ਪਹਿਲਵਾਨਾਂ ਦੇ ਪ੍ਰਦਰਸ਼ਨ ਮੁੱਦੇ ’ਤੇ ਤ੍ਰਿਣਮੂਲ ਦੇ ਮੈਂਬਰਾਂ ਨੇ ਸੰਸਦੀ ਕਮੇਟੀ ਦੀ ਬੈਠਕ ਦਾ ਬਾਈਕਾਟ ਕੀਤਾ

ਏਜੰਸੀ

ਖ਼ਬਰਾਂ, ਰਾਜਨੀਤੀ

‘‘ਇਹ ਮੁੱਦਾ ਬੈਠਕ ਦੇ ਏਜੰਡੇ ’ਚ ਸ਼ਾਮਿਲ ਨਹੀਂ।’’ : ਕਮੇਟੀ ਪ੍ਰਧਾਨ

TMC member Sushmita Dev and Asit Kumar Mal

ਨਵੀਂ ਦਿੱਲੀ: ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਪਹਿਲਵਾਨਾਂ ਦੇ ਪ੍ਰਦਰਸ਼ਨ ਦੀ ਪਿੱਠਭੂਮੀ ’ਚ ਵੱਖੋ-ਵੱਖ ਖੇਡ ਮਹਾਂਸੰਘਾਂ ਵੱਲੋਂ ਮਹਿਲਾ ਖਿਡਾਰੀਆਂ ਦੀ ਸੁਰੱਖਿਆ ’ਤੇ ਚਰਚਾ ਦੀ ਮੰਗ ਨੂੰ ‘ਬੈਠਕ ਦੇ ਏਜੰਡੇ ਤੋਂ ਬਾਹਰ ਦਾ ਵਿਸ਼ਾ’ ਦਸ ਕੇ ਨਾਮਨਜ਼ੂਰ ਕੀਤੇ ਜਾਣ ਵਿਰੁਧ ਵੀਰਵਾਰ ਨੂੰ ਇਕ ਸੰਸਦੀ ਕਮੇਟੀ ਦੀ ਬੈਠਕ ਦਾ ਬਾਈਕਾਟ ਕੀਤਾ। ਇਸ ਦੀ ਪ੍ਰਧਾਨਗੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਵਿਵੇਕ ਠਾਕੁਰ ਕਰ ਰਹੇ ਸਨ। 

ਸੂਤਰਾਂ ਨੇ ਦਸਿਆ ਕਿ ਤ੍ਰਿਣਮੂਲ ਕਾਂਗਰਸ ਨੇ ਸਿਖਿਆ, ਮਹਿਲਾ, ਬਾਲ, ਨੌਜੁਆਨ ਅਤੇ ਖੇਡ ਮਾਮਲਿਆਂ ਦੀ ਸਥਾਈ ਕਮੇਟੀ ’ਚ ਔਰਤ ਖਿਡਾਰੀਆਂ ਦੀ ਸੁਰਖਿਆ ਦਾ ਮੁੱਦਾ ਚੁਕਿਆ ਸੀ ਅਤੇ ਪੁਛਿਆ ਸੀ ਕਿ ਕੀ ਵੱਖੋ-ਵੱਖ ਖੇਡ ਸੰਘਾਂ ’ਚ ਸ਼ਿਕਾਇਤ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਅਤੇ ਜੇਕਰ ਕੀਤਾ ਗਿਆ ਹੈ ਤਾਂ ਕੀ ਉਹ ਸਰਗਰਮ ਹਨ?

ਸੂਤਰਾਂ ਅਨੁਸਾਰ ਕਮੇਟੀ ਦੇ ਪ੍ਰਧਾਨ ਠਾਕੁਰ ਨੇ ਦੇਵ ਨੂੰ ਸੂਚਿਤ ਕੀਤਾ, ‘‘ਇਹ ਮੁੱਦਾ ਬੈਠਕ ਦੇ ਏਜੰਡੇ ’ਚ ਸ਼ਾਮਿਲ ਨਹੀਂ ਹੈ ਅਤੇ ਵੈਸੇ ਵੀ ਵਿਸ਼ਾ ਅਦਾਲਤ ’ਚ ਵਿਚਾਰਅਧੀਨ ਹੈ ਅਤੇ ਕਮੇਟੀ ਇਸ ’ਤੇ ਚਰਚਾ ਨਹੀਂ ਕਰ ਸਕਦੀ। ਇਹ ਬੈਠਕ ਸਿਰਫ਼ ਅਗਲੇ ਓਲੰਪਿਕ ਲਈ ਭਾਰਤ ਦੀਆਂ ਤਿਆਰੀਆ ਨੂੰ ਲੈ ਕੇ ਹੈ।’’
ਇਸ ਤੋਂ ਬਾਅਦ ਪਾਰਟੀ ਦੇ ਸੰਸਦ ਮੈਂਬਰ ਸੁਸ਼ਮਿਤਾ ਦੇਵ ਅਤੇ ਅਮਿਤ ਕੁਮਾਰ ਮਲ ਨੇ ਵਿਰੋਧ ’ਚ ਬੈਠਕ ਤੋਂ ਬਾਈਕਾਟ ਕਰ ਦਿਤਾ। 

