ਵਿਜੀਲੈਂਸ ਵਿਰੁਧ ਸਿੰਚਾਈ ਵਿਭਾਗ ਦੇ ਇੰਜੀਨੀਅਰਾਂ ਨੇ ਕੀਤਾ ਮੁਜ਼ਾਹਰਾ

ਖ਼ਬਰਾਂ, ਰਾਸ਼ਟਰੀ

ਚੰਡੀਗੜ੍ਹ, 1 ਸਤੰਬਰ (ਛਿੱਬਰ) : ਜੁਆਇੰਟ ਐਕਸ਼ਨ ਕਮੇਟੀ ਸਿੰਚਾਈ ਵਿਭਾਗ ਪੰਜਾਬ ਨੇ ਪ੍ਰਧਾਨ ਬਲਜਿੰਦਰ ਪਾਲ ਸਿੰਘ ਬਰਾੜ ਦੀ ਅਗਵਾਈ 'ਚ ਪੰਜਾਬ ਸਰਕਾਰ ਅਤੇ ਵਿਜੀਲੈਂਸ ਬਿਊਰੋ ਵਿਰੁਧ ਰੋਸ ਪ੍ਰਦਰਸ਼ਨ ਕੀਤਾ।
ਇਸ ਮੌਕੇ ਹਾਜ਼ਰ ਵੱਖ ਵੱਖ ਵਿੰਗਾਂ ਦੇ ਇੰਜੀਨਿਅਰਾਂ ਨੇ ਸਰਕਾਰ ਦੇ ਅੜੀਅਲ ਰਵਈਏ ਅਤੇ ਵਿਜੀਲੈਂਸ ਬਿਊਰੋ ਵਲੋਂ ਗ਼ਲਤ ਤਰੀਕੇ ਨਾਲ ਦਾਇਰ ਕੀਤੇ ਗਏ ਸਿੰਚਾਈ ਇੰਜੀਨੀਅਰਾਂ ਵਿਰੁਧ ਝੂਠੀ ਐਫਆਈਆਰ ਨੂੰ ਲੈ ਕੇ ਜਬਰਦਸਤ ਨਾਹਰੇਬਾਜ਼ੀ ਕੀਤੀ ਤੇ ਦਰਜ ਕੇਸ ਵਾਪਸ ਲੈਣ ਦੀ ਮੰਗ ਕੀਤੀ। ਇਸ ਮੌਕੇ ਸਾਬਕਾ 24 ਇੰਜੀਨੀਅਰਸ ਅਹੁਦੇਦਾਰਾਂ ਵਲੋਂ ਇਕ ਬੈਠਕ ਸੈਕਟਰ 18 ਸਥਿਤ ਸਿੰਚਾਈ ਵਿਭਾਗ ਦੀ ਨਵੀਂ ਬਿਲਡਿੰਗ 'ਚ ਕੀਤੀ ਗਈ ਜਿਸ 'ਚ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਪੰਜਾਬ ਸਰਕਾਰ ਦੇ ਅੜੀਅਲ ਰਵਈਏ ਵਿਰੁਧ ਠੋਸ ਕਦਮ ਚੁਕਿਆ ਜਾਵੇ ਜਿਸ ਤਹਿਤ ਪੰਜਾਬ ਸਰਕਾਰ ਅਤੇ ਵਿਜੀਲੈਂਸ ਬਿਊਰੋ ਪੰਜਾਬ ਵਿਰੁਧ ਪ੍ਰਦਰਸ਼ਨ ਲਈ ਇਥੇ ਰੋਸ ਪ੍ਰਦਰਸ਼ਨ ਰੈਲੀ ਦਾ ਆਯੋਜਨ ਕੀਤਾ ਗਿਆ।
ਜੁਆਇੰਟ ਐਕਸ਼ਨ ਕਮੇਟੀ ਇੰਜੀਨੀਅਰਿੰਗ ਫ਼ਾਰਮ ਦੇ ਮੁੱਖ ਸਕੱਤਰ ਰਸ਼ਪਾਲ ਸਿੰਘ ਬੁੱਟਰ, ਮੁੱਖ ਉਪ ਪ੍ਰਦਾਨ ਰੁਪਿੰਦਰ ਪਾਲ ਸਿੰਘ ਵਲੋਂ ਇਕ ਸਾਂਝਾ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਜੁਆਇੰਟ ਐਕਸ਼ਨ ਕਮੇਟੀ ਨੇ ਪੰਜਾਬ ਸਰਕਾਰ ਨਾਲ ਪਿਛਲੇ ਦੋ ਮਹੀਨਿਆਂ ਤੋਂ ਵੀ ਜ਼ਿਆਦਾ ਸਮੇਂ 'ਚ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ, ਪੰਜਾਬ ਦੇ ਸਿੰਚਾਈ ਮੰਤਰੀ, ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ, ਮੁੱਖ ਸਕੱਤਰ, ਪੰਜਾਬ ਅਤੇ ਪ੍ਰਿੰਸੀਪਲ ਸਕੱਤਰ ਦੇ ਨਾਲ ਨਿਯਮਿਤ ਰੂਪ ਨਾਲ ਕਈ ਬੈਠਕਾਂ ਕੀਤੀਆਂ ਗਈਆਂ ਹਨ ਜਿਸ 'ਚ ਇਹ ਚਰਚਾ ਹੋਈ ਕਿ ਸਟੇਟ ਵਿਜੀਲੈਂਸ ਬਿਊਰੋ, ਪੰਜਾਬ ਵਲੋਂ ਜਿਹੜੇ ਸਿੰਚਾਈ ਵਿਭਾਗ ਦੇ ਇੰਜੀਨੀਅਰਾਂ ਨਾਲ ਜਿਹੜਾ ਰਵਈਆ ਵਰਤਿਆ ਜਾ ਰਿਹਾ ਹੈ ਉਸ ਨੂੰ ਤੁਰਤ ਬੰਦ ਕੀਤਾ ਜਾਵੇ। ਉਨ੍ਹਾਂ ਦਸਿਆ ਕਿ ਪੰਜਾਬ ਸਰਕਾਰ ਵਲੋਂ ਇਸ ਲਈ ਕੋਈ ਠੋਸ ਕਦਮ ਨਹੀਂ ਚੁਕਿਆ ਗਿਆ ਅਤੇ ਵਿਜੀਲੈਂਸ ਬਿਊਰੋ ਵਲੋਂ ਪੱਖਪਾਤ ਦਾ ਰਵਈਆ ਅਪਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇੰਜੀਨੀਅਰਾਂ ਦੇ ਇਸ ਸੰਘਰਸ਼ ਨਾਲ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਸਿੱਧੀ ਤੌਰ 'ਤੇ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਲਈ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਵਿਜੀਲੈਂਸ ਬਿਊਰੋ ਵਲੋਂ ਇੰਜੀਨੀਅਰਾਂ 'ਤੇ ਕੀਤੀ ਜਾ ਰਹੀ ਗ਼ਲਤ ਕਾਰਵਾਈ ਨੂੰ ਤੁਰਤ ਰੋਕਿਆ ਜਾਵੇ। ਉਨ੍ਹਾਂ ਨੇ ਸਰਕਾਰ ਨੂੰ ਧਮਕੀ ਦਿਤੀ ਕਿ ਜੇਕਰ ਸਰਕਾਰ ਵਲੋਂ ਇਹ ਕੰਮ ਬੰਦ ਨਹੀਂ ਕੀਤਾ ਗਿਆ ਤਾਂ ਸਿੰਚਾਈ ਵਿਭਾਗ ਦੇ ਸਾਰੇ ਕਰਮਚਾਰੀ ਅਨਿਸ਼ਚਿਤਕਾਲ ਤਕ ਹੜਤਾਲ 'ਤੇ ਚਲੇ ਜਾਣਗੇ।