'ਵੰਦੇ ਮਾਤਰਮ' ਕਹਿਣ ਦਾ ਪਹਿਲਾ ਹੱਕ ਸਫ਼ਾਈ ਕਾਮਿਆਂ ਦਾ : ਮੋਦੀ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 11 ਸਤੰਬਰ : ਪਾਨ ਖਾ ਕੇ ਇਧਰ-ਉਧਰ ਥੁੱਕਣ ਵਾਲਿਆਂ ਅਤੇ ਕੂੜਾ ਸੁੱਟਣ ਵਾਲਿਆਂ ਦੀ ਝਾੜਝੰਭ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਦੇਸ਼ ਵਿਚ 'ਵੰਦੇ ਮਾਤਰਮ' ਕਹਿਣ ਦਾ ਸੱਭ ਤੋਂ ਪਹਿਲਾ ਹੱਕ ਸਫ਼ਾਈ ਦਾ ਕੰਮ ਕਰਨ ਵਾਲਿਆਂ ਦਾ ਹੈ।
ਸ਼ਿਕਾਗੋ ਵਿਚ ਸਵਾਮੀ ਵਿਵੇਕਾਨੰਦ ਦੇ ਭਾਸ਼ਨ ਦੀ 125ਵੀਂ ਵਰ੍ਹੇਗੰਢ ਮੌਕੇ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, 'ਜਦ ਵੰਦੇ ਮਾਤਰਮ ਕਹਿੰਦੇ ਹਾਂ ਤਾਂ ਭਾਰਤ ਪ੍ਰਤੀ ਸ਼ਰਧਾ ਦਾ ਅਹਿਸਾਸ ਪੈਦਾ ਹੁੰਦਾ ਹੈ ਪਰ ਮੈਂ ਇਸ ਸਮਾਗਮ ਵਿਚ ਬੈਠੇ ਲੋਕਾਂ ਤੋਂ ਇਲਾਵਾ ਸਾਰੇ ਹਿੰਦੁਸਤਾਨ ਨੂੰ ਪੁਛਣਾ ਚਾਹੁੰਦਾ ਹਾਂ ਕਿ ਕੀ ਸਾਨੂੰ ਵੰਦੇ ਮਾਤਰਮ ਕਹਿਣ ਦਾ ਹੱਕ ਹੈ? ਮੈਂ ਜਾਣਦਾ ਹਾਂ ਕਿ ਮੇਰੀ ਇਹ ਗੱਲ ਕਈ ਲੋਕਾਂ ਨੂੰ ਠੇਸ ਪਹੁੰਚਾਏਗੀ ਪਰ ਮੈਂ ਫਿਰ ਵੀ ਕਹਿੰਦਾ ਹਾਂ ਕਿ 50 ਵਾਰ ਸੋਚ ਲਉ ਕਿ ਕੀ ਸਾਨੂੰ ਵੰਦੇ ਮਾਤਰਮ ਕਹਿਣ ਦਾ ਹੱਕ ਹੈ?'
ਮੋਦੀ ਨੇ ਕਿਹਾ, 'ਅਸੀਂ ਪਾਨ ਖਾ ਕੇ ਭਾਰਤ ਮਾਤਾ 'ਤੇ ਪਿਚਕਾਰੀ ਕਰਦੇ ਹਾਂ ਅਤੇ ਫਿਰ ਵੰਦੇ ਮਾਤਰਮ ਕਹਿੰਦੇ ਹਾਂ। ਸਾਰਾ ਕੂੜਾ ਕਚਰਾ ਭਾਰਤ ਮਾਤਾ 'ਤੇ ਸੁੱਟ ਦਿੰਦੇ ਹਾਂ ਅਤੇ ਫਿਰ ਵੰਦੇ ਮਾਤਰਮ ਬੋਲਦੇ ਹਾਂ। ਇਸ ਦੇਸ਼ ਵਿਚ ਵੰਦੇ ਮਾਤਰਮ ਕਹਿਣ ਦਾ ਸੱਭ ਤੋਂ ਪਹਿਲਾ ਹੱਕ ਜੇ ਕਿਸੇ ਨੂੰ ਹੈ ਤਾਂ ਉਹ ਦੇਸ਼ ਭਰ ਵਿਚ ਸਫ਼ਾਈ ਕਰਨ ਵਾਲਿਆਂ ਨੂੰ ਹੈ। ਇਹ ਹੱਕ ਭਾਰਤ ਮਾਤਾ ਦੀਆਂ ਉਨ੍ਹਾਂ ਸੱਚੀਆਂ ਸੰਤਾਨਾਂ ਨੂੰ ਹੈ ਜਿਹੜੀਆਂ ਸਫ਼ਾਈ ਦਾ ਕੰਮ ਕਰਦੀਆਂ ਹਨ।'
