2024 Election: 2024 ਦੀਆਂ ਚੋਣਾਂ ਨੇੜੇ ਆਉਣ ਕਾਰਨ ਪੰਜਾਬ ਦਾ ਸਿਆਸੀ ਅਖਾੜਾ ਵੀ ਭਖਣ ਲੱਗਾ

ਏਜੰਸੀ

ਖ਼ਬਰਾਂ, ਰਾਜਨੀਤੀ

ਇਕੋ ਦਿਨ ਹੋਈਆਂ ਕਾਂਗਰਸ, ਅਕਾਲੀ ਦਲ ਤੇ ਭਾਜਪਾ ਦੀਆਂ ਮੁੱਖ ਮੀਟਿੰਗਾਂ ਵਿਚ ਭਵਿੱਖ ਦੀ ਰਣਨੀਤੀ ’ਤੇ ਹੋਇਆ ਮੰਥਨ

File Photo

ਤਿੰਨਾਂ ਪਾਰਟੀਆਂ ’ਚ ਇਸ ਸਮੇਂ ਮੁੱਖ ਚਰਚਾ ਹੈ ਗਠਜੋੜ ਦੇ ਮੁੱਦੇ ’ਤੇ ਕੇਂਦਰਤ, ‘ਆਪ’ ਤੇ ਕਾਂਗਰਸ ਦਾ ਗਠਜੋੜ ਹੋਣ ਦੀ ਸੂਰਤ ਵਿਚ ਅਕਾਲੀ ਭਾਜਪਾ ਲਈ ਵੀ ਗਠਜੋੜ ਕਰਨਾ ਬਣ ਜਾਵੇਗਾ ਮਜਬੂਰੀ

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): 2024 ਦੀਆਂ ਲੋਕ ਸਭਾ ਚੋਣਾਂ ਨੇੜੇ ਆਉਣ ਕਾਰਨ ਕੜਾਕੇ ਦੀ ਠੰਢ ਵਿਚ ਪੰਜਾਬ ਵਿਚ ਸਿਆਸੀ ਅਖਾੜਾ ਵੀ ਭਖਣਾ ਸ਼ੁਰੂ ਹੋ ਗਿਆ ਹੈ। ਪ੍ਰਮੁੱਖ ਪਾਰਟੀਆਂ ਵਲੋਂ ਭਵਿੱਖ ਦੀ ਰਣਨੀਤੀ ਨੂੰ ਲੈ ਕੇ ਮੰਥਨ ਕੀਤਾ ਜਾ ਰਿਹਾ ਹੈ। ਅੱਜ ਸੂਬੇ ਦੀਆਂ ਤਿੰਨ ਪ੍ਰਮੁੱਖ ਵਿਰੋਧੀ ਪਾਰਟੀਆਂ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੀਆਂ ਅਹਿਮ ਬੈਠਕਾਂ ਹੋਈਆਂ। ਭਾਵੇਂ ਇਨ੍ਹਾਂ ਪਾਰਟੀਆਂ ਦੇ ਆਗੂਆਂ ਵਲੋਂ ਚੋਣ ਤਿਆਰੀ ਨੂੰ ਲੈ ਕੇ ਰਣਨੀਤੀ ਬਾਰੇ ਹੀ ਮੁਢਲੀ ਚਰਚਾ ਦੀ ਗੱਲ ਕੀਤੀ ਜਾ ਰਹੀ ਹੈ ਪਰ ਅੰਦਰ ਦੀਆਂ ਖ਼ਬਰਾਂ ਮੁਤਾਬਕ ਮੁੱਖ ਤੌਰ ’ਤੇ ਇਸ ਸਮੇਂ ਚਰਚਾ ਗਠਜੋੜਾਂ ਨੂੰ ਲੈ ਕੇ ਹੀ ਹੋ ਰਹੀ ਹੈ।

