ਬਿਹਾਰ ਵਿਚ ਮਹਾਂਗਠਜੋੜ ਤੋੜਨ ਦੇ ਫ਼ੈਸਲੇ ਨਾਲ ਸਹਿਮਤ ਨਹੀਂ : ਸ਼ਰਦ ਯਾਦਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਨਤਾ ਦਲ-ਯੂ ਦੇ ਸੀਨੀਅਰ ਆਗੂ ਸ਼ਰਦ ਯਾਦਵ ਨੇ ਬਿਹਾਰ ਵਿਚ 'ਮਹਾਂਗਠਜੋੜ' ਟੁੱਟਣ ਦੀ ਘਟਨਾ ਨੂੰ ਬੇਹੱਦ ਅਫ਼ਸੋਸ ਵਾਲੀ ਅਤੇ ਮੰਦਭਾਗੀ ਕਰਾਰ ਦਿਤਾ ਹੈ। ਪੱਤਰਕਾਰਾਂ ਨਾਲ...

Sharad Yadav

ਨਵੀਂ ਦਿੱਲੀ, 31 ਜੁਲਾਈ : ਜਨਤਾ ਦਲ-ਯੂ ਦੇ ਸੀਨੀਅਰ ਆਗੂ ਸ਼ਰਦ ਯਾਦਵ ਨੇ ਬਿਹਾਰ ਵਿਚ 'ਮਹਾਂਗਠਜੋੜ' ਟੁੱਟਣ ਦੀ ਘਟਨਾ ਨੂੰ ਬੇਹੱਦ ਅਫ਼ਸੋਸ ਵਾਲੀ ਅਤੇ ਮੰਦਭਾਗੀ ਕਰਾਰ ਦਿਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ''ਮੈਂ ਇਸ ਫ਼ੈਸਲੇ ਨਾਲ ਸਹਿਮਤ ਨਹੀਂ ਹਾਂ। ਇਹ ਬਹੁਤ ਮੰਦਭਾਗਾ ਹੈ।'' ਭਾਜਪਾ ਨਾਲ ਗਠਜੋੜ ਸਰਕਾਰ ਬਣਾਉਣ 'ਤੇ ਚੁੱਪੀ ਤੋੜਦਿਆਂ ਉਨ੍ਹਾਂ ਕਿਹਾ, ''2015 ਵਿਚ ਬਿਹਾਰ ਦੇ ਲੋਕਾਂ ਦਾ ਫ਼ਤਵਾ ਇਸ ਸਰਕਾਰ ਵਾਸਤੇ ਨਹੀਂ ਸੀ। ਮੈਂ ਨਿਤੀਸ਼ ਕੁਮਾਰ ਦੇ ਫ਼ੈਸਲੇ ਨਾਲ ਕਦੇ ਵੀ ਸਹਿਮਤ ਨਹੀਂ ਹੋ ਸਕਦਾ।'' ਉਨ੍ਹਾਂ ਕਿਹਾ, ''ਬਿਹਾਰ ਦੇ 11 ਕਰੋੜ ਲੋਕਾਂ ਨੇ ਜਨਤਾ ਦਲ-ਯੂ, ਰਾਸ਼ਟਰੀ ਜਨਤਾ ਦਲ ਅਤੇ ਕਾਂਗਰਸ ਦੀ ਗਠਜੋੜ ਸਰਕਾਰ ਦੇ ਹੱਕ ਵਿਚ ਫ਼ਤਵਾ ਦਿਤਾ ਸੀ ਪਰ ਹੁਣ ਰਾਸ਼ਟਰੀ ਜਨਤਾ ਦਲ ਅਤੇ ਕਾਂਗਰਸ ਬਾਹਰ ਕਰ ਦਿਤੀਆਂ ਗਈਆਂ ਹਨ।''
ਸ਼ਰਦ ਯਾਦਵ ਵਲੋਂ ਕਾਂਗਰਸ ਅਤੇ ਸੀਪੀਐਮ ਦੇ ਸੀਨੀਅਰ ਆਗੂਆਂ ਨਾਲ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਕਿਸੇ ਵੱਡੇ ਐਲਾਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। (ਏਜੰਸੀ)