ਵੱਟਸਐਪ ਦੇ ਜਰੀਏ ਹੁਣ ਕਰ ਸਕੋਗੇ ਖਰੀਦਦਾਰੀ ਅਤੇ ਬਿਲ ਭੁਗਤਾਨ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ: ਮੈਸੇਜ, ਵਾਇਸ ਕਾਲ ਅਤੇ ਵੀਡੀਓ ਕਾਲਿੰਗ ਦੀ ਸੁਵਿਧਾ ਤੋਂ ਬਾਅਦ ਵੱਟਸਐਪ ਆਪਣੇ ਯੂਜ਼ਰਾਂ ਨੂੰ ਜਲਦ ਕਈ ਹੋਰ ਸੇਵਾਵਾਂ ਦੇਣ ਜਾ ਰਿਹਾ ਹੈ। ਇਸ ਤਹਿਤ ਆਨਲਾਈਨ ਖਰੀਦਦਾਰੀ ਅਤੇ ਬਿੱਲ ਦਾ ਭੁਗਤਾਨ ਕਰਨਾ ਬਹੁਤ ਆਸਾਨ ਹੋਣ ਜਾ ਰਿਹਾ ਹੈ। 

ਭਾਰਤ 'ਚ 20 ਕਰੋੜ ਤੋਂ ਵੱਧ ਲੋਕ ਵਟਸਐਪ ਦਾ ਇਸਤੇਮਾਲ ਕਰ ਰਹੇ ਹਨ, ਜਿਸ ਦਾ ਮਲਕਾਨਾ ਹੱਕ ਦਿੱਗਜ ਸੋਸ਼ਲ ਮੀਡੀਆ ਸਾਈਟ ਫੇਸਬੁੱਕ ਕੋਲ ਹੈ। ਵਟਸਐਪ ਤੋਂ ਤੁਸੀਂ ਮੋਬਾਇਲ ਦੇ ਬਿੱਲ ਤੋਂ ਲੈ ਕੇ ਬਿਜਲੀ ਬਿਲ ਦਾ ਭੁਗਤਾਨ ਕਰ ਸਕੋਗੇ ਅਤੇ ਨਾਲ ਹੀ ਕਈ ਹੋਰ ਸੁਵਿਧਾਵਾਂ ਵੀ ਇਕੋ ਪਲੇਟਫਾਰਮ 'ਤੇ ਮਿਲਣਗੀਆਂ।

ਇਹ ਐਪ ਜਲਦ ਇੱਕ ਅਜਿਹਾ ਇਕੋਸਿਸਟਮ ਬਣਾਉਣ ਜਾ ਰਿਹਾ ਹੈ ਜਿੱਥੇ ਯੂਜ਼ਰ ਕਈ ਤਰ੍ਹਾਂ ਦੀਆਂ ਸੇਵਾਵਾਂ ਦਾ ਲੁਤਫ ਉਠਾ ਸਕਣਗੇ ਅਤੇ ਪਲੇਟਫਾਰਮ ਦੇ ਵਾਲਿਟ ਤੋਂ ਹੀ ਭੁਗਤਾਨ ਕਰ ਸਕਣਗੇ। ਕੰਪਨੀ ਪਹਿਲਾਂ ਹੀ 'ਮੇਕ ਮਾਈ ਟ੍ਰਿਪ' ਅਤੇ 'ਗੋ ਆਈ ਬੀਬੋ' ਨਾਲ ਹੱਥ ਮਿਲਾ ਚੁੱਕੀ ਹੈ ਅਤੇ ਸੂਤਰਾਂ ਦੀਆਂ ਮੰਨੀਏ ਤਾਂ ਉਹ ਦੇਸ਼ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਫਲਿੱਪਕਾਰਟ ਨੂੰ ਵੀ ਆਪਣੇ ਪਲੇਟਫਾਰਮ ਨਾਲ ਜੋੜਨ ਦੀ ਤਿਆਰੀ ਵਿੱਚ ਹੈ। 

