ਯਸ਼ਵੰਤ ਸਿਨਹਾ ਨੇ ਫਿਰ ਕੀਤਾ ਵਾਰ : ਚੋਣਾਂ ਜਿੱਤਣ ਨਾਲ ਸੱਭ ਕੁੱਝ ਮਾਫ਼ ਨਹੀਂ ਹੋ ਜਾਂਦਾ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 28 ਸਤੰਬਰ : ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿਨਹਾ ਨੇ ਕੇਂਦਰ ਸਰਕਾਰ 'ਤੇ ਫਿਰ ਤਗੜਾ ਹੱਲਾ ਬੋਲਿਆ ਹੈ। ਸਿਨਹਾ ਨੇ ਦਸਿਆ ਕਿ ਉਸ ਨੇ ਸਰਕਾਰ ਦੀ ਆਲੋਚਨਾ ਕਰਨ ਵਾਲਾ ਲੇਖ ਕਿਉਂ ਲਿਖਿਆ?
ਉਨ੍ਹਾਂ ਕਿਹਾ ਕਿ ਭਾਜਪਾ ਵਿਚ ਕਈ ਨੇਤਾ ਅਜਿਹਾ ਸੋਚਦੇ ਹਨ ਪਰ ਉਹ ਡਰੇ ਹੋਏ ਹਨ। ਸਿਨਹਾ ਨੇ ਕਿਹਾ ਕਿ ਜੇ ਕੋਈ ਚੋਣ ਜਿੱਤ ਜਾਂਦਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਸਾਰੀਆਂ ਗੱਲਾਂ ਮਾਫ਼ ਹੋ ਜਾਂਦੀਆਂ ਹਨ। ਚੋਣ ਜਿੱਤਣਾ ਇਕ ਗੱਲ ਹੈ ਤੇ ਦੇਸ਼ ਦਾ ਭਲਾ ਕਰਨਾ ਦੂਜੀ ਗੱਲ। ਚੋਣ ਜਿੱਤਣ ਦੀ ਦਲੀਲ ਤਾਂ ਲਾਲੂ ਵੀ ਦਿੰਦੇ ਸਨ। ਉਨ੍ਹਾਂ ਕਿਹਾ, 'ਅਸੀਂ ਅਸੀਂ ਸਾਰੇ ਤਾਂ 1947 ਤੋਂ ਹੀ ਨਿਊ ਇੰਡੀਆ ਬਣਾ ਰਹੇ ਹਾਂ। ਕਾਂਗਰਸ, ਭਾਜਪਾ ਸਾਰੀਆਂ ਪਾਰਟੀਆਂ ਇਹ ਕੰਮ ਕਰਦੀਆਂ ਰਹੀਆਂ ਹਨ। ਸਾਰਿਆਂ ਦਾ ਅਪਣਾ ਤਰੀਕਾ ਹੈ।'
ਉਨ੍ਹਾਂ ਕਿਹਾ ਕਿ ਜ਼ਰੂਰੀ ਨਹੀਂ ਕਿ ਬਾਪ ਬੇਟੇ ਦੀ ਸੋਚ ਇਕੋ ਹੋਵੇ। ਸਾਰਿਆਂ ਦੀ ਆਪੋ ਅਪਣੀ ਰਾਏ ਹੁੰਦੀ ਹੈ। ਪਿਤਾ ਪੁੱਤਰ ਵਿਚ ਪਰਵਾਰਕ ਰਿਸ਼ਤਾ ਹੈ ਪਰ ਜਨਤਕ ਜੀਵਨ ਵਿਚ ਅਸੀਂ ਆਪੋ ਅਪਣਾ ਕੰਮ ਕਰਾਂਗੇ।
