ਨਵੀਂ ਦਿੱਲੀ: ਉੱਤਰ ਪ੍ਰਦੇਸ਼ 'ਚ ਹੜ੍ਹ ਦਾ ਪ੍ਰਕੋਪ ਜਾਰੀ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 103 ਹੋ ਗਈ ਹੈ, ਜਦਕਿ ਬਿਹਾਰ 'ਚ ਕਈ ਇਲਾਕਿਆਂ 'ਚ ਪਾਣੀ ਦਾ ਪੱਧਰ ਘੱਟ ਹੋਣ ਦੀ ਸਥਿਤੀ 'ਚ ਹੋਰ ਸੁਧਾਰ ਹੈ ਅਤੇ ਹੁਣ ਉੱਥੇ ਕਿਸੇ ਦੇ ਮਰਨ ਦੀ ਖਬਰ ਨਹੀਂ ਹੈ। ਆਸਾਮ ਅਤੇ ਪੱਛਮੀ ਬੰਗਾਲ 'ਚ ਸੈਲਾਬ ਦੀ ਸਥਿਤੀ 'ਚ ਕਾਫੀ ਸੁਧਾਰ ਹੋਇਆ ਹੈ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਗਿਣਤੀ ਘਟੀ ਹੈ।
ਮੋਹਲੇਧਾਰ ਬਰਸਾਤ ਦੇ ਕਾਰਨ ਆਏ ਹੜ੍ਹ ਨੇ ਮੁੰਬਈ, ਪਾਲਘਰ ਅਤੇ ਠਾਣੇ 'ਚ ਘੱਟ ਤੋਂ ਘੱਟ 10 ਲੋਕਾਂ ਦੀ ਜਾਨ ਲੈ ਲਈ ਹੈ। ਸ਼ਹਿਰ 'ਚ ਵੱਖ-ਵੱਖ ਘਟਨਾਵਾਂ 'ਚ 9 ਲੋਕ ਰੁੜ ਗਏ, ਜਦਕਿ ਪਾਲਘਰ ਅਤੇ ਠਾਣੇ ਜ਼ਿਲੇ 'ਚ 2 ਲੋਕ ਡੁੱਬ ਗਏ। ਮੁੰਬਈ ਦੇ ਘਾਟਕਪੋਰ ਇਲਾਕੇ 'ਚ ਇੱਕ ਕੰਧ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਬਿਹਾਰ 'ਚ ਹੜ੍ਹ ਨਾਲ ਸੰਬੰਧਿਤ ਘਟਨਾਵਾਂ 'ਚ ਮਰਨ ਵਾਲਿਆਂ ਦੀ ਗਿਣਤੀ 514 ਹੀ ਹੈ ਅਤੇ ਪਾਣੀ ਘੱਟ ਹੋਣ ਦੇ ਬਾਅਦ ਲੋਕਾਂ ਨੇ ਘਰਾਂ ਦੇ ਵੱਲ ਵਾਪਸ ਜਾਣਾ ਸ਼ੁਰੂ ਕਰ ਦਿੱਤਾ ਹੈ।
ਉੱਤਰ ਪ੍ਰਦੇਸ਼ ਦੇ ਪੂਰਬੀ ਹਿੱਸਿਆਂ 'ਚ ਆਏ ਹੜ੍ਹ ਦੇ ਕਾਰਨ 27 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਇੱਥੇ ਨੇਪਾਲ ਤੋਂ ਨਿਕਲਣ ਵਾਲੀਆਂ ਨਦੀਆਂ ਨੇ ਭੂਮੀ ਨੂੰ ਪਾਣੀ-ਪਾਣੀ ਕਰ ਦਿੱਤਾ ਹੈ। ਕੱਲ ਤੱਕ ਦਰਜ ਕੀਤੀ ਗਈ ਰਿਪੋਰਟ ਦੇ ਹਵਾਲੇ ਤੋਂ ਰਾਹਤ ਕਮਿਸ਼ਨਰ ਦੇ ਦਫਤਰ ਨੇ ਦੱਸਿਆ ਕਿ ਪ੍ਰਭਾਵਿਤ ਜ਼ਿਲੇ 'ਚ ਸਥਾਪਿਤ ਕੀਤੇ ਗਏ ਰਾਹਤ ਕੈਂਪਾਂ 'ਚ ਕਰੀਬ 60,000 ਲੋਕ ਰਹਿ ਰਹੇ ਹਨ। ਉਸ ਨੇ ਦੱਸਿਆ ਕਿ ਸੂਬੇ 'ਚ ਹੜ੍ਹ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ 103 ਹੋ ਗਈ। ਸੂਬੇ 'ਚ 24 ਜ਼ਿਲੇ ਦੇ 3,133 ਪਿੰਡ ਪਾਣੀ-ਪਾਣੀ ਹੋ ਗਏ।
ਸੂਬੇ 'ਚ ਹੜ੍ਹ ਪ੍ਰਭਾਵਿਤ ਜ਼ਿਲੇ ਦੇ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਇਲਾਕਿਆਂ 'ਚ ਫੌਜ ਦੇ ਹੈਲੀਕਾਪਟਰ, ਐਨ.ਡੀ.ਆਰ.ਐਫ. ਪੀ.ਏ.ਸੀ. (ਹੜ੍ਹ) ਦੇ ਕਰਮਚਾਰੀ 24 ਘੰਟੇ ਰਾਹਤ ਅਤੇ ਬਚਾਅ ਦੇ ਕੰਮ 'ਚ ਲੱਗੇ ਹੋਏ ਹਨ। ਪੱਛਮੀ ਬੰਗਾਲ ਹੁਣ ਹੜ੍ਹ ਨਾਲ ਪੂਰੀ ਤਰ੍ਹਾਂ ਉਬਰ ਨਹੀਂ ਸਕਿਆ ਹੈ। ਸੂਬੇ ਦੇ ਉਪ ਹਿਮਾਚਲੀ ਹਿੱਸਿਆਂ 'ਚ ਬਹੁਤ ਤੇਜ਼ ਬਰਸਾਤ ਹੋ ਸਕਦੀ ਹੈ। ਸੂਬੇ ਦੇ ਉੱਤਰੀ ਅਤੇ ਦੱਖਣੀ ਹਿੱਸੇ ਦੇ 11 ਜ਼ਿਲਿਆਂ 'ਚ ਹੜ੍ਹ ਨੇ 152 ਲੋਕਾਂ ਦੀ ਜਾਨ ਲਈ ਹੈ।
ਬਿਹਾਰ ਦੇ ਵਿਗੜਦੇ ਹਾਲਾਤ ਨੂੰ ਵੇਖਦੇ ਹੋਏ ਐਕਟਰ ਆਮੀਰ ਖਾਨ ਨੇ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੂੰ 25 ਲੱਖ ਰੁਪਏ ਦਾ ਚੈੱਕ ਦਿੱਤਾ ਹੈ। ਉਨ੍ਹਾਂ ਨੇ ਬਿਹਾਰ ‘ਚ ਹੜ੍ਹ ਪੀੜਿਤ ਲੋਕਾਂ ਦੀ ਮਦਦ ਲਈ ਇਹ ਸਹਾਇਤਾ ਰਾਸ਼ੀ ਸੌਂਪੀ ਹੈ।