ਨਵੀਂ ਦਿੱਲੀ, 1 ਮਾਰਚ : ਦਿੱਲੀ ਹਾਈ ਕੋਰਟ ਨੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਦੀ ਪਟੀਸ਼ਨ 'ਤੇ ਅਲੱਗ ਰਹਿ ਰਹੀ ਉਸ ਦੀ ਪਤਨੀ ਪਾਇਲ ਅਬਦੁੱਲਾ ਨੂੰ ਅੱਜ ਨੋਟਿਸ ਜਾਰੀ ਕੀਤਾ ਅਤੇ ਜਵਾਬ ਮੰਗਿਆ। ਅਬਦੁੱਲਾ ਨੇ ਪਟੀਸ਼ਨ ਵਿਚ ਕਿਹਾ ਹੈ ਕਿ ਉਹ ਤਲਾਕ ਚਾਹੁੰਦਾ ਹੈ ਅਤੇ ਦੂਜਾ ਵਿਆਹ ਕਰਾਉਣਾ ਚਾਹੁੰਦਾ ਹੈ। ਉਨ੍ਹਾਂ ਇਸ ਆਧਾਰ 'ਤੇ ਤਲਾਕ ਮੰਗਿਆ ਹੈ ਕਿ ਉਸ ਦਾ ਵਿਆਹ ਇਸ ਹੱਦ ਤਕ ਟੁੱਟ ਚੁੱਕਾ ਹੈ ਕਿ ਹੁਣ ਦੁਬਾਰਾ ਇਕੱਠੇ ਰਹਿਣਾ ਸੰਭਵ ਨਹੀਂ। ਜੱਜ ਸਿਧਾਰਥ ਮੁਦੁਲ ਅਤੇ ਜੱਜ ਦੀਪਾ ਸ਼ਰਮਾ ਦੇ ਬੈਂਚ ਨੇ ਪਾਇਲ ਨੂੰ ਨੋਟਿਸ ਜਾਰੀ ਕੀਤਾ ਅਤੇ ਕਿਹਾ ਕਿ ਉਹ ਸੁਣਵਾਈ ਦੀ ਅਗਲੀ ਤਰੀਕ 23 ਅਪ੍ਰੈਲ ਤੋਂ ਪਹਿਲਾਂ ਜਵਾਬ ਦਾਖ਼ਲ ਕਰੇ। ਅਦਾਲਤ ਨੇ ਮਾਮਲੇ ਵਿਚ ਛੇਤੀ ਸੁਣਵਾਈ ਕਰਨ ਦੀ ਉਮਰ ਦੀ ਅਰਜ਼ੀ 'ਤੇ ਵੀ ਪਾਇਲ ਕੋਲੋਂ ਜਵਾਬ ਮੰਗਿਆ ਹੈ।
ਉਮਰ ਦੀ ਵਕੀਲ ਮਾਲਵਿਕਾ ਰਾਜਕੋਟੀਆ ਨੇ ਦਾਅਵਾ ਕੀਤਾ ਕਿ ਅਦਾਲਤ ਨੇ ਇਸ ਤੋਂ ਪਹਿਲਾਂ ਦੀ ਤਰੀਕ ਬਾਰੇ ਧਿਰਾਂ ਕੋਲੋਂ ਪੁਛਿਆ ਸੀ ਕਿ ਕੀ ਉਹ ਦੁਬਾਰਾ ਇਕੱਠੇ ਰਹਿਣਾ ਚਾਹੁੰਦੇ ਹਨ? ਪਾਇਲ ਨੇ ਉਮਰ ਦੇ ਇਰਾਦੇ ਬਾਰੇ ਹਾਂਪੱਖੀ ਜਵਾਬ ਦਿਤਾ। ਉਮਰ ਦੀ ਤਲਾਕ ਮੰਗਣ ਦੀ ਅਰਜ਼ੀ ਉਸ ਪਟੀਸ਼ਨ ਨਾਲ ਆਈ ਹੈ ਜਿਸ ਵਿਚ ਉਸ ਨੇ ਤਲਾਕ ਮੰਗਣ ਦੀ ਅਪਣੀ ਅਰਜ਼ੀ ਰੱਦ ਕੀਤੇ ਜਾਣ ਦੇ ਹੇਠਲੀ ਅਦਾਲਤ ਦੇ 30 ਅਗੱਸਤ 2016 ਦੇ ਹੁਕਮ ਨੂੰ ਚੁਨੌਤੀ ਦਿਤੀ ਹੈ। ਅਦਾਲਤ ਨੇ ਕਿਹਾ ਸੀ ਕਿ ਉਹ ਸਾਬਤ ਕਰਨ ਵਿਚ ਨਾਕਾਮ ਰਿਹਾ ਹੈ ਕਿ ਉਸ 'ਤੇ ਅਤਿਆਚਾਰ ਹੋਇਆ ਹੈ। (ਏਜੰਸੀ)