ਉਤਰੀ ਕੋਰੀਆ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਆਂਗੇ: ਟਰੰਪ

ਖ਼ਬਰਾਂ, ਰਾਸ਼ਟਰੀ


ਸੰਯੁਕਤ ਰਾਸ਼ਟਰ, 19 ਸਤੰਬਰ: ਸੰਯੁਕਤ ਰਾਸ਼ਟਰ ਦੀ ਆਮ ਸਭਾ ਨੂੰ ਅਪਣੇ ਪਹਿਲੇ ਸੰਬੋਧਨ 'ਚ ਅੱਜ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜੇਕਰ ਅਮਰੀਕਾ ਜਾਂ ਇਸ ਦੇ ਸਹਿਯੋਗੀਆਂ ਉਤੇ ਹਮਲਾ ਹੁੰਦਾ ਹੈ ਤਾਂ 'ਸਾਡੇ ਕੋਲ ਉੱਤਰੀ ਕੋਰੀਆ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਤੋਂ ਸਿਵਾ ਹੋਰ ਕੋਈ ਬਦਲ ਨਹੀਂ ਬਚੇਗਾ।'

ਟਰੰਪ ਨੇ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਦੀ ਸਖ਼ਤ ਨਿਖੇਧੀ ਕੀਤੀ ਅਤੇ ਕਿਹਾ ਕਿ ਇਹ ਦੇਸ਼ ਅਪਣੇ ਪ੍ਰਮਾਣੂ ਪ੍ਰੋਗਰਾਮ ਕਰ ਕੇ 'ਪੂਰੀ ਦੁਨੀਆਂ ਦਾ ਨਾ ਸੋਚੇ ਜਾ ਸਕਣ ਵਾਲਾ ਨੁਕਸਾਨ' ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਬਹੁਤ ਸਾਰੇ ਚੰਗੇ ਲੋਕ ਕੁੱਝ ਬੁਰੇ ਲੋਕਾਂ ਦਾ ਸਾਹਮਣਾ ਨਹੀਂ ਕਰਨਗੇ ਤਾਂ ਉਹ ਤਾਕਤਵਰ ਬਣਦੇ ਜਾਣਗੇ। ਟਰੰਪ ਨੇ ਇਸ ਗੱਲ ਉਤੇ ਜ਼ੋਰ ਦਿਤਾ ਕਿ ਜੇਕਰ ਉੱਤਰੀ ਕੋਰੀਆ ਨੂੰ ਮਿਜ਼ਾਈਲ ਅਤੇ  ਪ੍ਰਮਾਣੂ ਹਥਿਆਰ ਮਿਲ ਜਾਣਗੇ ਤਾਂ ਇਹ ਪੂਰੀ ਦੁਨੀਆਂ ਲਈ ਬੁਰਾ ਸੰਕੇਤ ਹੋਵੇਗਾ। ਉਨ੍ਹਾਂ ਉੱਤਰੀ ਕੋਰੀਆ ਨੂੰ 'ਅਪਰਾਧੀਆਂ ਦਾ ਟੋਲਾ' ਦਸਿਆ ਅਤੇ ਕਿਹਾ ਕਿ ਇਹ ਦੇਸ਼ ਖ਼ੁਦਕੁਸ਼ੀ ਮਿਸ਼ਨ ਉਤੇ ਚੱਲ ਰਿਹਾ ਹੈ। ਟਰੰਪ ਨੇ ਕਿਹਾ ਕਿ ਕਿਮ ਜੋਂਗ ਨੇ ਅਪਣੇ ਦੇਸ਼ ਦੇ ਲੋਕਾਂ ਨੂੰ ਭੁੱਖਮਰੀ ਦਾ ਸ਼ਿਕਾਰ ਬਣਾ ਦਿਤਾ ਹੈ, ਅਮਰੀਕੀ ਵਿਦਿਆਰਥੀ ਉਤੇ ਤਸ਼ੱਦਦ ਕੀਤੇ ਗਏ ਜੋ ਕਿ ਕੋਮਾ ਦਾ ਸ਼ਿਕਾਰ ਹੋ ਕੇ ਘਰ ਪਰਤਿਆ ਅਤੇ ਇਥੋਂ ਤਕ ਕਿ ਉਸ ਨੇ ਅਪਣੇ ਵੱਡੇ ਭਰਾ ਦਾ ਜ਼ਹਿਰੀਲੇ ਰਸਾਇਣਾਂ ਨਾਲ ਕਤਲ ਕਰਵਾ ਦਿਤਾ।

ਉਨ੍ਹਾਂ ਨੇ ਰੂਸ ਅਤੇ ਚੀਨ ਦਾ ਧਨਵਾਦ ਕੀਤਾ ਜਿਨ੍ਹਾਂ ਨੇ ਉੱਤਰੀ ਕੋਰੀਆ ਵਿਰੁਧ ਸੰਯੁਕਤ ਰਾਸ਼ਟਰ ਵਲੋਂ ਲਾਈਆਂ ਪਾਬੰਦੀਆਂ ਦੇ ਮੁੱਦੇ 'ਤੇ ਅਪਣਾ ਸਮਰਥਨ ਦਿਤਾ। ਹਾਲਾਂਕਿ ਉਨ੍ਹਾਂ ਅਸਿੱਧੇ ਰੂਪ 'ਚ ਦੋਹਾਂ ਦੇਸ਼ਾਂ ਵਲੋਂ ਕਿਮ ਨਾਲ ਕਾਰੋਬਾਰੀ ਜਾਰੀ ਰੱਖਣ ਉਤੇ ਤੰਜ ਵੀ ਕਸਿਆ। ਟਰੰਪ ਨੇ ਕਿਹਾ ਕਿ ਜੇਕਰ ਜ਼ਰੂਰਤ ਪਈ ਤਾਂ ਅਮਰੀਕਾ ਇਕੱਲਾ ਹੀ ਕਾਰਵਾਈ ਕਰ ਸਕਦਾ ਹੈ।
(ਏਜੰਸੀਆਂ)