ਅਰਬਾਂ ਰੁਪਏ ਦੀ ਜਾਂਚ ਦੇ ਦਾਇਰੇ 'ਚ ਪਾਕਿਸਤਾਨ ਦੇ ਅੰਤਰਿਮ ਪ੍ਰਧਾਨ ਮੰਤਰੀ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵੀਜ਼ ਸ਼ਰੀਫ ਦੇ ਅਸਤੀਫੇ ਮਗਰੋਂ ਵੀ ਸੱਤਾਧਿਰ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੀਆਂ ਮੁਸ਼ਕਲਾਂ ਘੱਟ ਨਹੀਂ ਹੋ ਰਹੀਆਂ ਹਨ ਅਤੇ...
ਇਸਲਾਮਾਬਾਦ, 31 ਜੁਲਾਈ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵੀਜ਼ ਸ਼ਰੀਫ ਦੇ ਅਸਤੀਫੇ ਮਗਰੋਂ ਵੀ ਸੱਤਾਧਿਰ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੀਆਂ ਮੁਸ਼ਕਲਾਂ ਘੱਟ ਨਹੀਂ ਹੋ ਰਹੀਆਂ ਹਨ ਅਤੇ ਪਾਰਟੀ ਵਲੋਂ ਅੰਤਰਿਮ ਪ੍ਰਧਾਨ ਮੰਤਰੀ ਦੇ ਰੂਪ ਵਿਚ ਚੁਣੇ ਸ਼ਾਹਿਦ ਖਕਾਨ ਅੱਬਾਸੀ ਨੂੰ ਵੀ ਭ੍ਰਿਸ਼ਟਾਚਾਰ ਦੇ ਮਾਮਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਕਿਸਤਾਨ ਦੀ ਨੈਸ਼ਨਲ ਅਕਾਊਂਟੀਬਿਲਟੀ ਬਿਊਰੋ (ਐਨ.ਐਨ.ਬੀ.) ਅੱਬਾਸੀ ਦੀ ਗੈਸ (ਐਲ.ਐਨ.ਜੀ.) ਦਰਾਮਦ ਵਿਚ ਹੋਈ 220 ਅਰਬ ਰੁਪਏ ਦੇ ਘੋਟਾਲੇ ਦੀ ਜਾਂਚ ਕਰ ਰਹੀ ਹੈ।
ਸਾਲ 2015 ਵਿਚ ਐਨ.ਏ.ਬੀ. ਵਲੋਂ ਦਰਜ ਮਾਮਲੇ ਵਿਚ ਸਾਬਕਾ ਪਟਰੌਲੀਅਮ ਅਤੇ ਕੁਦਰਤੀ ਗੈਸ ਮੰਤਰੀ ਅੱਬਾਸੀ ਨੂੰ ਮੁੱਖ ਦੋਸ਼ੀ ਬਣਾਇਆ ਗਿਆ ਹੈ। ਐਨ.ਏ.ਬੀ. ਦਸਤਾਵੇਜਾਂ ਮੁਤਾਬਕ ਸਾਲ 2013 ਵਿਚ ਐਲ.ਐਨ.ਜੀ. ਦਰਾਮਦ ਅਤੇ ਵਿਤਰਣ ਵਿਚ ਸਰਵਜਨਕ ਪ੍ਰੋਕਯੋਮੈਂਟ ਰੈਗੂਲੇਟਰ ਆਥਰਟੀ (ਪੀ.ਪੀ.ਆਰ.ਏ.) ਦੇ ਨਿਯਮਾਂ ਅਤੇ ਕਾਨੂੰਨਾਂ ਦੀ ਉਲੰਘਣਾ ਕਰ ਏਗੰਰੋ ਦੀ ਸਹਾਇਕ ਕੰਪਨੀ ਏਲੇਂਗੀ ਟਰਮੀਨਲ ਨੂੰ ਦੇ ਦਿਤਾ ਗਿਆ। ਇਸ ਮਾਮਲੇ ਵਿਚ ਬਿਊਰੋ ਨੇ 29 ਜੁਲਾਈ 2015 ਨੂੰ ਮਾਮਲਾ ਦਰਜ ਕੀਤਾ ਹੈ ਪਰ ਇਸ ਦੀ ਜਾਂਚ ਹਾਲੇ ਸ਼ੁਰੂਆਤੀ ਦੌਰ ਵਿਚ ਹੈ। ਅੱਬਾਸੀ ਨੇ ਹਾਲਾਂਕਿ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਕਿਹਾ, ''ਮੈਂ ਅਜਿਹੇ ਕਿਸੇ ਦੋਸ਼ ਤੋਂ ਨਹੀਂ ਡਰਦਾ, ਮੇਰੇ 'ਤੇ ਦੋਸ਼ ਲਗਾਉਣ ਵਾਲਿਆਂ ਨੂੰ ਖੁਦ ਦੇ ਅੰਦਰ ਵੇਖਣਾ ਝਾਤੀ ਮਾਰਨੀ ਚਾਹੀਦੀ ਹੈ ਅਤੇ ਅਪਣੇ ਕਰਮਾਂ 'ਤੇ ਸ਼ਰਮ ਕਰਨੀ ਚਾਹੀਦੀ ਹੈ।''
ਜ਼ਿਕਰਯੋਗ ਹੈ ਕਿ ਪਨਾਮਾ ਗੇਟ ਮਾਮਲੇ ਵਿਚ ਸੁਪਰੀਮ ਕੋਰਟ ਵਲੋਂ ਦੋਸ਼ੀ ਠਹਿਰਾਏ ਜਾਣ ਮਗਰੋਂ ਸ਼ਰੀਫ਼ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿਤਾ ਸੀ। ਅਸਤੀਫੇ ਮਗਰੋਂ ਸ਼ਰੀਫ ਦੀ ਪ੍ਰਧਾਨਗੀ ਵਿਚ ਹੋਈ ਪਾਰਟੀ ਦੀ ਬੈਠਕ ਵਿਚ ਅੱਬਾਸੀ ਨੂੰ ਅੰਤਰਿਮ ਪ੍ਰਧਾਨ ਮੰਤਰੀ ਦੇ ਤੌਰ 'ਤੇ ਚੁਣਿਆ ਗਿਆ।