ਵਿਵੇਕਾਨੰਦ ਦਾ ਭਾਸ਼ਨ ਅੱਗੇ ਵਧਣ ਲਈ ਅਹਿਮ ਦਸਤਾਵੇਜ਼ : ਸੋਨੀਆ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 11 ਸਤੰਬਰ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਕਿਹਾ ਕਿ ਸਵਾਮੀ ਵਿਵੇਕਾਨੰਦ ਦਾ ਸ਼ਿਕਾਗੋ ਵਾਲਾ ਭਾਸ਼ਨ ਅੱਗੇ ਵਧਣ ਲਈ ਪ੍ਰੇਰਨਾ ਦਿੰਦਾ ਹੈ ਅਤੇ ਕਾਫ਼ੀ ਅਹਿਮ ਦਸਤਾਵੇਜ਼ ਹਨ। ਉਨ੍ਹਾਂ ਕਿਹਾ ਕਿ ਇਹ ਭਾਸ਼ਨ ਨਫ਼ਰਤ ਦੇ ਮੌਜੂਦਾ ਮਾਹੌਲ ਵਿਚ ਅੱਗੇ ਵਧਣ ਲਈ ਅਧਿਕਾਰਾਂ ਦਾ ਅਹਿਮ ਦਸਤਾਵੇਜ਼ ਹੈ।
ਸੋਨੀਆ ਨੇ ਕਿਹਾ ਕਿ ਉਨ੍ਹਾਂ ਨੇ ਧਰਤੀ 'ਤੇ ਫ਼ਿਰਕਾਪ੍ਰਸਤੀ, ਕੱਟੜਵਾਦ ਵਧਣ ਦੀ ਜੋ ਗੱਲ ਕਹੀ ਸੀ, ਉਹ ਅੱਜ ਵੀ ਸਾਰਥਕ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪ੍ਰੇਰਣਾਮਈ ਵਿਚਾਰ ਆਉਣ ਵਾਲੇ ਸਮੇਂ ਵਿਚ ਦੇਸ਼ ਦੇ ਸਾਰੇ ਲੋਕਾਂ ਖ਼ਾਸਕਰ ਨੌਜਵਾਨਾਂ ਨੂੰ ਸੇਧ ਦੇਣਗੇ। ਸੋਨੀਆ ਨੇ ਕਿਹਾ, 'ਉਨ੍ਹਾਂ ਦਾ ਨਾਹਰਾ-ਉਠੋ, ਜਾਗੋ ਅਤੇ ਟੀਚਾ ਪ੍ਰਾਪਤ ਹੋਣ ਤਕ ਰੁਕੋ ਨਾ-ਇਸ ਸਮੇਂ ਅਧਿਆਤਮਕ ਅਤੇ ਰਾਜਨੀਤਕ ਮੁਕਤੀ ਲਈ ਪ੍ਰੇਰਦਾ ਹੈ। ਸਾਰੇ ਧਰਮਾਂ ਵਿਚ ਬਰਾਬਰੀ ਦੇ ਵਿਚਾਰ ਨੂੰ ਹੱਲਾਸ਼ੇਰੀ ਦੇਣ ਦੇ ਨਾਲ ਨਾਲ ਉਨ੍ਹਾਂ ਨੇ ਇਸ ਵਿਚਾਰ ਨੂੰ ਉਸੇ ਉਤਸ਼ਾਹ ਨਾਲ ਅੱਗੇ ਵਧਾਇਆ ਸੀ। (ਏਜੰਸੀ)