ਗਾਂਧੀਨਗਰ, 26 ਦਸੰਬਰ : ਵਿਜੇ ਰੁਪਾਣੀ ਨੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਅੱਜ ਸਹੁੰ ਚੁੱਕੀ। ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਜਿੱਤ ਮਗਰੋਂ ਇਹ ਉਨ੍ਹਾਂ ਦਾ ਦੂਜਾ ਕਾਰਜਕਾਲ ਹੋਵੇਗਾ। ਨਿਤਿਨ ਪਟੇਲ ਨੇ ਵੀ 18 ਹੋਰ ਮੰਤਰੀਆਂ ਨਾਲ ਅਹੁਦੇ ਦੀ ਸਹੁੰ ਚੁੱਕੀ। ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੇ ਵਿਜੇ ਰੁਪਾਣੀ ਗੁਜਰਾਤ ਵਿਚ ਸੱਤਾ ਸਬੰਧੀ ਮੁਸ਼ਕਲਾਂ ਅਤੇ ਹਿੰਸਕ ਪਾਟੀਦਾਰ ਅੰਦੋਲਨ ਦਾ ਸਾਹਮਣਾ ਕਰਨ ਮਗਰੋਂ ਇਕ ਵਾਰ ਫਿਰ ਸੂਬੇ ਦੇ ਮੁੱਖ ਮੰਤਰੀ ਬਣ ਗਏ। ਉਨ੍ਹਾਂ ਨੂੰ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਵਿਸ਼ਵਾਸਪਾਤਰ ਮੰਨਿਆ ਜਾਂਦਾ ਹੈ। ਰੰਗੂਨ ਵਿਚ ਜਨਮੇ ਰੁਪਾਣੀ (61) ਵਿਦਿਆਰਥੀ ਵਜੋਂ ਆਰਐਸਐਸ ਸ਼ਾਖ਼ਾ ਵਿਚ ਸ਼ਾਮਲ ਹੋਏ ਸਨ। ਗਾਂਧੀਨਗਰ ਵਿਚ ਹੋਏ ਸ਼ਾਨਦਾਰ ਸਮਾਗਮ ਵਿਚ ਰਾਜਪਾਲ ਓਪੀ ਕੋਹਲੀ ਨੇ ਰੁਪਾਣੀ ਅਤੇ ਹੋਰ ਮੰਤਰੀਆਂ ਨੂੰ ਅਹੁਦੇ ਅਤੇ ਭੇਦ ਦੀ ਸਹੁੰ ਚੁਕਾਈ। ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਭਾਜਪਾ ਸ਼ਾਸਤ ਰਾਜਾਂ ਦੇ ਮੁੱਖ
ਮੰਤਰੀ ਸ਼ਾਮਲ ਹੋਏ। ਰਾਜ ਸਕੱਤਰੇਤ ਲਾਗੇ ਹੋਏ ਸਮਾਗਮ ਵਿਚ ਰੁਪਾਣੀ ਤੋਂ ਇਲਾਵਾ ਪਟੇਲ ਸਮੇਤ ਕੈਬਨਿਟ ਦਰਜ ਦੇ ਨੌਂ ਮੰਤਰੀਆਂ ਅਤੇ ਸੂਬੇ ਦੇ 10 ਰਾਜ ਮੰਤਰੀਆਂ ਨੇ ਸਹੁੰ ਚੁੱਕੀ। ਇਸ ਮੌਕੇ ਰੁਪਾਣੀ ਨੇ ਨਾਰੰਗੀ ਰੰਗ ਦੀ ਜੈਕੇਟ ਪਾਈ ਹੋਈ ਸੀ। ਸਹੁੰ ਚੁੱਕਣ ਤੋਂ ਪਹਿਲਾਂ ਰੁਪਾਣੀ ਅਤੇ ਪਟੇਲ ਨੇ ਸਮਾਗਮ ਵਿਚ ਸ਼ਰੀਕ ਹੋਣ ਆਏ ਭਾਜਪਾ ਸ਼ਾਸਤ ਰਾਜਾਂ ਦੇ ਮੁੱਖ ਮੰਤਰੀਆਂ ਦਾ ਸਵਾਗਤ ਕੀਤਾ। ਰੁਪਾਣੀ ਅਤੇ ਉਸ ਦੀ ਪਤਨੀ ਨੇ ਪੰਚਦੇਵ ਮੰਤਰ ਵਿਚ ਪੂਜਾ ਵੀ ਕੀਤੀ। ਸਮਾਗਮ ਵਿਚ ਐਲ ਕੇ ਅਡਵਾਨੀ, ਰਾਜਨਾਥ ਸਿੰਘ, ਨਿਤੀਸ਼ ਕੁਮਾਰ, ਯੋਗੀ ਅਤਿਤਿਆਨਾਥ ਅਤੇ ਦਵਿੰਦਰ ਫੜਨਵੀਸ ਵੀ ਮੌਜੂਦ ਸਨ। ਛੇ ਮੰਤਰੀ ਪਟੇਲ ਤਬਕੇ ਦੇ ਹਨ ਅਤੇ ਮੰਤਰੀ ਮੰਡਲ ਵਿਚ ਇਕਲੌਤੀ ਔਰਤ ਵਿਧਾਇਕਾ ਵਿਭਾਵਾਸੀਬੇਨ ਦੇਵ ਹੈ। (ਏਜੰਸੀ)