ਇਸ ਦੇ ਨਾਲ ਹੀ ਉਸ ਦੀ ਕਈ ਸੂਬਿਆਂ ਦੇ ਬਿਜਲੀ ਬੋਰਡਾਂ, ਦੂਰਸੰਚਾਰ ਕੰਪਨੀਆਂ, ਸਰਕਾਰੀ ਸੇਵਾ ਦਾਤਾ ਕੰਪਨੀਆਂ ਨਾਲ ਵੀ ਗੱਲ ਚੱਲ ਰਹੀ ਹੈ ਤਾਂ ਕਿ ਯੂਜ਼ਰ ਉਸ ਦੇ ਚੈਟ ਐਪ ਨਾਲ ਆਪਣੇ ਬਿੱਲਾਂ ਦਾ ਭੁਗਤਾਨ ਕਰ ਸਕਣ।

ਕਾਰੋਬਾਰੀਆਂ ਨੂੰ ਵੀ ਮਿਲੇਗਾ ਗਾਹਕਾਂ ਨਾਲ ਜੁੜਨ ਦਾ ਮੌਕਾ

ਕੰਪਨੀ ਆਪਣੀ ਮੈਸੇਜਿੰਗ ਸਰਵਿਸ ਨਾਲ ਵੀ ਕਮਾਈ ਕਰਨ ਦੀ ਯੋਜਨਾ ਬਣਾ ਰਹੀ ਹੈ ਅਤੇ ਅਜਿਹੀਆਂ ਸੇਵਾਵਾਂ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਨ੍ਹਾਂ 'ਤੇ ਯੂਜ਼ਰਾਂ ਕੋਲੋਂ ਪੈਸਾ ਵਸੂਲਿਆ ਜਾ ਸਕੇ। ਉੱਥੇ ਹੀ ਕੰਪਨੀ ਅਜਿਹੀ ਯੋਜਨਾ 'ਤੇ ਵੀ ਕੰਮ ਕਰ ਰਹੀ ਹੈ, ਜਿਸ ਨਾਲ ਕਾਰੋਬਾਰੀ ਗਾਹਕਾਂ ਨਾਲ ਜੁੜਨ ਲਈ ਉਸ ਦੇ ਪਲੇਟਫਾਰਮ ਦਾ ਇਸਤੇਮਾਲ ਕਰ ਸਕਣ। ਸੂਤਰਾਂ ਦਾ ਕਹਿਣਾ ਹੈ ਕਿ ਕੰਪਨੀ ਆਨਲਾਈਨ ਮੂਵੀ ਅਤੇ ਪ੍ਰੋਗਰਾਮ ਟਿਕਟਿੰਗ ਕੰਪਨੀਆਂ ਨਾਲ ਵੀ ਗੱਲਬਾਤ ਕਰ ਰਹੀ ਹੈ। 

ਉਦਯੋਗ ਦੇ ਜਾਣਕਾਰਾਂ ਮੁਤਾਬਕ ਕੰਪਨੀ ਚੀਨ ਦੇ ਵੀ-ਚੈਟ ਮਾਡਲ ਨੂੰ ਭਾਰਤ ਵਿੱਚ ਦੁਹਰਾਉਣਾ ਚਾਹੁੰਦੀ ਹੈ। ਇਸ ਨਾਲ ਕੰਪਨੀ ਉਸ ਖੇਤਰ ਵਿੱਚ ਪ੍ਰਵੇਸ਼ ਕਰੇਗੀ ਜਿੱਥੇ ਪੇ. ਟੀ. ਐੱਮ ਵਰਗੇ ਮੋਬਾਇਲ ਵਾਲਿਟ ਸਰਗਰਮ ਹਨ। ਪੇ. ਟੀ. ਐੱਮ. ਦੇ ਕਰੀਬ 23 ਕਰੋੜ ਯੂਜ਼ਰ ਹਨ। ਦੂਜੇ ਪਾਸੇ ਵਟਸਐਪ ਦੇ 20 ਕਰੋੜ ਸਰਗਰਮ ਯੂਜ਼ਰ ਹਨ ਅਤੇ ਸਮਾਰਟ ਫੋਨ 4ਜੀ ਦੇ ਵੱਧਦੇ ਚਲਨ ਨੂੰ ਵੇਖਦੇ ਹੋਏ ਇਹ ਗਿਣਤੀ ਹੋਰ ਵਧੇਗੀ।