ਵਿਦੇਸ਼ 'ਚ ਪੜ੍ਹਾਈ ਕਰਨਾ ਹੁਣ ਹੋਰ ਵੀ ਹੋਵੇਗਾ ਮੁਸ਼ਕਿਲ, ਜਾਣੋ ਪੂਰੀ ਖ਼ਬਰ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ: ਪਿਛਲੇ ਕਈ ਮਹੀਨਿਆਂ ਤੋਂ ਡਾਲਰ ਲਗਾਤਾਰ ਮਜ਼ਬੂਤ ਹੋਇਆ ਹੈ। ਜਿਸ ਨਾਲ ਭਾਰਤੀ ਕਰੰਸੀ ਕਮਜ਼ੋਰ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਏ ਦਾ ਮੁੱਲ ਡਿੱਗਣ ਨਾਲ ਜਾਂ ਡਾਲਰ ਮਹਿੰਗਾ ਹੋਣ ਨਾਲ ਪੈਟਰੋਲ ਅਤੇ ਡੀਜ਼ਲ ‘ਤੇ ਵੀ ਅਸਰ ਪੈ ਸਕਦਾ ਹੈ, ਜਿਸ ਨਾਲ ਕੀਮਤਾਂ ਵਧਣ ਦੇ ਆਸਾਰ ਹਨ। ਉੱਥੇ ਹੀ, ਸੋਨਾ ਇੰਪੋਰਟ ਕਰਨਾ ਵੀ ਮਹਿੰਗਾ ਪਵੇਗਾ। 

ਹਾਲਾਂਕਿ ਇਸ ਨਾਲ ਐੱਨ. ਆਰ. ਆਈਜ਼. ਨੂੰ ਫਾਇਦਾ ਹੋ ਰਿਹਾ ਹੈ। ਡਾਲਰ ਮਹਿੰਗਾ ਹੋਣ ਅਤੇ ਰੁਪਿਆ ਕਮਜ਼ੋਰ ਹੋਣ ਕਰਕੇ ਵਿਦੇਸ਼ ਘੁੰਮਣ ਲਈ ਹੁਣ ਜੇਬ 'ਚੋਂ ਜ਼ਿਆਦਾ ਖਰਚ ਕਰਨਾ ਪਵੇਗਾ। ਉੱਥੇ ਹੀ, ਜੇਕਰ ਤੁਹਾਡਾ ਕੋਈ ਆਪਣਾ ਬਾਹਰਲੇ ਮੁਲਕ ਪੜ੍ਹਾਈ ਕਰਨ ਗਿਆ ਹੈ ਤਾਂ ਤੁਹਾਨੂੰ ਪਹਿਲਾਂ ਨਾਲੋਂ ਜ਼ਿਆਦਾ ਪੈਸੇ ਉਸ ਦੇ ਖਰਚੇ ਲਈ ਭੇਜਣੇ ਪੈਣਗੇ, ਜਦੋਂ ਕਿ ਡਾਲਰ 'ਚ ਕਮਾਈ ਭਾਰਤ ਭੇਜਣ ਵਾਲੇ ਪ੍ਰਵਾਸੀ ਭਾਰਤੀਆਂ ਨੂੰ ਇਸ ਦਾ ਫਾਇਦਾ ਹੋਵੇਗਾ। 

ਭਾਰਤੀ ਰੁਪਏ ਦੇ ਮੁਕਾਬਲੇ ਡਾਲਰ ਸਾਢੇ ਛੇ ਮਹੀਨਿਆਂ ਦੇ ਉੱਚੇ ਪੱਧਰ 'ਤੇ ਪਹੁੰਚ ਗਿਆ ਹੈ। ਬੁੱਧਵਾਰ ਨੂੰ ਡਾਲਰ ਦਾ ਮੁੱਲ 65.71 ਰੁਪਏ 'ਤੇ ਬੰਦ ਹੋਇਆ ਅਤੇ ਵੀਰਵਾਰ ਦੇ ਕਾਰੋਬਾਰੀ ਸਤਰ 'ਚ ਵੀ ਰੁਪਏ ਦੀ ਸ਼ੁਰੂਆਤ ਕਮਜ਼ੋਰੀ ਨਾਲ ਹੋਈ। ਵੀਰਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 7 ਪੈਸੇ ਹੋਰ ਕਮਜ਼ੋਰ ਹੋ ਕੇ 65.78 ਦੇ ਪੱਧਰ 'ਤੇ ਖੁੱਲ੍ਹਿਆ। ਤਕਰੀਬਨ ਛੇ ਮਹੀਨੇ ਪਹਿਲਾਂ 14 ਮਾਰਚ ਨੂੰ ਡਾਲਰ ਦੀ ਲਗਭਗ ਇੰਨੀ ਉੱਚੀ ਕੀਮਤ ਰਹੀ ਸੀ, ਉਦੋਂ ਇਸ ਦਾ ਮੁੱਲ 65.82 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਜਦੋਂ ਕਿ 8 ਸਤੰਬਰ ਨੂੰ ਰੁਪਏ 'ਚ ਵੱਡੀ ਮਜ਼ਬੂਤੀ ਦੇਖੀ ਗਈ ਸੀ ਅਤੇ ਡਾਲਰ ਦੇ ਮੁਕਾਬਲੇ ਰੁਪਿਆ ਮਜ਼ਬੂਤ ਹੋ ਕੇ 63.78 'ਤੇ ਬੰਦ ਹੋਇਆ ਸੀ। ਉੱਥੇ ਹੀ, ਪੌਂਡ ਦੀ ਕੀਮਤ ਬੁੱਧਵਾਰ ਨੂੰ ਪਿਛਲੇ ਦਿਨ ਦੇ 87.91 ਦੇ ਮੁਕਾਬਲੇ 88.18 ਰੁਪਏ 'ਤੇ ਪਹੁੰਚ ਗਈ। ਜਦੋਂ ਕਿ ਯੂਰੋ ਦੇ ਮੁਕਾਬਲੇ ਰੁਪਿਆ 3 ਪੈਸੇ ਦੀ ਮਜ਼ਬੂਤੀ ਨਾਲ 77.17 'ਤੇ ਬੰਦ ਹੋਇਆ। 

