ਨਵੀਂ ਦਿੱਲੀ, 22 ਜੁਲਾਈ : ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ, ਆਰ.ਐਸ.ਐਸ. ਅਤੇ ਨੌਕਰਸ਼ਾਹ ਜਮਹੂਰੀ ਸੰਸਥਾਵਾਂ 'ਤੇ ਕਬਜ਼ਾ ਕਰ ਕੇ ਭਾਰਤੀ ਸੰਵਿਧਾਨ ਨੂੰ 'ਤਹਿਸ-ਨਹਿਸ' ਕਰ ਰਹੇ ਹਨ।
ਮੋਦੀ ਅਤੇ ਆਰ.ਐਸ.ਐਸ. ਨੂੰ ਕਰੜੇ ਹੱਥੀਂ ਲੈਂਦਿਆਂ ਰਾਹੁਲ ਨੇ ਕਿਹਾ, ''ਹਿਟਲਰ ਨਾਮ ਦਾ ਇਕ ਸ਼ਖ਼ਸ ਸੀ ਅਤੇ ਉਸ ਨੇ ਇਕ ਵਾਰ ਲਿਖਿਆ... ਹਕੀਕਤ 'ਤੇ ਮਜ਼ਬੂਤ ਪਕੜ ਰੱਖੋ ਤਾਕਿ ਤੁਸੀ ਕਿਸੇ ਵੀ ਵੇਲੇ ਇਸ ਦਾ ਗਲਾ ਦਬਾ ਸਕੋ। ਅੱਜ ਸਾਡੇ ਚਾਰੇ ਪਾਸੇ ਇਹੋ ਵਾਪਰ ਰਿਹਾ ਹੈ। ਹਕੀਕਤ ਦਾ ਗਲਾ ਦਬਾਇਆ ਜਾ ਰਿਹਾ ਹੈ।'' ਰਾਹੁਲ ਨੇ ਕਿਹਾ ਕਿ ਮੋਦੀ ਅਤੇ ਆਰ.ਐਸ.ਐਸ. ਵਾਲੇ ਚਾਹੁੰਦੇ ਹਨ ਕਿ ਭਾਰਤੀ ਲੋਕ ਅਪਣੀ ਆਵਾਜ਼ ਗਿਰਵੀ ਰੱਖ ਦੇਣ।
ਕਰਨਾਟਕ ਸਰਕਾਰ ਵਲੋਂ ਕਰਵਾਏ ਗਏ ਤਿੰਨ ਦਿਨਾ ਬੀ.ਆਰ. ਅੰਬੇਦਕਰ ਕੌਮਾਂਤਰੀ ਸੰਮੇਲਨ ਦੇ ਉਦਘਾਟਨ ਮੌਕੇ ਰਾਹੁਲ ਨੇ ਕਿਹਾ, ''ਉਨ੍ਹਾਂ ਦਾ ਮਕਸਦ ਭਾਰਤੀ ਸੰਵਿਧਾਨ ਦੀ ਦੀ ਹੋਂਦ ਖ਼ਤਮ ਕਰਨਾ ਹੈ ਜੋ ਸਾਨੂੰ ਡਾ. ਅੰਬੇਦਕਰ ਨੇ ਦਿਤਾ ਸੀ।'' ਕਾਂਗਰਸ ਦੇ ਮੀਤ ਪ੍ਰਧਾਨ ਨੇ ਕਿਹਾ ਕਿ ਭਾਰਤ ਨੇ ਅਪਣੀ ਆਜ਼ਾਦੀ ਇਸ ਕਰ ਕੇ ਗਵਾਈ ਸੀ ਕਿਉਂÎਕ ਅੰਗਰੇਜ਼ ਜਦੋਂ ਇਥੇ ਆਏ ਤਾਂ ਲੱਖਾਂ-ਕਰੋੜਾਂ ਲੋਕ ਚੁੱਪ ਰਹੇ ਅਤੇ ਅੰਗਰੇਜ਼ਾਂ ਨੂੰ ਉਹ ਸਾਰੇ ਕੰਮ ਕਰਨ ਦਿਤੇ ਜਿਨ੍ਹਾਂ ਰਾਹੀਂ ਉਨ੍ਹਾਂ ਨੂੰ ਫ਼ਾਇਦਾ ਹੁੰਦਾ ਸੀ, ਕਿਉਂਕਿ ਉਹ ਬਹੁਤ ਤਾਕਤਵਰ ਸਨ।
ਉਨ੍ਹਾਂ ਆਖਿਆ, ''ਅੱਜ ਵੀ ਠੀਕ ਉਸੇ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਜਦੋਂ ਪੱਤਰਕਾਰ ਅਪਣੀਆਂ ਅੱਖਾਂ ਸਾਹਮਣੇ ਹੋ ਰਹੀ ਹਿੰਸਾ ਬਾਰੇ ਨਹੀਂ ਲਿਖਦਾ ਜਾਂ ਜਦੋਂ ਕਿਸੇ ਜੱਜ 'ਤੇ ਕੋਈ ਫ਼ੈਸਲਾ ਸੁਣਾਉਣ ਦਾ ਦਬਾਅ ਪਾਇਆ ਜਾਂਦਾ ਹੈ... ਠੀਕ ਉਸੇ ਤਰ੍ਹਾਂ ਮੌਜੂਦਾ ਸਮੇਂ ਵਿਚ ਹੋ ਰਿਹਾ ਹੈ। ਅੰਗਰੇਜ਼ਾਂ ਨੇ ਭਾਰਤ ਦੀ ਆਜ਼ਾਦੀ ਖੋਹੀ ਨਹੀਂ ਸੀ ਸਗੋਂ ਕੁੱਝ ਭਾਰਤੀ ਲੋਕਾਂ ਨੇ ਉਨ੍ਹਾਂ ਨੂੰ ਇਹ ਸੌਂਪ ਦਿਤੀ ਸੀ।'' (ਪੀਟੀਆਈ)
ਰਾਹੁਲ ਨੇ ਮੋਦੀ ਦੀ ਤੁਲਨਾ ਹਿਟਲਰ ਨਾਲ ਕੀਤੀ