ਭੁਵਨੇਸ਼ਵਰ,
10 ਸਤੰਬਰ : ਉੜੀਸਾ ਦੀ ਰਾਜਧਾਨੀ ਭੁਵਨੇਸ਼ਵਰ ਦੇ ਬੋਮੀਖਲ ਲਾਗੇ ਨਿਰਮਾਣਅਧੀਨ ਫ਼ਲਾਈਓਵਰ
ਦਾ ਇਕ ਹਿੱਸਾ ਡਿੱਗ ਜਾਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖਮੀ ਹੋ ਗਏ।
ਸੂਤਰਾਂ ਨੇ ਦਸਿਆ ਕਿ ਕਰੀਬ ਤਿੰਨ ਤੋਂ ਚਾਰ ਵਿਅਕਤੀਆਂ ਦੇ ਮਲਬੇ ਵਿਚ ਫਸੇ ਹੋਣ ਦਾ ਖ਼ਦਸ਼ਾ
ਹੈ। ਦੁਪਹਿਰ ਸਮੇਂ ਜਦ ਫ਼ਲਾਈਓਵਰ ਦਾ ਹਿੱਸਾ ਡਿੱਗਾ ਤਾਂ ਕਰੀਬ 15 ਮਜ਼ਦੂਰ ਕੰਮ ਕਰ ਰਹੇ
ਸਨ ਜਿਹੜੇ ਹੇਠਾਂ ਦੱਬ ਗਏ। ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਘਟਨਾ 'ਤੇ ਦੁੱਖ
ਪ੍ਰਗਟ ਕੀਤਾ ਅਤੇ ਮ੍ਰਿਤਕ ਦੇ ਪਰਵਾਰ ਨੂੰ ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਜ਼ਖ਼ਮੀਆਂ
ਦਾ ਇਲਾਜ ਮੁਫ਼ਤ ਕੀਤਾ ਜਾਵੇਗਾ। ਅਧਿਕਾਰੀ ਏ ਬੀ ਓਤਾ ਨੇ ਪੱਤਰਕਾਰਾਂ ਨੂੰ ਦਸਿਆ ਕਿ 39
ਸਾਲਾ ਉਦਮੀ ਸਤਯ ਪਟਨਾਇਕ ਦੀ ਮੌਤ ਹੋਈ ਹੈ। ਜਦ ਫ਼ਲਾਈਓਵਰ ਡਿੱਗਾ ਤਾਂ ਉਹ ਅਪਣੀ ਪੁਤਰੀ
ਸ਼ੀਤਲ ਨਾਲ ਪੁਲ ਹੇਠਾਂ ਸੀ। ਓਤਾ ਨੇ ਕਿਹਾ ਕਿ ਪਟਨਾਇਕ ਦੀ ਪੁਤਰੀ ਗੰਭੀਰ ਜ਼ਖ਼ਮੀ ਹੋ ਗਈ
ਅਤੇ ਉਸ ਨੂੰ ਏਮਜ਼, ਭੁਵਨੇਸ਼ਵਰ ਵਿਚ ਦਾਖ਼ਲ ਕਰਾਇਆ ਗਿਆ ਹੈ। (ਏਜੰਸੀ)