ਰੁਪਿਆ ਕਮਜ਼ੋਰ ਹੋਣ ਨਾਲ ਭਾਰਤੀ ਬਾਜ਼ਾਰ 'ਤੇ ਹੋਵੇਗਾ ਅਸਰ!

ਯੂ. ਐੱਸ. ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ 'ਚ ਵਾਧੇ ਦੀ ਸੰਭਾਵਨਾ ਅਤੇ ਟਰੰਪ ਵੱਲੋਂ ਬੁੱਧਵਾਰ ਨੂੰ ਪ੍ਰਸਤਾਵਿਤ ਕਾਰਪੋਰੇਟ ਟੈਕਸ 'ਚ ਕਟੌਤੀ ਦੇ ਮੱਦੇਨਜ਼ਰ ਡਾਲਰ 'ਚ ਮਜ਼ਬੂਤੀ ਬਣੀ ਹੋਈ ਹੈ। ਸੰਸਾਰਕ ਉਤਰਾਅ-ਚੜ੍ਹਾਅ ਅਤੇ ਅਰਥਵਿਵਸਥਾ ਨੂੰ ਮੰਦੀ ਤੋਂ ਉਭਾਰਨ ਲਈ ਮੋਦੀ ਸਰਕਾਰ ਵੱਲੋਂ ਪੈਕੇਜ ਦੇਣ 'ਤੇ ਵਿਚਾਰ ਦੀਆਂ ਖਬਰਾਂ ਕਾਰਨ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਮਾਰਕੀਟ 'ਚੋਂ ਪੈਸੇ ਕੱਢੇ ਜਾਣ ਨਾਲ ਭਾਰਤੀ ਬਾਜ਼ਾਰ 'ਤੇ ਦਬਾਅ ਵਧਿਆ ਹੈ। ਉੱਥੇ ਹੀ, ਵਿਸ਼ਲੇਸ਼ਕਾਂ ਮੁਤਾਬਕ, ਜੀ. ਐੱਸ. ਟੀ. ਦੇ ਅਸਰ ਕਾਰਨ ਸਤੰਬਰ ਤਿਮਾਹੀ 'ਚ ਕੰਪਨੀਆਂ ਦੀ ਕਮਾਈ 'ਤੇ ਅਸਰ ਪੈ ਸਕਦਾ ਹੈ। 

ਉਹ ਮੰਨਦੇ ਹਨ ਕਿ ਛੋਟੀ ਅਤੇ ਦਰਮਿਆਨੀ ਕੰਪਨੀਆਂ ਹੁਣ ਵੀ ਜੀ. ਐੱਸ. ਟੀ. ਦੇ ਸ਼ੁਰੂਆਤੀ ਦਬਾਅ ਤੋਂ ਨਹੀਂ ਉਭਰ ਸਕੀਆਂ ਹਨ ਅਤੇ ਰੁਪਿਆ ਕਮਜ਼ੋਰ ਹੋਣ ਨਾਲ ਉਮੀਦਾਂ ਹੋਰ ਠੰਡੀਆਂ ਪੈਂਦੀਆਂ ਨਜ਼ਰ ਆ ਰਹੀਆਂ ਹਨ ਕਿਉਂਕਿ ਇਸ ਕਾਰਨ ਵਿਦੇਸ਼ੀ ਨਿਵੇਸ਼ਕਾਂ ਦੇ ਉਤਸਾਹ ਪ੍ਰਭਾਵਿਤ ਹੋਏ ਹਨ।