ਨਿਤੀਸ਼ ਕੁਮਾਰ ਨੇ ਵਿਧਾਨ ਸਭਾ ਵਿਚ ਬਹੁਮਤ ਸਾਬਤ ਕੀਤਾ

ਖ਼ਬਰਾਂ, ਰਾਸ਼ਟਰੀ

ਪਟਨਾ, 28 ਜੁਲਾਈ : ਨਿਤੀਸ਼ ਕੁਮਾਰ ਦੀ ਸਰਕਾਰ ਨੇ ਅੱਜ ਬਿਹਾਰ ਵਿਧਾਨ ਸਭਾ 'ਚ ਬਹੁਮਤ ਸਾਬਤ ਕਰ ਦਿਤਾ ਜਦਕਿ ਲਾਲੂ ਦੀ ਅਗਵਾਈ ਵਾਲੇ ਰਾਸ਼ਟਰੀ ਜਨਤਾ ਦਲ ਨੇ ਵਿਸ਼ਵਾਸ ਮਤ ਦੀ ਪ੍ਰਕਿਰਿਆ ਦੌਰਾਨ ਰੋਸ ਪ੍ਰਗਟਾਇਆ।

 

ਪਟਨਾ, 28 ਜੁਲਾਈ : ਨਿਤੀਸ਼ ਕੁਮਾਰ ਦੀ ਸਰਕਾਰ ਨੇ ਅੱਜ ਬਿਹਾਰ ਵਿਧਾਨ ਸਭਾ 'ਚ ਬਹੁਮਤ ਸਾਬਤ ਕਰ ਦਿਤਾ ਜਦਕਿ ਲਾਲੂ ਦੀ ਅਗਵਾਈ ਵਾਲੇ ਰਾਸ਼ਟਰੀ ਜਨਤਾ ਦਲ ਨੇ ਵਿਸ਼ਵਾਸ ਮਤ ਦੀ ਪ੍ਰਕਿਰਿਆ ਦੌਰਾਨ ਰੋਸ ਪ੍ਰਗਟਾਇਆ। ਸਰਕਾਰ ਦੀ ਹਮਾਇਤ ਵਿਚ 131 ਅਤੇ ਵਿਰੋਧ ਵਿਚ 108 ਵੋਟਾਂ ਪਈਆਂ। 243 ਮੈਂਬਰਾਂ ਵਾਲੀ ਵਿਧਾਨ ਸਭਾ ਵਿਚ ਚਾਰ ਵਿਧਾਇਕ ਹਾਜ਼ਰ ਨਾ ਹੋ ਸਕੇ ਜਿਸ ਕਾਰਨ ਵਿਸ਼ਵਾਸ ਮਤ ਦੌਰਾਨ ਸਦਨ ਵਿਚ ਮੈਂਬਰਾਂ ਦੀ ਗਿਣਤੀ 239 ਰਹਿ ਗਈ ਅਤੇ ਨਵੀਂ ਸਰਕਾਰ ਨੂੰ ਸਿਰਫ਼ 120 ਵੋਟਾਂ ਦੀ ਜ਼ਰੂਰਤ ਸੀ।
ਰਾਸ਼ਟਰੀ ਜਨਤਾ ਦਲ ਦੇ ਰਾਜ ਵੱਲਭ ਯਾਦਵ ਜੇਲ ਵਿਚ ਹੋਣ ਕਾਰਨ ਹਾਜ਼ਰ ਨਾ ਹੋ ਸਕੇ ਜਦਕਿ ਭਾਜਪਾ ਦੇ ਆਨੰਦ ਸ਼ੰਕਰ ਪਾਂਡੇ ਡਾਕਟਰੀ ਇਲਾਜ ਲਈ ਸੂਬੇ ਤੋਂ ਬਾਹਰ ਸਨ। ਕਾਂਗਰਸ ਦੇ ਸੁਦਰਸ਼ਨ ਤਕਨੀਕੀ ਕਾਰਨਾਂ ਕਰ ਕੇ ਵੋਟ ਨਾ ਪਾ ਸਕੇ। ਵਿਸ਼ਵਾਸ ਮਤ ਲਈ ਜਦੋਂ ਸਦਨ ਦੇ ਦਰਵਾਜ਼ੇ ਬੰਦ ਕੀਤੇ ਗਏ ਤਾਂ ਸੁਦਰਸ਼ਨ ਸਦਨ ਤੋਂ ਬਾਹਰ ਸਨ। ਸਪੀਕਰ ਵਿਜੇ ਕੁਮਾਰ ਚੌਧਰੀ ਨੇ ਵੋਟਿੰਗ ਵਿਚ ਹਿੱਸਾ ਨਹੀਂ ਲਿਆ।
ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਸਦਨ ਵਿਚ ਮੌਜੂਦ ਸਨ ਪਰ ਵਿਧਾਨ ਪ੍ਰੀਸ਼ਦ ਦੇ ਮੈਂਬਰ ਹੋਣ ਕਾਰਨ ਦੋਹਾਂ ਨੇ ਵੋਟਿੰਗ ਵਿਚ ਹਿੱਸਾ ਨਾ ਲਿਆ। ਭਰੋਸੇ ਦਾ ਵੋਟ ਪ੍ਰਾਪਤ ਕਰਨ ਦੀ ਪ੍ਰਕਿਰਿਆ ਦੌਰਾਨ ਸਰਕਾਰ ਦੀ ਹਮਾਇਤ ਵਾਲੇ ਮੈਂਬਰ ਇਕ ਲਾਬੀ ਵਿਚ ਚਲੇ ਗਏ ਅਤੇ ਇਕ ਰਜਿਸਟਰ 'ਤੇ ਦਸਤਖ਼ਤ ਕੀਤੇ ਜਦਕਿ ਵਿਰੋਧੀ ਧਿਰ ਵਾਲੇ ਦੂਜੀ ਲਾਬੀ ਵਿਚ ਚਲੇ ਗਏ ਅਤੇ ਉਨ੍ਹਾਂ ਨੇ ਵੀ ਇਕ ਰਜਿਸਟਰ 'ਤੇ ਦਸਤਖ਼ਤ ਕੀਤੇ।
ਨਿਤੀਸ਼ ਕੁਮਾਰ ਦੇ ਹੱਕ ਵਿਚ ਪਈਆਂ 131 ਵੋਟਾਂ ਵਿਚੋਂ 70 ਜਨਤਾ ਦਲ-ਯੂ ਦੀਆਂ ਸਨ ਜਦਕਿ ਭਾਜਪਾ ਦੇ 52 ਵਿਧਾਇਕ ਸਰਕਾਰ ਦੀ ਹਮਾਇਤ ਵਿਚ ਭੁਗਤੇ। ਦੋ ਵੋਟਾਂ ਆਰ.ਐਲ.ਐਸ.ਪੀ., ਦੋ ਲੋਕ ਜਨਸ਼ਕਤੀ ਪਾਰਟੀ, ਜੀਤਨਰਾਮ ਮਾਂਝੀ ਦੀ ਪਾਰਟੀ ਹਮ ਵਲੋਂ ਇਕ ਵੋਟ ਅਤੇ ਚਾਰ ਆਜ਼ਾਦ ਵਿਧਾਇਕਾਂ ਨੇ ਸਰਕਾਰ ਦੀ ਹਮਾਇਤ ਕੀਤੀ।
ਸਪੀਕਰ ਨੇ ਆਵਾਜ਼ ਮਤ ਰਾਹੀਂ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਦਾ ਯਤਨ ਕੀਤਾ ਪਰ ਸਦਨ ਵਿਚ ਹੰਗਾਮੇ ਕਾਰਨ ਇਹ ਸੰਭਵ ਨਾ ਹੋ ਸਕਿਆ। (ਪੀਟੀਆਈ)