ਸੂਤਰਾਂ ਅਨੁਸਾਰ ਖੇਡ ਸਕੱਤਰ ਨੇ ਦੇਵ ਨੂੰ ਸੂਚਿਤ ਕੀਤਾ ਕਿ ਸਰਕਾਰ ਦੀ ਖੇਡ ਸੰਘਾਂ ਦੇ ਕੰਮਕਾਜ ’ਚ ਕੋਈ ਭੂਮਿਕਾ ਨਹੀਂ ਹੈ ਅਤੇ ਸ਼ਾਸਨ ਵਲੋਂ ਕਿਸੇ ਤਰ੍ਹਾਂ ਦੀ ਦਖ਼ਲਅੰਦਾਜ਼ੀ ਕੌਮਾਂਤਰੀ ਪੱਧਰ ’ਤੇ ਪ੍ਰਸ਼ਾਸਿਤ ਖੇਡਾਂ ਦੀ ਭਾਵਨਾ ਦੇ ਉਲਟ ਹੋਵੇਗੀ। 

ਕਾਂਗਰਸ ਮੈਂਬਰ ਅਖਿਲੇਸ਼ ਸਿੰਘ ਨੇ ਵੀ ਦੇਵ ਦੀ ਹਮਾਇਤ ਕੀਤੀ ਹਾਲਾਂਕਿ ਉਨ੍ਹਾਂ ਨੇ ਬਾਈਕਾਟ ਨਹੀਂ ਕੀਤਾ। ਉਨ੍ਹਾਂ ਤੋਂ ਇਲਾਵਾ ਭਾਜਪਾ ਦੇ ਤਿੰਨ ਹੋਰ ਸੰਸਦ ਮੈਂਬਰ ਅਤੇ ਅੰਨਾ ਡੀ.ਐਮ.ਕੇ. ਦੇ ਐਮ. ਥੰਬੀਦੁਰਈ ਬੈਠਕ ’ਚ ਮੌਜੂਦ ਰਹੇ। 

ਦੇਵ ਨੇ ਕਿਹਾ, ‘‘ਕਿਉਂਕਿ ਖੇਡ ਅਤੇ ਨੌਜੁਆਨ ਮਾਮਲਿਆਂ ਦਾ ਮੰਤਰਾਲਾ ਉਚਿਤ ਕਦਮ ਚੁੱਕਣ ’ਚ ਅਸਫ਼ਲ ਰਿਹਾ ਹੈ। ਮੈਂ ਬੈਠਕ ’ਚ ਚੁੱਪ ਕਰ ਕੇ ਨਹੀਂ ਬੈਠ ਸਕਦੀ, ਕਿਉਂਕਿ ਸਥਾਈ ਕਮੇਟੀ ਜਨਤਕ ਨੀਤੀ ਦੀ ਨਿਗਰਾਨਕਰਤਾ ਹੈ।’’

ਜ਼ਿਕਰਯੋਗ ਹੈ ਕਿ ਤ੍ਰਿਣਮੂਲ ਸੰਸਦ ਮੈਂਬਰ ਨੇ ਮਹਿਲਾ ਪਹਿਲਵਾਨਾਂ ਦੇ ਜਿਨਸੀ ਸੋਸ਼ਣ ਦੇ ਮੁੱਦੇ ’ਤੇ 9 ਮਈ ਨੂੰ ਠਾਕੁਰ ਨੂੰ ਚਿੱਠੀ ਲਿਖੀ ਸੀ ਅਤੇ ਕਿਹਾ ਸੀ ਕਿ ਕਮੇਟੀ ਨੂੰ ਖੇਡ ਸੰਘਾਂ ਅਤੇ ਇਕਾਈਆਂ ’ਤੇ ਲਾਗੂ ਕਾਨੂੰਨ ਲਾਗੂ ਕਰਨ ਦੀ ਸਮੀਖਿਆ ਕਰਨੀ ਚਾਹੀਦੀ ਹੈ ਅਤੇ ਇਸ ਵਿਸ਼ੇ ’ਤੇ ਖੇਡ ਮੰਤਰਾਲੇ ਦੀ ਭੂਮਿਕਾ ’ਤੇ ਵਿਚਾਰ ਕਰਨਾ ਚਾਹੀਦਾ ਹੈ।