ਵਾਦੀ 'ਚ ਮੁਕਾਬਲੇ ਦੌਰਾਨ ਹਿਜ਼ਬੁਲ ਦੇ ਦੋ ਅਤਿਵਾਦੀ ਹਲਾਕ

ਖ਼ਬਰਾਂ, ਰਾਸ਼ਟਰੀ

ਕੁਲਗਾਮ, 11 ਸਤੰਬਰ : ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨਾਲ ਚੱਲੇ ਮੁਕਾਬਲੇ 'ਚ ਹਿਜ਼ਬੁਲ ਮੁਜ਼ਾਹਿਦੀਨ ਦੇ ਦੋ ਅਤਿਵਾਦੀ ਮਾਰੇ ਗਏ ਅਤੇ ਇਕ ਅਤਿਵਾਦੀ ਨੇ ਸਮਰਪਣ ਕਰ ਦਿਤਾ। ਪੁਲਿਸ ਦੇ ਬੁਲਾਰੇ ਨੇ ਦਸਿਆ ਕਿ ਪੁਲਿਸ, ਫ਼ੌਜ ਅਤੇ ਸੀਆਰਪੀਐਫ਼ ਦੀ ਸਾਂਝੀ ਟੀਮ ਨੇ ਵਿਸ਼ੇਸ਼ ਜਾਣਕਾਰੀ ਮਿਲਣ ਮਗਰੋਂ ਕਲ ਕੁਲਗਾਮ ਜ਼ਿਲ੍ਹੇ ਦੇ ਖੁਦਵਾਨੀ ਇਲਾਕੇ ਵਿਚ ਘੇਰਾਬੰਦੀ ਕਰ ਕੇ ਤਲਾਸ਼ੀ ਲਈ ਸੀ। ਉਨ੍ਹਾਂ ਦਸਿਆ ਕਿ ਤਲਾਸ਼ੀ ਦੌਰਾਨ ਸੁਰੱਖਿਆ ਬਲਾਂ ਨੇ ਅਤਿਵਾਦੀਆਂ ਨੂੰ ਸਮਰਪਣ ਕਰਨ ਲਈ ਕਿਹਾ ਸੀ। ਬੁਲਾਰੇ ਨੇ ਦਸਿਆ, 'ਆਰਿਫ਼ ਅਹਿਮਦ ਸੋਫ਼ੀ ਨਾਮਕ ਅਤਿਵਾਦੀ ਨੇ ਪੁਲਿਸ ਸਾਹਮਣੇ ਸਮਰਪਣ ਕਰ ਦਿਤਾ। ਗੋਲੀਬਾਰੀ ਕਰਦਿਆਂ ਦੋ ਹੋਰ ਅਤਿਵਾਦੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ।
ਜਵਾਬੀ ਕਾਰਵਾਈ ਤੋਂ ਬਾਅਦ ਮੁਕਾਬਲਾ ਸ਼ੁਰੂ ਹੋਇਆ ਅਤੇ ਦੋਹਾਂ ਅਤਿਵਾਦੀਆਂ ਨੂੰ ਮਾਰ ਦਿਤਾ ਗਿਆ। ਮਾਰੇ ਗਏ ਅਤਿਵਾਦੀਆਂ ਦੀ ਪਛਾਣ ਦਾਊਦ ਅਹਿਮਦ ਅਲਾਈ ਅਤੇ ਸਾਇਰ ਅਹਿਮਦ ਵਾਣੀ ਵਜੋਂ ਹੋਈ ਹੈ।' ਬੁਲਾਰੇ ਨੇ ਦਸਿਆ ਕਿ ਮਾਰੇ ਗਏ ਅਤਿਵਾਦੀ ਪਿੰਡ ਦੇ ਸਰਪੰਚ ਦੀ ਹਤਿਆ ਅਤੇ ਚੌਕੀ ਦੇ ਗਾਰਡ ਤੋਂ ਹਥਿਆਰ ਖੋਹਣ ਦੀ ਘਟਨਾ ਵਿਚ ਸ਼ਾਮਲ ਸਨ। ਦਾਊਦ ਨੌਜਵਾਨਾਂ ਨੂੰ ਪੱਥਰਬਾਜ਼ੀ ਲਈ ਉਕਸਾਉਣ, ਥਾਣੇ 'ਤੇ ਗੋਲੀਆਂ ਚਲਾਉਣ ਅਤੇ ਬੈਂਕ ਲੁੱਟਣ ਦੀਆਂ ਘਟਨਾਵਾਂ ਵਿਚ ਸ਼ਾਮਲ ਸੀ। ਮੁਕਾਬਲੇ ਵਾਲੀ ਥਾਂ ਤੋਂ ਦੋ ਮੈਗਜ਼ੀਨ, ਏ ਕੇ 47 ਰਾਈਫ਼ਲ ਅਤੇ 63 ਰਾਊਂਡ ਆਦਿ ਮਿਲੇ ਹਨ। ਸੋਫ਼ੀ ਦੇ ਸਮਰਪਣ ਤੋਂ ਪਹਿਲਾਂ ਹਿਜ਼ਬੁਲ ਦੇ ਇਕ ਹੋਰ ਅਤਿਵਾਦੀ ਆਦਿਲ ਨੇ ਸ਼ੋਪੀਆਂ ਜ਼ਿਲ੍ਹੇ ਵਿਚ ਮੁਕਾਬਲੇ ਦੌਰਾਨ ਕਲ ਆਤਮ ਸਮਰਪਣ ਕੀਤਾ ਸੀ। (ਏਜੰਸੀ)