ਰਾਜਸਥਾਨ ਵਿਚ ਹੋ ਰਹੇ ਤਮਾਸ਼ੇ ਨੂੰ ਬੰਦ ਕਰਵਾਉਣ ਨਰਿੰਦਰ ਮੋਦੀ : ਗਹਿਲੋਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਕਿਹਾ, ਪੂਰਾ ਗ੍ਰਹਿ ਮੰਤਰਾਲਾ ਵਿਧਾਇਕਾਂ ਦੀ ਖ਼ਰੀਦੋ-ਫਰੋਖ਼ਤ 'ਚ ਲੱਗਾ ਹੋਇਐ

PM Modi

ਜੈਸਲਮੇਰ, 1 ਅਗੱਸਤ : ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸਨਿਚਰਵਾਰ ਨੂੰ ਦੋਸ਼ ਲਗਾਇਆ ਕਿ ਭਾਜਪਾ ਉਨ੍ਹਾਂ ਦੀ ਸਰਕਾਰ ਨੂੰ ਡੇਗਣ ਲਈ ਵਿਧਾਇਕਾਂ ਦੀ ਖਰੀਦ-ਫਰੋਖ਼ਤ ਦਾ ਵੱਡਾ ਖੇਡ ਖੇਡ ਰਹੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਾਜਸਥਾਨ 'ਚ ਚੱਲ ਰਹੇ ਇਸ ਤਮਾਸ਼ੇ ਨੂੰ ਬੰਦ ਕਰਨ ਦੀ ਅਪੀਲ ਕੀਤੀ। ਗਹਿਲੋਤ ਨੇ ਕਿਹਾ,''ਬਦਕਿਸਮਤੀ ਨਾਲ ਇਸ ਵਾਰ ਭਾਜਪਾ ਦਾ ਪ੍ਰਤੀਨਿਧੀਆਂ ਦੀ ਖਰੀਦ-ਫਰੋਖ਼ਤ ਦੀ ਖੇਡ ਬਹੁਤ ਵੱਡੀ ਹੈ। ਉਹ ਕਰਨਾਟਕ ਅਤੇ ਮੱਧ ਪ੍ਰਦੇਸ਼ ਦਾ ਪ੍ਰਯੋਗ ਇਥੇ ਕਰ ਰਹੀ ਹੈ। ਪੂਰਾ ਗ੍ਰਹਿ ਮੰਤਰਾਲੇ ਇਸ ਕੰਮ 'ਚ ਲੱਗਾ ਹੋਇਆ ਹੈ।'' ਧਰਮਿੰਦਰ ਪ੍ਰਧਾਨ ਦੀ ਤਰ੍ਹਾਂ ਕਈ ਮੰਤਰੀ ਲੱਗੇ ਹੋਏ ਹਨ, ਪੀਯੂਸ਼ ਗੋਇਲ ਲੱਗੇ ਹੋਏ ਹਨ, ਕਈ ਨਾਂ ਲੁਕੇ ਹੋਏ ਹਨ, ਪਰ ਸਾਨੂੰ ਸਭ ਪਤਾ ਹੈ।''