ਉਨ੍ਹਾਂ ਕਿਹਾ, 'ਮੇਰੀ ਪਤਨੀ ਕਹਿੰਦੀ ਹੈ ਕਿ ਇਹ ਸੱਭ ਕੁੱਝ ਨਾ ਕਰੋ। ਜਦ ਤੋਂ ਬੇਟਾ ਰਾਜਨੀਤੀ ਵਿਚ ਆਇਆ ਹੈ, ਅਸੀਂ ਉਸ ਨਾਲ ਸਰਕਾਰ ਬਾਰੇ ਕੋਈ ਗੱਲ ਨਹੀਂ ਕਰਦੇ।' ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਵਿੱਤ ਮੰਤਰੀ 'ਤੇ ਬਹੁਤ ਜ਼ਿੰਮੇਵਾਰੀ ਹੁੰਦੀਆਂ ਹਨ ਪਰ ਸੱਚ ਤਾਂ ਇਹ ਹੈ ਕਿ ਉਹ ਵਿੱਤ ਮੰਤਰਾਲੇ ਨੂੰ ਸਮਾਂ ਨਹੀਂ ਦੇ ਰਹੇ। ਸਿਨਹਾ ਨੇ ਕਿਹਾ ਕਿ ਦੇਸ਼ ਦੇ ਮਸਲੇ 'ਤੇ ਚੁੱਪ ਰਹਿ ਕੇ ਨਹੀਂ ਬੈਠਿਆ ਜਾ ਸਕਦਾ। ਉਨ੍ਹਾਂ ਕਿਹਾ, 'ਮੈਂ ਖ਼ੁਦ ਤੈਅ ਕੀਤਾ ਸੀ ਕਿ ਚੋਣ ਨਹੀਂ ਲੜਾਂਗਾ। ਮੈਂ ਚੋਣ ਰਾਜਨੀਤੀ ਤੋਂ ਖ਼ੁਦ ਨੂੰ ਅਲੱਗ ਕਰਨਾ ਚਾਹੁੰਦਾ ਸੀ, ਮੈਂ ਪਾਰਟੀ ਦੀ ਰਾਜਨੀਤੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਰਾਜਨੀਤੀ ਵਿਚ ਵਾਪਸ ਆਉਣ ਦਾ ਇਰਾਦਾ ਨਹੀਂ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਕੋਲੋਂ ਅਰਥਵਿਵਸਥਾ ਬਾਰੇ ਗੱਲਬਾਤ ਕਰਨ ਲਈ ਪਿਛਲੇ ਸਾਲ ਹੀ ਸਮਾਂ ਮੰਗਿਆ ਸੀ ਪਰ ਹਾਲੇ ਤਕ ਸਮਾਂ ਨਹੀਂ ਮਿਲਿਆ।
ਡਰੇ ਹੋਏ ਹਨ ਕਈ ਨੇਤਾ, ਖੁਲ੍ਹ ਕੇ ਨਹੀਂ ਬੋਲਦੇ
ਸਿਨਹਾ ਨੇ ਕਿਹਾ ਕਿ ਪਾਰਟੀ ਵਿਚ ਕਈ ਨੇਤਾ ਹਨ ਜਿਹੜੇ ਗ਼ਲਤ ਨੀਤੀਆਂ ਵਿਰੁਧ ਬੋਲਣਾ ਚਾਹ ਰਹੇ ਹਨ। ਉਹ ਨਿਜੀ ਗੱਲਬਾਤ ਵਿਚ ਬੋਲਦੇ ਵੀ ਹਨ ਪਰ ਉਹ ਬੋਲ ਨਹੀਂ ਸਕਦੇ। ਉਹ ਡਰੇ ਹੋਏ ਹਨ। ਉਹ ਖੁਲ੍ਹ ਕੇ ਵਿਰੋਧ ਨਹੀਂ ਕਰ ਸਕਦੇ। ਵਾਜਪਾਈ ਅਤੇ ਮੋਦੀ ਸਰਕਾਰ ਦੀ ਕਾਰਜਪ੍ਰਣਾਲੀ ਵਿਚ ਵੱਡਾ ਫ਼ਰਕ ਹੈ। (ਏਜੰਸੀ)