ਮੁੰਬਈ,
19 ਨਵੰਬਰ: ਵਿਵਾਦਾਂ 'ਚ ਘਿਰੀ ਫ਼ਿਲਮ 'ਪਦਮਾਵਤੀ' ਦੇ ਨਿਰਮਾਤਾਵਾਂ ਨੇ ਅੱਜ ਕਿਹਾ ਕਿ
ਉਨ੍ਹਾਂ ਨੇ ਸੰਜੇ ਲੀਲਾ ਭੰਸਾਲੀ ਦੀ ਇਸ ਫ਼ਿਲਮ ਨੂੰ ਰਿਲੀਜ਼ ਕਰਨ ਦੀ ਤਰੀਕ ਅਜੇ ਟਾਲ ਦਿਤੀ
ਹੈ। ਇਕ ਬਿਆਨ 'ਚ 'ਵਾਇਆਕਾਮ 18 ਮੋਸ਼ਨ ਪਿਕਚਰਜ਼' ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੇ
ਅਪਣੀ ਇੱਛਾ ਨਾਲ ਇਹ ਫ਼ੈਸਲਾ ਕੀਤਾ ਹੈ। ਇਸੇ ਦੌਰਾਨ ਅੱਜ ਕਈ ਥਾਵਾਂ 'ਤੇ ਦੀਪਕਾ
ਪਾਦੂਕੋਨ, ਸੰਜੇ ਲੀਲਾ ਭੰਸਾਲੀ ਦੇ ਪੁਤਲੇ ਫੂਕੇ ਗਏ।
ਪਦਮਾਵਤੀ ਦੇ ਨਿਰਮਾਣ
'ਚ ਸ਼ਾਮਲ ਸਟੂਡੀਉ 'ਵਾਇਆਕਾਮ 18 ਮੋਸ਼ਨ ਪਿਕਚਰਜ਼' ਨੇ ਅਪਣੀ ਮਰਜ਼ੀ ਅਨੁਸਾਰ ਫ਼ਿਲਮ ਨੂੰ
ਰਿਲੀਜ਼ ਕਰਨ ਦੀ ਤਰੀਕ ਇਕ ਦਸੰਬਰ 2017 ਤੋਂ ਅੱਗੇ ਵਧਾ ਦਿਤੀ ਹੈ। ਬੁਲਾਰੇ ਨੇ ਕਿਹਾ ਕਿ
'ਵਾਇਆਕਾਮ 18 ਮੋਸ਼ਨ ਪਿਕਚਰਜ਼' ਦੇਸ਼ ਦੇ ਕਾਨੂੰਨ ਅਤੇ ਕੇਂਦਰੀ ਫ਼ਿਲਮ ਪ੍ਰਮਾਣ ਬੋਰਡ
(ਸੀ.ਬੀ.ਐਫ਼.ਸੀ.) ਵਰਗੀਆਂ ਵਿਧਾਨਕ ਸੰਸਥਾਵਾਂ ਦਾ ਪੂਰਾ ਸਨਮਾਨ ਕਰਦੀ ਹੈ।
ਉਨ੍ਹਾਂ
ਕਿਹਾ ਕਿ ਇਕ ਜ਼ਿੰਮੇਵਾਰ ਅਤੇ ਕਾਨੂੰਨ ਦਾ ਪਾਲਣ ਕਰਨ ਵਾਲੇ ਕਾਰਪੋਰੇਟ ਨਾਗਰਿਕ ਦੇ ਤੌਰ
'ਤੇ ਉਹ ਸਥਾਪਤ ਪ੍ਰਕਿਰਿਆ ਅਤੇ ਪ੍ਰੰਪਰਾਵਾਂ ਦਾ ਪਾਲਣ ਕਰਨ ਲਈ ਪ੍ਰਤੀਬੱਧ ਹੈ।
ਬਿਆਨ ਮੁਤਾਬਕ ਉਨ੍ਹਾਂ ਕਿਹਾ ਕਿ ਸਾਨੂੰ ਯਕੀਨ ਹੈ ਕਿ ਅਸੀਂ ਫ਼ਿਲਮ ਰਿਲੀਜ਼ ਕਰਨ ਲਈ
ਜ਼ਰੂਰੀ ਮਨਜ਼ੂਰੀ ਜਲਦ ਹੀ ਹਾਸਲ ਕਰ ਲਵਾਂਗੇ। ਸੀ.ਬੀ.ਐਫ.ਸੀ. ਜਾਨੀ ਸੈਂਸਰ ਬੋਰਡ ਤੋਂ
ਪ੍ਰਮਾਣ-ਪੱਤਰ ਪ੍ਰਾਪਤ ਕਰਨ ਤੋਂ ਪਹਿਲਾਂ ਹੀ ਵੱਖ-ਵੱਖ ਮੀਡੀਆ ਚੈਨਲਾਂ ਨੂੰ ਇਹ ਫ਼ਿਲਮ
ਵਿਖਾਏ ਜਾਣ ਤੋਂ ਔਖੇ ਬੋਰਡ ਦੇ ਮੁਖੀ ਪਸੂਨ ਜੋਸ਼ੀ ਕਲ 'ਪਦਮਾਵਤੀ' ਦੇ ਨਿਰਮਾਤਾਵਾਂ 'ਤੇ
ਕਾਫ਼ੀ ਵਰ੍ਹੇ ਸਨ। ਉਧਰ, ਯੂਪੀ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਕਿਹਾ ਕਿ
ਜਦ ਤਕ ਫ਼ਿਲਮ ਵਿਚਲੇ ਵਿਵਾਦਤ ਅੰਸ਼ ਹਟਾਏ ਨਹੀਂ ਜਾਣਗੇ, ਤਦ ਤਕ ਸੂਬੇ ਵਿਚ ਫ਼ਿਲਮ ਰਿਲੀਜ਼
ਨਹੀਂ ਹੋਣ ਦਿਤੀ ਜਾਵੇਗੀ। (ਏਜੰਸੀ)