ਉਨ੍ਹਾਂ ਕਿਹਾ,''ਸਾਨੂੰ ਕਿਸੇ ਦੀ ਪਰਵਾਹ ਨਹੀਂ। ਸਾਨੂੰ ਲੋਕਤੰਤਰ ਦੀ ਪ੍ਰਵਾਹ ਹੈ। ਸਾਡੀ ਲੜਾਈ ਕਿਸੇ ਨਾਲ ਨਹੀਂ, (ਸਾਡੀ) ਵਿਚਾਰਧਾਰਾ, ਨੀਤੀਆਂ ਅਤੇ ਪ੍ਰੋਗਰਾਮਾਂ ਦੀ ਲੜਾਈ ਹੈ, ਲੜਾਈ ਇਹ ਨਹੀਂ ਹੁੰਦੀ ਕਿ ਤੁਸੀਂ ਚੁਣੀ ਹੋਈ ਸਰਕਾਰ ਨੂੰ ਸੁੱਟ ਦਿਉ। ਸਾਡੀ ਲੜਾਈ ਕਿਸੇ ਵਿਅਕਤੀ ਵਿਰੁਧ ਨਹੀਂ, ਸਾਡੀ ਲੜਾਈ ਲੋਕਤੰਤਰ ਨੂੰ ਬਚਾਉਣ ਦੀ ਹੈ।'' ਉਨ੍ਹਾਂ ਕਿਹਾ,''ਮੋਦੀ ਨੂੰ ਪ੍ਰਧਾਨ ਮੰਤਰੀ ਦੇ ਰੂਪ 'ਚ ਦੂਜੀ ਵਾਰ ਜਨਤਾ ਨੇ ਮੌਕਾ ਦਿਤਾ, ਜੋ ਬਹੁਤ ਵੱਡੀ ਗੱਲ ਹੈ। ਉਨ੍ਹਾਂ ਨੂੰ ਚਾਹੀਦਾ ਹੈ ਕਿ ਰਾਜਸਥਾਨ 'ਚ ਜੋ ਕੁਝ ਤਮਾਸ਼ਾ ਹੋ ਰਿਹਾ ਹੈ, ਉਸ ਨੂੰ ਬੰਦ ਕਰਵਾਉਣ।'' ਜ਼ਿਕਰਯੋਗ ਹੈ ਕਿ ਰਾਜਸਥਾਨ 'ਚ ਚੱਲ ਰਹੇ ਸਿਆਸੀ ਘਮਾਸਾਨ 'ਚ ਵਿਧਾਹਿਕਾ ਨੂੰ ਤੋੜਨ ਦੇ ਖਦਸ਼ੇ ਵਿਚਾਲੇ ਕਾਂਗਰਸ ਤੇ ਉਸ ਦੇ ਸਮਰਥਕ ਵਿਧਾਇਕਾਂ ਨੂੰ ਸ਼ੁਕਰਵਾਰ ਨੂੰ ਰਾਜਧਾਨੀ ਜੈਪੁਰ ਤੋਂ ਦੂਰ ਸਰਹੱਦੀ ਸ਼ਹਿਰ ਜੈਸਲਮੇਰ ਭੇਜ ਦਿਤਾ ਗਿਆ ਹੈ।

ਕੇਂਦਰੀ ਮੰਤਰੀ ਸ਼ੇਖਾਵਤ ਦੇਣ ਅਸਤੀਫ਼ਾ

ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵਲੋਂ ਸਰਕਾਰ ਵਿਰੁਧ ਟਵੀਟ ਕੀਤੇ ਜਾਣ ਬਾਰੇ 'ਚ ਗਹਿਲੋਤ ਨੇ ਕਿਹਾ ਕਿ ਸਿੰਘ ਤਾਂ ਅਪਣੇ ਘਪਲੇ ਲੁਕਾ ਰਹੇ ਹਨ ਜਦਕਿ ਆਡੀਉ ਟੇਪ ਮਾਮਲੇ 'ਚ ਉਨ੍ਹਾਂ ਨੂੰ ਨੈਤਿਕਤਾ ਦੇ ਆਧਾਰ 'ਤੇ ਖ਼ੁਦ ਹੀ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਦੀ ਅਗਵਾਈ ਤੋਂ ਨਾਰਾਜ਼ ਹੋ ਕੇ ਵੱਖ ਹੋਣ ਵਾਲੇ ਸਚਿਨ ਪਾਇਲਟ ਅਤੇ 18 ਹੋਰ ਕਾਂਗਰਸੀ ਵਿਧਾਇਕਾਂ ਦੀ ਵਾਪਸੀ ਦੇ ਸਵਾਲ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਫ਼ੈਸਲਾ ਪਾਰਟੀ ਹਾਈਕਮਾਨ ਨੂੰ ਕਰਨਾ ਹੈ ਅਤੇ ਜੇਕਰ ਹਾਈਕਮਾਨ ਉਨ੍ਹਾਂ ਨੂੰ ਮਾਫ਼ ਕਰਦੀ ਹੈ ਤਾਂ ਉਹ ਵੀ ਬਾਗ਼ੀਆਂ ਨੂੰ ਗਲੇ ਲਗਾ ਲੈਣਗੇ।
(ਪੀਟੀਆਈ)