ਅੱਜ ਚੰਡੀਗੜ੍ਹ ਵਿਚ ਜਿਥੇ ਅਕਾਲੀ ਦਲ ਦੀ ਸੁਪਰੀਮ ਬਾਡੀ ਕੋਰ ਕਮੇਟੀ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨਾਂ ਦੀਆਂ ਅਹਿਮ ਮੀਟਿੰਗਾਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਤੇ ਹੋਰ ਪ੍ਰਮੁੱਖ ਆਗੂਆਂ ਦੀ ਅਗਵਾਈ ਹੇਠ ਹੋਈਆਂ। ਉਥੇ ਭਾਜਪਾ ਪੰਜਾਬ ਦੀ ਕੋਰ ਕਮੇਟੀ ਤੇ ਵੱਖ ਵੱਖ ਸੈੱਲਾਂ ਦੀ ਮੀਟਿੰਗ ਸੁਨੀਲ ਜਾਖੜ ਦੀ ਪ੍ਰਧਾਨਗੀ ਹੇਠ ਹੋਈ ਹੈ। ਇਸ ਵਿਚ ਪੰਜਾਬ ਭਾਜਪਾ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੈ ਰੂਪਾਨੀ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।

ਇਸੇ ਤਰ੍ਹਾਂ ਪੰਜਾਬ ਕਾਂਗਰਸ ਦੀ ਮੀਟਿੰਗ ਦਿੱਲੀ ਵਿਚ ਪ੍ਰਦੇਸ਼ ਪ੍ਰਧਾਨ ਰਾਜਾ ਵੜਿੰਗ ਅਤੇ ਇੰਚਾਰਜ ਦੇਵੇਂਦਰ ਯਾਦਵ ਅਗਵਾਈ ਹੇਠ ਪਾਰਟੀ ਦੀ ਗਠਜੋੜ ਬਾਰੇ ਕੇਂਦਰੀ ਕਮੇਟੀ ਨਾਲ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਅਕਾਲੀ ਦਲ ਅਤੇ ਭਾਜਪਾ ਵਿਚ ਗਠਜੋੜ ਲਈ ਚਰਚਾ ਅੰਦਰਖਾਤੇ ਚਲ ਰਹੀ ਹੈ। ਅਕਾਲੀ ਦਲ ਦੀ ਮੀਟਿੰਗ ਵਿਚ ਪਾਰਟੀ ਪ੍ਰਧਾਨ ਨੇ ਭਾਜਪਾ ਨਾਲ ਗਠਜੋੜ ਬਾਰੇ ਸਾਥੀ ਆਗੂਆਂ ਦੀ ਨਬਜ਼ ਟਟੋਲਣ ਦੀ ਕੋਸ਼ਿਸ਼ ਹੀ ਕੀਤੀ ਹੈ। 

ਮੀਟਿੰਗ ਤੋਂ ਬਾਅਦ ਪਾਰਟੀ ਦੇ ਸੀਨੀਅਰ ਉਪ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਵੀ ਇਸ ਬਾਰੇ ਪੱਤਰਕਾਰਾਂ ਵਲੋਂ ਪੁਛੇ ਸਵਾਲ ਦੇ ਜਵਾਬ ਵਿਚ ਗਠਜੋੜ ਤੋਂ ਇਨਕਾਰ ਨਹੀਂ ਕੀਤਾ ਅਤੇ ਉਨ੍ਹਾਂ ਕਿਹਾ ਕਿ ਜੋ ਆਉਣ ਵਾਲੇ ਦਿਨ ਵਿਚ ਫ਼ੈਸਲਾ ਹੋਵੇਗਾ, ਉਸ ਬਾਰੇ ਤੁਹਾਨੂੰ ਦਸ ਦਿਤਾ ਜਾਵੇਗਾ। ਉਨ੍ਹਾਂ ਭਾਵੇਂ ਬਸਪਾ ਨਾਲ ਗਠਜੋੜ ਵਧੀਆ ਚਲਣ ਦੀ ਗੱਲ ਤਾਂ ਕੀਤੀ ਪਰ ਨਾਲ ਹੀ ਕਿਹਾ ਕਿ ਰਾਜਨੀਤੀ ਵਿਚ ਭਵਿੱਖ ’ਚ ਕੁੱਝ ਵੀ ਹੋ ਸਕਦਾ ਹੈ।

