ਰਾਜਮਾਤਾ ਮੋਹਿੰਦਰ ਕੌਰ ਦੇ ਫੁੱਲ ਚੁਗਣ ਦੀ ਰਸਮ ਮੌਕੇ ਹਰ ਅੱਖ ਹੋਈ ਨਮ
ਪਟਿਆਲਾ, 27 ਜੁਲਾਈ (ਰਣਜੀਤ ਰਾਣਾ ਰੱਖੜਾ) : ਰਾਜਮਾਤਾ ਸਰਦਾਰਨੀ ਮੋਹਿੰਦਰ ਕੌਰ ਦੇ ਫੁੱਲ ਚੁਗਣ ਦੀ ਰਸਮ ਅੱਜ ਸਵੇਰੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਸ਼ਾਹੀ ਸਮਾਧਾਂ ਵਿਖੇ ਕੀਤੀ।
ਪਟਿਆਲਾ, 27 ਜੁਲਾਈ (ਰਣਜੀਤ ਰਾਣਾ ਰੱਖੜਾ) : ਰਾਜਮਾਤਾ ਸਰਦਾਰਨੀ ਮੋਹਿੰਦਰ ਕੌਰ ਦੇ ਫੁੱਲ ਚੁਗਣ ਦੀ ਰਸਮ ਅੱਜ ਸਵੇਰੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਸ਼ਾਹੀ ਸਮਾਧਾਂ ਵਿਖੇ ਕੀਤੀ। ਜਿਥੇ ਰਾਜਮਾਤਾ ਦੇ ਵੱਡੇ ਸਪੁੱਤਰ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਛੋਟੇ ਸਪੁੱਤਰ ਰਾਜਾ ਮਾਲਵਿੰਦਰ ਸਿੰਘ ਤੇ ਪਰਵਾਰ ਦੇ ਹੋਰਨਾਂ ਮੈਂਬਰਾਂ ਤੇ ਸਕੇ ਸਬੰਧੀਆਂ ਨੇ ਪੂਰੀਆਂ ਧਾਰਮਕ ਰਹੁ ਰੀਤਾਂ ਨਾਲ ਫੁੱਲ ਚੁਗਣ ਦੀ ਰਸਮ ਸੰਪੂਰਨ ਕਰਨ ਉਪਰੰਤ ਅਸਥੀਆਂ ਜਲ ਪ੍ਰਵਾਹ ਕਰਨ ਲਈ ਸ੍ਰੀ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ ਲਈ ਰਵਾਨਾ ਹੋ ਗਏ। ਫੁੱਲਾਂ ਦੀ ਰਸਮ ਮੌਕੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਉਥੇ ਹਾਜ਼ਰ ਹਰ ਇਕ ਵਿਅਕਤੀ ਦੀਆਂ ਅੱਖਾਂ ਨਮ ਸਨ।
ਸਵੇਰੇ ਤਕਰੀਬਨ 9.15 ਵਜੇ ਮੁੱਖ ਮੰਤਰੀ ਅਪਣੇ ਪਰਿਵਾਰਕ ਮੈਂਬਰਾਂ ਨਾਲ ਸ਼ਾਹੀ ਸਮਾਧਾਂ ਵਿਖੇ ਪੁੱਜੇ ਜਿਥੇ ਅਰਦਾਸ ਕਰਨ ਉਪਰੰਤ ਰਾਜਮਾਤਾ ਮੋਹਿੰਦਰ ਦੌਰ ਦੇ ਫੁੱਲ ਚੁਗਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਮੁੱਖ ਮੰਤਰੀ ਨਾਲ ਉਨ੍ਹਾਂ ਦੇ ਛੋਟੇ ਭਰਾ ਰਾਜਾ ਮਾਲਵਿੰਦਰ ਸਿੰਘ, ਰਾਜ ਮਾਤਾ ਦੇ ਭਰਾ ਸ. ਗੁਰਸ਼ਰਨ ਸਿੰਘ ਜੇਜੀ ਤੇ ਸ. ਇੰਦਰਜੀਤ ਸਿੰਘ ਜੇਜੀ, ਮੁੱਖ ਮੰਤਰੀ ਦੇ ਪੁੱਤਰ ਤੇ ਰਾਜਮਾਤਾ ਦੇ ਪੋਤਰੇ ਸ: ਰਣਇੰਦਰ ਸਿੰਘ, ਪੜ੍ਹਪੋਤਰੇ ਸ: ਯਾਦੂਇੰਦਰ ਸਿੰਘ, ਰਾਜਮਾਤਾ ਦੇ ਦੋਹਤਰੇ ਕੁੰਵਰ ਜਗਤ ਸਿੰਘ ਤੇ ਸ. ਹਰਸ਼ਦੀਪ ਸਿੰਘ ਢਿੱਲੋਂ, ਮੁੱਖ ਮੰਤਰੀ ਦੇ ਜਵਾਈ ਸ: ਗੁਰਪਾਲ ਸਿੰਘ, ਦੋਹਤਰੇ ਸ. ਨਿਰਵਾਨ ਸਿੰਘ ਤੇ ਅੰਗਦ ਸਿੰਘ ਵੀ ਹਾਜ਼ਰ ਸਨ।
ਫੁੱਲਾਂ ਦੀ ਰਸਮ ਪੂਰੀ ਕਰਨ 'ਤੇ ਅੰਗੀਠਾ ਸਾਂਭਣ ਉਪਰੰਤ ਰਾਜਮਾਤਾ ਦੀਆਂ ਅਸਥੀਆਂ ਨੂੰ ਫੁੱਲਾਂ ਨਾਲ ਸਜੀ ਇਕ ਗੱਡੀ ਵਿਚ ਸਵਾਰ ਕਰ ਕੇ ਜਲ ਪ੍ਰਵਾਹ ਕਰਨ ਲਈ ਵਾਹਨਾਂ ਦਾ ਇਕ ਵੱਡਾ ਕਾਫ਼ਲਾ ਸ੍ਰੀ ਕੀਰਤਪੁਰ ਸਾਹਿਬ ਦੇ ਗੁਰਦਵਾਰਾ ਸ੍ਰੀ ਪਤਾਲਪੁਰੀ ਲਈ ਰਵਾਨਾ ਹੋਇਆ। ਸ਼ਾਹੀ ਸਮਾਧਾਂ ਤੋਂ ਅਸਥੀਆਂ ਦੇ ਰਵਾਨਾ ਹੋਣ ਮੌਕੇ ਰਸਤੇ ਵਿਚ ਨਮ ਅੱਖਾਂ ਨਾਲ ਖੜੇ ਪਟਿਆਲਾ ਨਿਵਾਸੀਆਂ ਤੇ ਦੂਰ ਦੁਰਾਡੇ ਤੋਂ ਵੱਡੀ ਗਿਣਤੀ ਵਿਚ ਪੁੱਜੇ ਲੋਕਾਂ ਨੇ ਰਾਜਮਾਤਾ ਦੀਆਂ ਅਸਥੀਆਂ ਲਿਜਾ ਰਹੇ ਵਾਹਨ 'ਤੇ ਫੁੱਲਾਂ ਦੀ ਵਰਖਾ ਕਰ ਕੇ ਰਾਜਮਾਤਾ ਨੂੰ ਅੰਤਮ ਵਿਦਾਇਗੀ ਦਿਤੀ।
ਰਾਜਮਾਤਾ ਦੇ ਫੁੱਲਾਂ ਦੀ ਰਸਮ ਮੌਕੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਸਾਧੂ ਸਿੰਘ ਧਰਮਸੋਤ, ਸ: ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਮੁੱਖ ਮੰਤਰੀ ਦੇ ਸਲਾਹਕਾਰ ਸ: ਭਰਤ ਇੰਦਰ ਸਿੰਘ ਚਾਹਲ, ਵਿਧਾਇਕ ਸ: ਹਰਦਿਆਲ ਸਿੰਘ ਕੰਬੋਜ, ਸ: ਮਦਨ ਲਾਲ ਜਲਾਲਪੁਰ, ਸ: ਰਾਜਿੰਦਰ ਸਿੰਘ, ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ, ਸ: ਹਰਿੰਦਰਪਾਲ ਸਿੰਘ ਹੈਰੀਮਾਨ, ਸਾਬਕਾ ਵਿਧਾਇਕ ਸ: ਜੀਤ ਮਹਿੰਦਰ ਸਿੰਘ ਸਿੱਧੂ, ਸਾਬਕਾ ਮੇਅਰ ਵਿਸ਼ਨੂੰ ਸ਼ਰਮਾ, ਸਰਬੱਤ ਦਾ ਭਲਾ ਟਰੱਸਟ ਦੇ ਸ: ਐਸ.ਪੀ.ਐਸ. ਓਬਰਾਏ, ਮੁੱਖ ਮੰਤਰੀ ਦੇ ਓ.ਐਸ.ਡੀ. ਮੇਜਰ ਅਮਰਦੀਪ ਸਿੰਘ, ਆਈ.ਜੀ. ਏ.ਐਸ. ਰਾਏ, ਸ: ਪਰਮਰਾਜ ਸਿੰਘ ਉਮਰਾਨੰਗਲ, ਡੀ.ਆਈ.ਜੀ. ਸ. ਰਣਬੀਰ ਸਿੰਘ ਖਟੜਾ, ਸ: ਜਗਜੀਤ ਸਿੰਘ ਦਰਦੀ, ਕੈਪਟਨ ਅਮਰਜੀਤ ਸਿੰਘ ਜੇਜੀ, ਡਾ: ਦਲਜੀਤ ਸਿੰਘ ਜੇਜੀ, ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਐਸ.ਐਸ.ਪੀ. ਡਾ: ਐਸ. ਭੂਪਤੀ, ਆਈ.ਏ.ਐਸ. ਅਧਿਕਾਰੀ ਸ. ਸ਼ਿਵਦੁਲਾਰ ਸਿੰਘ ਢਿੱਲੋ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀਮਤੀ ਪੂਨਮਦੀਪ ਕੌਰ, ਨਗਰ ਨਿਗਮ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਐਂਟੀ ਨਾਰਕੈਟਿੰਗ ਸੈੱਲ ਦੇ ਚੇਅਰਮੈਨ ਸ: ਰਣਜੀਤ ਸਿੰਘ ਨਿਕੜਾ, ਕਾਂਗਰਸ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਪ੍ਰੇਮ ਕਿਸ਼ਨਪੁਰੀ, ਕਾਂਗਰਸ ਦੇ ਬਲਾਕ ਪ੍ਰਧਾਨ ਕੇ.ਕੇ. ਮਲਹੋਤਰਾ, ਅਨਿਲ ਮੰਗਲਾ, ਨਰੇਸ਼ ਦੁੱਗਲ, ਸਾਬਕਾ ਚੇਅਰਮੈਨ ਨਿਰਮਲ ਸਿੰਘ ਭੱਟੀਆਂ ਅਤੇ ਵੱਡੀ ਗਿਣਤੀ ਵਿਚ ਕੈਪਟਨ ਪਰਵਾਰ ਦੇ ਨਜ਼ਦੀਕੀ ਰਿਸ਼ਤੇਦਾਰ, ਮਿੱਤਰ, ਸਕੇ ਸਬੰਧੀ, ਵੱਖ-ਵੱਖ ਰਾਜਸੀ, ਧਾਰਮਕ ਤੇ ਸਮਾਜਕ ਜਥੇਬੰਦੀਆਂ ਦੇ ਨੁਮਾਇੰਦੇ, ਪਟਿਆਲਾ ਨਿਵਾਸੀ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।