ਪਟਿਆਲਾ, 24 ਅਗੱਸਤ (ਰਣਜੀਤ ਰਾਣਾ ਰੱਖੜਾ) : ਭਾਰਤ ਵਿਰੋਧੀ ਏਜੰਸੀਆਂ ਡੇਰਾ ਸੱਚਾ ਸੌਦਾ ਸਿਰਸਾ ਤੇ ਸੀ.ਬੀ.ਆਈ. ਵਿਚਕਾਰ ਚਲ ਰਹੀ ਕਸ਼ਮਕਸ਼ ਦਾ ਲਾਹਾ ਲੈ ਸਕਦੀਆਂ ਹਨ। ਇਸ ਬਾਰੇ ਭਾਰਤੀ ਖ਼ੁਫ਼ੀਆ ਏਜੰਸੀਆਂ ਨੇ ਭਾਰਤ ਦੇ ਸਰਹੱਦੀ ਸੂਬਿਆਂ ਦੀਆਂ ਸੁਰੱਖਿਆ ਏਜੰਸੀਆਂ ਨੂੰ ਖ਼ਬਰਦਾਰ ਕੀਤਾ ਹੈ। ਕਿਹਾ ਗਿਆ ਹੈ ਕਿ ਭਾਰਤ ਵਿਰੋਧੀ ਸੰਸਥਾਵਾਂ ਰਾਜਸਥਾਨ, ਹਰਿਆਣਾ ਖੇਤਰ ਵਿਚ ਕਿਸੇ ਵੀ ਵੱਡੀ ਕਾਰਵਾਈ ਨੂੰ ਅੰਜਾਮ ਦੇ ਸਕਦੀਆਂ ਹਨ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਖ਼ੁਫ਼ੀਆ ਏਜੰਸੀਆਂ ਨੇ ਸਰਹੱਦੀ ਸੂਬਿਆਂ ਦੀਆਂ ਸੁਰੱਖਿਆ ਏਜੰਸੀਆਂ ਨੂੰ ਖ਼ਬਰਦਾਰ ਕਰਦਿਆਂ ਕਿਹਾ ਕਿ ਸੌਦਾ ਸਾਧ ਸਿਰਸਾ ਅਤੇ ਸੀ.ਬੀ.ਆਈ. ਵਿਚਕਾਰ ਚਲ ਰਹੀ ਖਿੱਚੋਤਾਣ ਦਾ ਲਾਹਾ ਭਾਰਤ ਵਿਰੋਧੀ ਤਾਕਤਾਂ ਲੈ ਸਕਦੀਆਂ ਹਨ। ਜਾਣਕਾਰੀ ਅਨੁਸਾਰ ਡੇਰਾ ਸਿਰਸਾ ਮੁਖੀ ਸੌਦਾ ਸਾਧ ਗੁਰਮੀਤ ਰਾਮ ਰਹੀਮ ਦੀ ਪੰਚਕੂਲਾ ਵਿਖੇ ਸੀ.ਬੀ.ਆਈ. ਅਦਾਲਤ ਵਿਚ ਜਿਨਸੀ ਸ਼ੋਸ਼ਣ ਦਾ ਫ਼ੈਸਲਾ ਸੁਣਾਇਆ ਜਾਣਾ ਹੈ। ਇਸ ਫ਼ੈਸਲੇ ਨੂੰ ਲੈ ਕੇ ਸੌਦਾ ਸਾਧ ਦੇ ਹੱਕ ਵਿਚ ਲੱਖਾਂ ਹੀ ਸ਼ਰਧਾਲੂ ਹਰਿਆਣਾ ਦੇ ਪੰਚਕੂਲਾ ਵਿਖੇ ਇਕੱਠੇ ਹੋਏ ਪਏ ਹਨ, ਜਿਨ੍ਹਾਂ ਦੀ ਸ਼ਨਾਖ਼ਤ ਕਰਨਾ ਪੁਲਿਸ ਪ੍ਰਸ਼ਾਸਨ ਲਈ ਇਕ ਚੁਨੌਤੀ ਬਣ ਕੇ ਰਹਿ ਗਈ ਹੈ, ਉਨ੍ਹਾਂ ਸ਼ਰਧਾਲੂਆਂ ਵਿਚ ਕੋਈ ਵੀ ਗ਼ੈਰ ਸਮਾਜਕ ਤੱਤ ਸ਼ਾਮਲ ਹੋ ਸਕਦਾ ਹੈ ਅਤੇ ਮਨੁੱਖੀ ਬੰਬ ਜਾਂ ਧਮਾਕਾਖੇਜ਼ ਸਮਗਰੀ ਰੱਖ ਕੇ ਡੇਰਾ ਸਿਰਸਾ ਦੇ ਸ਼ਰਧਾਲੂਆਂ ਦਾ ਨੁਕਸਾਨ ਕਰ ਸਕਦਾ ਹੈ, ਕਿਉਂਕਿ ਸ਼ਰਧਾਲੂਆਂ ਕੋਲ ਬੈਗ ਅਤੇ ਹੋਰ ਸਮੱਗਰੀ ਕਾਫ਼ੀ ਤਾਦਾਦ ਵਿਚ ਮੌਜੂਦ ਹੈ,
ਜਿਨ੍ਹਾਂ ਨੂੰ ਪੁਖ਼ਤਾ ਢੰਗ ਨਾਲ ਚੈੱਕ ਨਹੀਂ ਕੀਤਾ ਗਿਆ ਅਤੇ ਨਾ ਹੀ ਕੋਈ ਪੱਕੇ ਤੌਰ 'ਤੇ ਇਨ੍ਹਾਂ ਦੀ ਤਲਾਸ਼ੀ ਲਈ ਗਈ ਹੈ।