ਭਾਜਪਾ ਦੀ ਮੀਟਿੰਗ ਬਾਅਦ ਪ੍ਰਧਾਨ ਜਾਖੜ ਨੇ ਭਾਵੇਂ ਹਾਲੇ ਗਠਜੋੜ ਬਾਰੇ ਚਰਚਾ ਤੋਂ ਨਾਂਹ ਕੀਤੀ ਹੈ ਪਰ ਨਾਲ ਹੀ ਕਿਹਾ ਹੈ ਕਿ ਇਸ ਬਾਰੇ ਪਾਰਟੀ ਹਾਈਕਮਾਨ ਨੇ ਹੀ ਫ਼ੈਸਲਾ ਲੈਣਾ ਹੈ। ਇਸ ਤਰ੍ਹਾਂ ਸੰਕੇਤ ਸਾਫ਼ ਹੈ ਕਿ ਭਾਜਪਾ ਵਿਚ ਵੀ ਕਿਤੇ ਨਾ ਕਿਤੇ ਗਠਜੋੜ ਨੂੰ ਲੈ ਕੇ ਵਿਚਾਰ ਚਲ ਰਿਹਾ ਹੈ। ਸਿਆਸੀ ਹਲਕਿਆਂ ਵਿਚ ਇਹ ਵੀ ਚਰਚਾ ਹੈ ਕਿ ਜੇਕਰ ‘ਆਪ’ ਅਤੇ ਕਾਂਗਰਸ ਇਕੱਠੇ ਹੋ ਜਾਂਦੇ ਹਨ ਤਾਂ ਅਕਾਲੀ ਭਾਜਪਾ ਲਈ ਗਠਜੋੜ ਮਜਬੂਰੀ ਬਣ ਜਾਵੇਗਾ ਅਤੇ ਇਕੱਲੇ ਇਕੱਲੇ ਦੋਵੇਂ ‘ਆਪ’ ਤੇ ਕਾਂਗਰਸ ਦਾ ਮੁਕਾਬਲਾ ਨਹੀਂ ਕਰ ਸਕਣਗੇ। 

ਉਧਰ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੇ ਵੀ ਅਪਣੇ ਵਿਚਾਰ ਗਠਜੋੜ ਬਾਰੇ ਪਾਰਟੀ ਦੀ ਕਮੇਟੀ ਅੱਗੇ ਰੱਖ ਦਿਤੇ ਹਨ। ਕੇਂਦਰੀ ਕਮੇਟੀ ਇਕ ਦੋ ਦਿਨ ਵਿਚ ਹੀ ਸਾਰੇ ਰਾਜਾਂ ਨਾਲ ਸਲਾਹ ਮਸ਼ਵਰਾ ਪੂਰਾ ਹੋਣ ਬਾਅਦ ਗਠਜੋੜ ਬਾਰੇ ਰੀਪੋਰਟ ਕੇਂਦਰੀ ਹਾਈਕਮਾਨ ਨੂੰ ਸੌਂਪੇਗੀ। ਅੰਦਰੂਨੀ ਖ਼ਬਰਾਂ ਮੁਤਾਬਕ ਦੇਸ਼ ਦੀਆਂ ਆਰਥਕ ਸਥਿਤੀਆਂ ਨੂੰ ਦੇਖਦਿਆਂ ਪੰਜਾਬ ਵਿਚ ‘ਆਪ’ ਨਾਲ ਕਾਂਗਰਸ ਦੇ ਗਠਜੋੜ ਨੂੰ ਤੈਅ ਮੰਨਿਆ ਜਾ ਰਿਹਾ ਹੈ। ਕਾਂਗਰਸ ਦੀ ਸੂਬਾ ਲੀਡਰਸ਼ਿਪ ਭਾਵੇਂ ਗਠਜੋੜ ਦੇ ਹੱਕ ਵਿਚ ਨਹੀਂ ਪਰ ਕੇਂਦਰੀ ਹਾਈਕਮਾਨ ਦਾ ਕੋਈ ਵੀ ਫ਼ੈਸਲਾ ਸਿਰ ਮੱਥੇ ਕਬੂਲ ਕਰਨ ਦੀ ਗੱਲ ਵੀ ਕਹਿ ਰਹੀ ਹੈ। ਇਸ ਤਰ੍ਹਾਂ ਆਉਣ ਵਾਲੇ ਦਿਨ ਪੰਜਾਬ ਦੀ ਸਿਆਸਤ ਲਈ ਅਹਿਮ ਹੋਣਗੇ।