ਵਿਸ਼ਵ ਰੈਂਕਿੰਗ ਸੂਚੀ 'ਚ ਹੋਰ ਪਛੜੀਆਂ ਭਾਰਤੀ ਯੂਨੀਵਰਸਟੀਆਂ

ਖ਼ਬਰਾਂ, ਰਾਸ਼ਟਰੀ



ਲੰਦਨ, 6 ਸਤੰਬਰ: ਦੁਨੀਆਂ ਭਰ ਦੀਆਂ ਯੂਨੀਵਰਸਟੀਆਂ ਦੀ ਰੈਂਕਿੰਗ ਸੂਚੀ 'ਚ ਭਾਰਤ ਇਕ ਬਿੰਦੂ ਹੇਠਾਂ ਖਿਸਕ ਕੇ 31 ਤੋਂ 30ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਉਥੇ ਗਲੋਬਲ 1000 ਸੂਚੀ 'ਚ ਆਕਸਫ਼ੋਰਡ ਅਤੇ ਕੈਂਬ੍ਰਿਜ ਯੂਨੀਵਰਸਟੀ ਅੱਵਲ ਬਣੀ ਹੋਈ ਹੈ। ਟਾਈਮਜ਼ ਹਾਇਅਰ ਐਜੂਕੇਸ਼ਨ ਵਲੋਂ ਜਾਰੀ ਸਾਲਾਨਾ ਵਰਲਡ ਯੂਨੀਵਰਸਟੀ ਰੈਂਕਿੰਗ 'ਚ ਭਾਰਤ ਦਾ ਪ੍ਰਮੁੱਖ ਸੰਸਥਾਨ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਪਿਛਲੇ ਸਾਲ ਦੇ 201-250 ਦੇ ਬੈਂਡ ਤੋਂ 251-300 'ਚ ਆ ਗਿਆ ਹੈ। ਇਸ ਲਈ ਸੰਸਥਾਨ ਦੇ ਖੋਜ ਪ੍ਰਭਾਵ ਸਕੋਰ ਅਤੇ ਖੋਜ ਆਮਦਨ 'ਚ ਕਮੀ ਨੂੰ ਕਾਰਨ ਦਸਿਆ ਗਿਆ ਹੈ। ਦਿੱਲੀ, ਕਾਨਪੁਰ ਅਤੇ ਮਦਰਾਸ ਆਈ.ਆਈ.ਟੀ. ਵੀ ਘੱਟ ਤੋਂ ਘੱਟ ਇਕ ਬੈਂਡ ਹੇਠਾਂ ਖਿਸਕ ਗਏ ਹਨ।

ਟਾਇਮਜ਼ ਹਾਇਅਰ ਐਜੂਕੇਸ਼ਨ ਲਈ ਗਲੋਬਲ ਰੈਂਕਿੰਗ ਦੇ ਸੰਪਾਦਕੀ ਨਿਰਦੇਸ਼ਕ ਫ਼ਿਲ ਬੈਟੀ ਨੇ ਕਿਹਾ ਕਿ ਇਹ ਨਿਰਾਸ਼ਾਜਨਕ ਹੈ ਕਿ ਵਧਦੇ ਕੌਮਾਂਤਰੀ ਮੁਕਾਬਲੇ ਵਿਚ ਟੀ.ਐਚ.ਈ. ਦੀ ਵਰਲਡ ਯੂਨੀਵਰਸਟੀ ਰੈਂਕਿੰਗ 'ਚ ਭਾਰਤ ਹੇਠਾਂ ਆ ਗਿਆ ਹੈ। ਇਕ ਪਾਸੇ ਚੀਨ, ਹਾਂਗਕਾਂਗ ਅਤੇ ਸਿੰਗਾਪੁਰ ਵਰਗੇ ਦੂਜੇ ਏਸ਼ੀਆਈ ਦੇਸ਼ਾਂ ਦੇ ਸਿਖਰਲੇ ਸੰਸਥਾਨਾਂ ਦੀ ਰੈਂਕਿੰਗ ਲਗਾਤਾਰ ਵਧ ਰਹੀ ਹੈ ਜਿਸ ਲਈ ਅੰਸ਼ਕ ਤੌਰ 'ਤੇ ਉੱਚ ਪੱਧਰ ਦਾ ਲਗਾਤਾਰ ਨਿਵੇਸ਼ ਇਕ ਕਾਰਕ ਹੈ, ਜਦਕਿ ਭਾਰਤ ਦਾ ਪ੍ਰਮੁੱਖ ਸੰਸਥਾਨ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਸਿਖਰਲੇ 200 ਸੰਸਥਾਨਾਂ 'ਚ ਹੇਠਾਂ ਖਿਸਕ ਗਿਆ ਹੈ।

ਹਾਲਾਂਕਿ ਇਹ ਚੰਗੀ ਖ਼ਬਰ ਵੀ ਹੈ ਕਿ ਭਾਰਤ ਦੀ ਸੰਪੂਰਨ ਖੋਜ ਆਮਦਨ ਅਤੇ ਮਿਆਰ ਇਸ ਸਾਲ ਵੱਧ ਗਿਆ ਹੈ ਅਤੇ ਦੇਸ਼ ਦੀਆਂ ਵਿਸ਼ਵ ਪੱਧਰੀ ਯੂਨੀਵਰਸਟੀਆਂ ਦੀ ਯੋਜਨਾ ਵਿਖਾਉਂਦੀ ਹੈ ਕਿ ਇਹ ਉੱਚ ਸਿਖਿਆ 'ਚ ਨਿਵੇਸ਼ ਨੂੰ ਮਹੱਤਵ ਦਿੰਦੇ ਹਨ ਜਿਸ ਨਾਲ ਆਉਣ ਵਾਲੇ ਸਾਲਾਂ 'ਚ ਭਾਰਤ ਦੀ ਰੈਂਕਿੰਗ ਡਿੱਗਣ ਦੀ ਬਜਾਏ ਵੱਧ ਸਕਦੀ ਹੈ।  (ਪੀਟੀਆਈ)