ਮੋਦੀ ਨੇ ਕਿਹਾ, 'ਭਾਰਤ ਮਾਤਾ ਨੂੰ ਗੰਦਾ ਕਰਨ ਦਾ ਹੱਕ ਸਾਡੇ ਕੋਲ ਨਹੀਂ।' ਉਨ੍ਹਾਂ ਕਿਹਾ ਕਿ ਗੰਗਾ ਪ੍ਰਤੀ ਸ਼ਰਧਾ ਦਾ ਅਹਿਸਾਸ ਹੋਵੇ, ਅਸੀਂ ਇਹ ਜ਼ਰੂਰ ਸੋਚਦੇ ਹਾਂ ਕਿ ਗੰਗਾ ਵਿਚ ਡੁਬਕੀ ਲਾਉਣ ਨਾਲ ਸਾਡੇ ਪਾਪ ਧੋਏ ਜਾਂਦੇ ਹਨ, ਹਰ ਨੌਜਵਾਨ ਸੋਚਦਾ ਹੈ ਕਿ ਉਹ ਅਪਣੇ ਮਾਂ ਬਾਪ ਨੂੰ ਇਕ ਵਾਰ ਗੰਗਾ ਵਿਚ ਡੁਬਕੀ ਲਗਵਾਏ ਪਰ ਕੀ ਉਸ ਦੀ ਸਫ਼ਾਈ ਬਾਰੇ ਸੋਚਿਆ ਹੈ। ਜੇ ਅੱਜ ਸਵਾਮੀ ਵਿਵੇਕਾਨੰਦ ਜਿਊਂਦੇ ਹੁੰਦੇ, ਤਦ ਕੀ ਸਾਨੂੰ ਝਿੜਕਦੇ ਨਾ?'
ਪ੍ਰਧਾਨ ਮੰਤਰੀ ਨੇ ਕਿਹਾ, 'ਅਸੀਂ ਸੋਚਦੇ ਹਾਂ ਕਿ ਅਸੀਂ ਇਸ ਲਈ ਸਿਹਤਮੰਦ ਹਾਂ ਕਿਉਂਕਿ ਚੰਗੇ ਤੋਂ ਚੰਗਾ ਹਸਪਤਾਲ ਅਤੇ ਡਾਕਟਰ ਹੈ ਪਰ ਸਾਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਅਸੀਂ ਸਿਰਫ਼ ਚੰਗੇ ਤੋਂ ਚੰਗੇ ਹਸਪਤਾਲ ਅਤੇ ਵਧੀਆ ਡਾਕਟਰਾਂ ਕਾਰਨ ਸਿਹਤਮੰਦ ਨਹੀਂ ਹਾਂ ਸਗੋਂ ਸਿਹਤਮੰਦ ਇਸ ਲਈ ਹਾਂ ਕਿਉਂਕਿ ਸਾਡੇ ਸਫ਼ਾਈ ਕਾਮੇ ਸਫ਼ਾਈ ਰਖਦੇ ਹਨ।'
ਉਨ੍ਹਾਂ ਕਿਹਾ, 'ਡਾਕਟਰ ਤੋਂ ਵੀ ਵੱਧ ਸਨਮਾਨ ਸਫ਼ਾਈ ਕਾਮਿਆਂ ਦਾ ਕਰਨ ਲਗੀਏ ਤਦ ਵੰਦੇ ਮਾਤਰਮ ਕਹਿਣ ਦਾ ਆਨੰਦ ਆਏਗਾ।' ਮੋਦੀ ਨੇ ਕਿਹਾ ਅਸੀਂ ਸਾਲ 2022 ਵਿਚ ਆਜ਼ਾਦੀ ਦੇ 75 ਸਾਲ ਮਨਾਉਣ ਜਾ ਰਹੇ ਹਾਂ। ਕੋਈ ਸੰਕਲਪ ਲੈਣਾ ਚਾਹੀਦਾ ਹੈ ਜਿਹੜਾ ਜੀਵਨ ਭਰ ਲਈ ਹੋਵੇ। (ਏਜੰਸੀ)