਰ ਰਾਵੀ ਦਰਿਆ ਦੇ ਪਾਰ ਵਸੇ ਪਿੰਡਾਂ ਦੀ ਹੈ, ਜਿੱਥੇ ਲੋਕਾਂ ਨੂੰ ਅਜਿਹੀਆਂ ਮੁਸ਼ਕਿਲਾਂ ਦਾ ਸਾਹਮਣਾ ਹਰ ਦਿਨ ਕਰਨਾ ਪੈਂਦਾ ਹੈ।

ਹਲਕਾ ਦੀਨਾਨਗਰ ਦੇ ਮਕੌੜਾ ਪੱਤਣ 'ਤੇ ਬਣੇ ਪਲਟੂਨ ਪੁੱਲ ਦਾ ਹਿੱਸਾ ਪਾਣੀ ਦੇ ਤੇਜ਼ ਵਹਾਅ 'ਚ ਰੁੜ ਗਿਆ ਅਤੇ ਇਹ ਪਿੰਡ ਦੇਸ਼ ਨਾਲੋਂ ਫਿਰ ਕੱਟੇ ਗਏ। ਇਸ ਦੌਰਾਨ ਲਾੜੇ ਬਲਵਿੰਦਰ ਕੁਮਾਰ ਦਾ ਪਿੰਡ ਇਕ ਪਾਸੇ ਤੇ ਉਸ ਦੀ ਲਾੜੀ ਦਾ ਪਿੰਡ ਦਰਿਆ ਦੇ ਦੂਜੇ ਪਾਸੇ ਰਹਿ ਗਿਆ। ਨਤੀਜਾ ਬਾਰਾਤ ਨੂੰ ਖਸਤਾਹਾਲ ਬੇੜੀ 'ਚ ਜਾਨ ਜ਼ੋਖਮ 'ਚ ਪਾ ਕੇ ਲਾੜੀ ਨੂੰ ਵਿਆਹੁਣ ਜਾਣਾ ਪਿਆ।

ਅਸੀਂ ਗੱਲਾਂ ਤਾਂ ਡਿਜੀਟਲ ਇੰਡੀਆ ਤੇ ਬੁਲੇਟ ਟਰੇਨ ਦੀਆਂ ਕਰਦੇ ਹਾਂ ਪਰ ਆਜ਼ਾਦੀ ਦੇ 70 ਸਾਲਾਂ ਬਾਅਦ ਵੀ ਇਨ੍ਹਾਂ ਪਿੰਡਾਂ ਦੀ ਕਿਸਮਤ ਬਦਲਣ ਦੀ ਗੱਲ ਸ਼ਾਇਦ ਹੀ ਕੋਈ ਕਰਦਾ ਹੋਵੇ। ਜ਼ਿਲ੍ਹਾ ਗੁਰਦਾਸਪੁਰ ਤੇ ਪਠਾਨਕੋਟ ਦੇ ਦਰਜਨ ਦੇ ਕਰੀਬ ਪਿੰਡਾਂ ਦਾ ਇਹੀ ਹਾਲ ਹੈ। ਸਿਆਸੀ ਬੇਧਿਆਨੀ ਦੇ ਸ਼ਿਕਾਰ ਹੋਏ ਇਹ ਲੋਕ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ ਅਤੇ ਇਨ੍ਹਾਂ ਨੂੰ ਡਰ ਹੈ ਕਿ ਆਉਣ ਵਾਲੇ ਸਮੇਂ 'ਚ ਉਨ੍ਹਾਂ ਦੇ ਪਿੰਡਾਂ 'ਚ ਲੋਕ ਰਿਸ਼ਤਾ ਦੇਣ ਤੋਂ ਵੀ ਮਨ੍ਹਾ ਨਾ ਕਰ ਦੇਣ।