ਸੁਰੱਖਿਆ ਵਿਚ ਅਜਿਹੀ ਕਮੀ ਦਾ ਲਾਹਾ ਕੋਈ ਵੀ ਭਾਰਤ ਵਿਰੋਧੀ ਏਜੰਸੀ ਉਠਾ ਸਕਦੀ ਹੈ ਜਿਸ ਨਾਲ ਪੂਰੇ ਦੇਸ਼ ਅੰਦਰ ਦੰਗੇ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਹਾਲਾਂਕਿ ਪੰਜਾਬ ਅਤੇ ਹਰਿਆਣਾ ਦੇ ਡੀ.ਜੀ.ਪੀ. ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਸੁਰੱਖਿਆ ਵਿਚ ਕਿਤੇ ਵੀ ਕਮੀ ਨਹੀਂ ਹੈ ਭਾਰਤ ਵਿਚ ਕਿਸੀ ਵੀ ਵਿਰੋਧੀ ਏਜੰਸੀ ਦੀ ਚਾਲ ਨੂੰ ਕਾਮਯਾਬ ਨਹੀਂ ਹੋਣ ਦਿਤਾ ਜਾਵੇਗਾ। ਇਸੇ ਤਰ੍ਹਾਂ ਰਾਜਸਥਾਨ ਦੇ ਡੀ.ਜੀ.ਪੀ. ਨੇ ਵੀ ਇਸੇ ਤਰ੍ਹਾਂ ਦਾ ਬਿਆਨ ਦਿਤਾ ਹੈ ਕਿਉਂਕਿ ਸਿੱਧੇ ਤੌਰ 'ਤੇ ਪਾਕਿਸਤਾਨ ਦੀਆਂ ਸਰਹੱਦਾਂ ਨਾਲ ਪੰਜਾਬ ਅਤੇ ਰਾਜਸਥਾਨ ਦੀ ਹੱਦ ਲੱਗਦੀ ਹੈ। ਹਰਿਆਣਾ, ਯੂ.ਪੀ., ਰਾਜਸਥਾਨ ਅਤੇ ਪੰਜਾਬ ਸਮੇਤ ਡੇਰੇ ਸਿਰਸਾ ਦੇ ਪੈਰੋਕਾਰਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ ਜਿਸ ਕਰ ਕੇ ਪੰਜਾਬ ਅਤੇ ਹਰਿਆਣਾ, ਰਾਜਸਥਾਨ ਪੁਲਿਸ ਵਲੋਂ ਸਖ਼ਤ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ ਪਰ ਵੱਖ-ਵੱਖ ਥਾਵਾਂ 'ਤੇ ਉਚ ਪੁਲਿਸ ਅਤੇ ਸਿਵਲ ਅਧਿਕਾਰੀਆਂ ਵਲੋਂ ਡੇਰੇ ਦੇ ਪੈਰੋਕਾਰਾਂ ਨਾਲ ਵਖੋ ਵਖਰੀਆਂ ਥਾਵਾਂ 'ਤੇ ਮੀਟਿੰਗਾਂ ਵੀ ਕੀਤੀਆਂ ਗਈਆਂ ਹਨ ਤਾਂ ਜੋ ਇਨ੍ਹਾਂ ਸਮੁੱਚੀਆਂ ਸਟੇਟ ਵਿਚ ਅਮਨ ਕਾਨੂੰਨ ਦੀ ਸਥਿਤੀ ਬਣੀ ਰਹਿ ਸਕੇ ਪਰ ਡੇਰਾ ਸਿਰਸਾ ਦੇ ਪੈਰੋਕਾਰਾਂ ਵਿਚ ਬਹੁਤ ਸਾਰੇ ਅਜਿਹੇ ਵਿਅਕਤੀ ਵੀ ਹਨ, ਜੋ ਹੁਲੜਬਾਜ਼ੀ ਕਰ ਕੇ ਦੇਸ਼ ਦੀ ਅਮਨ ਸ਼ਾਂਤੀ ਨੂੰ ਗ੍ਰਹਿਣ ਲਗਾ ਸਕਦੇ ਹਨ, ਜਿਨ੍ਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ।
ਡੱਬੀ
ਪੰਜਾਬੀ ਯੂਨੀਵਰਸਟੀ ਨੇ ਅੱਜ ਦੀ ਛੁੱਟੀ ਦਾ ਕੀਤਾ ਐਲਾਨ
ਡੇਰਾ ਸਿਰਸਾ ਮੁਖੀ ਦੀ ਅੱਜ ਹੋਣ ਵਾਲੀ ਪੇਸ਼ੀ ਨੂੰ ਲੈ ਕੇ ਪੰਜਾਬੀ ਯੂਨੀਵਰਸਟੀ ਦੇ ਵੀ.ਸੀ. ਡੀ.ਐਸ. ਘੁੰਮਣ ਨੇ ਸ਼ਾਂਤੀ ਬਣਾ ਕੇ ਰਖਣ ਲਈ ਪੰਜਾਬੀ ਯੂਨੀਵਰਸਟੀ ਬੰਦ ਰਹੇਗੀ ਤਾਂ ਜੋ ਕੋਈ ਵੀ ਵਿਅਕਤੀ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜ਼ਾਮ ਨਾ ਦੇ ਸਕੇ।