ਯਸ਼ਵੰਤ ਸਿਨਹਾ ਦੇ ਵਿਚਾਰ ਭਾਜਪਾ ਅਤੇ ਦੇਸ਼ ਦੇ ਹਿਤ 'ਚ: ਸ਼ਤਰੂਘਣ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 28 ਸਤੰਬਰ: ਭਾਜਪਾ ਸੰਸਦ ਮੈਂਬਰ ਸ਼ਤਰੂਘਣ ਸਿਨਹਾ ਅੱਜ ਅਪਣੀ ਪਾਰਟੀ ਭਾਜਪਾ ਦੇ ਆਗੂ ਯਸ਼ਵੰਤ ਸਿਨਹਾ ਦੇ ਸਮਰਥਨ ਵਿਚ ਆ ਗਏ। ਉਨ੍ਹਾਂ ਕਿਹਾ ਕਿ ਯਸ਼ਵੰਤ ਅਸਲੀ ਸ਼ਬਦਾਂ ਵਿਚ ਰਾਜਨੇਤਾ ਹਨ ਅਤੇ ਉਨ੍ਹਾਂ ਨੇ ਸਰਕਾਰ ਨੂੰ ਸ਼ੀਸ਼ਾ ਦਿਖਾਇਆ ਹੈ। ਬਿਹਾਰ ਦੇ ਸੰਸਦ ਮੈਂਬਰ ਸ਼ਤਰੂਘਣ ਦੇ ਅਪਣੀ ਪਾਰਟੀ ਨਾਲ ਕਈ ਮੁੱਦਿਆਂ ਤੇ ਮਤਭੇਦ ਹੈ।
ਯਸ਼ਵੰਤ ਸਿਨਹਾ ਨੇ ਇਕ ਅਖ਼ਬਾਰ ਵਿਚ ਅਪਣੇ ਲੇਖ ਰਾਹੀਂ ਵਿੱਤ ਮੰਤਰੀ ਅਰੁਣ ਜੇਤਲੀ, ਉਨ੍ਹਾਂ ਦੀਆਂ ਆਰਥਿਕ ਨੀਤੀਆਂ ਦੀ ਆਲੋਚਨਾ ਕੀਤੀ ਹੈ। ਸਾਬਕਾ ਵਿੱਤ ਮੰੰਤਰੀ ਦੇ ਵਿਚਾਰਾਂ ਨੂੰ ਰੱਦ ਕਰਨ ਵਾਲੇ, ਪਾਰਟੀ ਦੇ ਨੇਤਾਵਾਂ 'ਤੇ ਸ਼ਤਰੂਘਣ ਨੇ ਨਿਸ਼ਾਨਾ ਲਾਇਆ ਅਤੇ ਕਿਹਾ ਕਿ ਅਜਿਹਾ ਕਰਨਾ ਬਚਪਨਾ ਹੈ ਕਿਉਂਕਿ ਉਨ੍ਹਾਂ ਦੇ ਵਿਚਾਰ ਪੂਰੀ ਤਰ੍ਹਾਂ ਪਾਰਟੀ ਅਤੇ ਦੇਸ਼ ਵਾਸਤੇ ਹਨ। ਸ਼ਤਰੂਘਣ ਨੇ ਯਸ਼ਵੰਤ ਸਿਨਹਾ ਦੀਆਂ ਟਿਪਣੀਆਂ ਬਾਰੇ ਕੀਤੀਆਂ ਜਾ ਰਹੀਆਂ ਗੱਲਾਂ ਦੇ ਸੰਦਰਭ ਵਿਚ ਦਾਅਵਾ ਕੀਤਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਕਿਸ ਤਰ੍ਹਾਂ ਦੀਆਂ ਤਾਕਤਾਂ ਉਨ੍ਹਾਂ ਦੇ ਪਿੱਛੇ ਹਨ?
ਉਨ੍ਹਾਂ ਨਰਿੰਦਰ ਮੋਦੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਹਾਲ ਵਿਚ ਹੀ ਕਿਹਾ ਕਿ ਦੇਸ਼ ਕਿਸੇ ਵੀ ਦਲ ਤੋਂ ਵੱਡਾ ਹੈ ਅਤੇ ਰਾਸ਼ਟਰ ਹਿੱਤ ਸਭ ਤੋਂ ਪਹਿਲਾਂ ਆਉਂਦਾ ਹੈ। ਸ਼ਤਰੂਘਣ ਨੇ ਟਵੀਟ ਕੀਤਾ, '' ਮੇਰਾ ਪੱਕੇ ਤੌਰ 'ਤੇ ਮੰਨਣਾ ਹੈ ਕਿ ਸਿਨਹਾ ਨੇ ਜੋ ਵੀ ਕੁੱਝ ਲਿਖਿਆ ਹੈ, ਉਹ ਪਾਰਟੀ ਅਤੇ ਰਾਸ਼ਟਰ ਦੇ ਹਿੱਤ ਵਿਚ ਹੈ।'' ਉਨ੍ਹਾਂ ਕਿਹਾ, ''ਉਹ ਸੱਚੇ ਸ਼ਬਦਾਂ ਵਿਚ ਰਾਜਨੇਤਾ ਹਨ ਜਿਸ ਨੇ ਖ਼ੁਦ ਨੂੰ ਸਾਬਤ ਕੀਤਾ ਹੈ ਅਤੇ ਜੋ ਦੇਸ਼ ਦੇ ਸੱਭ ਤੋਂ ਸਫ਼ਲ ਵਿੱਤ ਮੰਤਰੀਆਂ ਵਿਚੋਂ ਇਕ ਹਨ। (ਏਜੰਸੀ)