ਜੈਤੋ ਦੇ ਨਾਮੀ ਵਪਾਰੀ ਪੱਪੂ ਕੋਚਰ ਦਾ ਗੋਲੀਆਂ ਮਾਰ ਕੇ ਕਤਲ
ਜੈਤੋ ਮੰਡੀ ਦੇ ਉਘੇ ਵਪਾਰੀ ਤੇ ਕੋਚਰ ਰਾਈਸ ਮਿੱਲ ਦੇ ਮਾਲਕ 57 ਸਾਲਾ ਰਵਿੰਦਰ ਕੁਮਾਰ (ਪੱਪੂ ਕੋਚਰ) ਦਾ ਅੱਜ ਸ਼ਾਮ ਕਰੀਬ ਸਾਢੇ 3 ਵਜੇ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ...
ਜੈਤੋ, 29 ਜੁਲਾਈ (ਗੁਰਿੰਦਰ ਸਿੰਘ) : ਜੈਤੋ ਮੰਡੀ ਦੇ ਉਘੇ ਵਪਾਰੀ ਤੇ ਕੋਚਰ ਰਾਈਸ ਮਿੱਲ ਦੇ ਮਾਲਕ 57 ਸਾਲਾ ਰਵਿੰਦਰ ਕੁਮਾਰ (ਪੱਪੂ ਕੋਚਰ) ਦਾ ਅੱਜ ਸ਼ਾਮ ਕਰੀਬ ਸਾਢੇ 3 ਵਜੇ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿਤਾ। ਇਹ ਘਟਨਾ ਕੋਚਰ ਰਾਈਸ ਮਿੱਲ, ਬਾਜਾਖ਼ਾਨਾ ਰੋਡ ਜੈਤੋ ਦੇ ਗੇਟ ਅੱਗੇ ਵਾਪਰੀ। ਸੀ.ਸੀ.ਟੀ.ਵੀ. ਕੈਮਰਿਆਂ ਦੀ ਫ਼ੁਟੇਜ ਅਨੁਸਾਰ ਸ਼ਾਮ 3 ਵਜ ਕੇ 33 ਮਿੰਟ 'ਤੇ 2 ਅਣਪਛਾਤੇ ਹਮਲਾਵਾਰ ਸਵਿਫ਼ਟ ਡਿਜ਼ਾਇਰ ਕਾਰ 'ਚ ਆਏ, ਇਕ ਜਣਾ ਕਾਰ ਵਿਚੋਂ ਉਤਰਿਆ ਤੇ ਰਵਿੰਦਰ ਕੋਚਰ ਉਤੇ ਡਰਾਈਵਰ ਸਾਈਡ ਦੇ ਸ਼ੀਸ਼ੇ ਵਿਚੋਂ 3-4 ਗੋਲੀਆਂ ਗਰਦਨ ਅਤੇ ਮੱਥੇ 'ਚ ਮਾਰੀਆਂ ਤੇ ਫ਼ਰਾਰ ਹੋ ਗਏ। ਪੱਪੂ ਕੋਚਰ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਐਸ.ਐਸ.ਪੀ ਡਾ. ਨਾਨਕ ਸਿੰਘ, ਐਸ.ਪੀ (ਡੀ) ਸੇਵਾ ਸਿੰਘ ਮੱਲੀ ਸਮੇਤ ਹੋਰ ਵੱਖ-ਵੱਖ ਥਾਵਾਂ ਤੋਂ ਪੁਲਿਸ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ। ਰੋਸ ਵਜੋਂ ਜੈਤੋ ਸ਼ਹਿਰ ਦੀਆਂ ਸਾਰੀਆਂ ਵਪਾਰਕ ਜਥੇਬੰਦੀਆਂ, ਵੱਖ-ਵੱਖ ਵਪਾਰਕ ਅਦਾਰਿਆਂ, ਸ਼ੈਲਰਾਂ, ਦੁਕਾਨਦਾਰਾਂ ਆਦਿ ਨੇ ਅਣਮਿੱਥੇ ਸਮੇਂ ਲਈ ਦੁਕਾਨਾਂ, ਸ਼ੈਲਰ ਆਦਿ ਬੰਦ ਕਰ ਦਿਤੇ। ਵਿਧਾਇਕ ਮਾ. ਬਲਦੇਵ ਸਿੰਘ, ਸਾਬਕਾ ਵਿਧਾਇਕ ਮੁਹੰਮਦ ਸਦੀਕ, ਸੂਬਾ ਸਿੰਘ ਬਾਦਲ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਰਕਾਰ ਨੂੰ ਇਸ ਤਰਾਂ ਦੇ ਹਮਲਾਵਰਾਂ, ਗੈਂਗਸਟਰਾਂ ਆਦਿ ਦੀ ਭਾਲ ਕਰ ਕੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਪੁਲਿਸ ਨੇ ਅਣਪਛਾਤੇ ਹਮਲਾਵਰਾਂ ਵਿਰੁਧ ਮਾਮਲਾ ਦਰਜ ਕਰ ਲਿਆ ਹੈ। ਕੁੱਝ ਮਹੀਨੇ ਪਹਿਲਾਂ ਲੁਟੇਰੇ ਬੰਦੂਕ ਦੀ ਨੋਕ 'ਤੇ ਪੱਪੂ ਕੋਚਰ ਦੀ ਮਹਿੰਗੀ ਕਾਰ ਲੁੱਟ ਕੇ ਲੈ ਗਏ ਸਨ ਜੋ ਥੋੜੇ ਸਮੇਂ ਬਾਅਦ ਬਰਾਮਦ ਹੋ ਗਈ ਸੀ।