ਗੁਰਦਵਾਰਾ ਗਿਆਨ ਗੋਦੜੀ ਪ੍ਰਚਾਰ ਮੁਹਿੰਮ ਤਹਿਤ ਕਰਵਾਇਆ ਸਮਾਗਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਗੁਰਦਵਾਰਾ ਗਿਆਨ ਗੋਦੜੀ ਪ੍ਰਚਾਰ ਮੁਹਿੰਮ ਤਹਿਤ ਗੁਰਦਵਾਰਾ ਸ਼੍ਰੀ ਗੁਰੂ ਕਲਗੀਧਰ ਸੇਵਾ ਸਮਿਤੀ, ਐਨ.ਈ.ਬੀ. ਅਲਵਰ...

Gurdwara Jain Gaudri

 

ਨਵੀਂ ਦਿੱਲੀ, 26 ਜੁਲਾਈ (ਸੁਖਰਾਜ ਸਿੰਘ): ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਗੁਰਦਵਾਰਾ ਗਿਆਨ ਗੋਦੜੀ ਪ੍ਰਚਾਰ ਮੁਹਿੰਮ ਤਹਿਤ ਗੁਰਦਵਾਰਾ ਸ਼੍ਰੀ ਗੁਰੂ ਕਲਗੀਧਰ ਸੇਵਾ ਸਮਿਤੀ, ਐਨ.ਈ.ਬੀ. ਅਲਵਰ (ਰਾਜਸਥਾਨ) ਵਿਖੇ ਘੁਮੰਤਰੂ ਸਿੱਖ ਸਮਾਜ ਸੈਲ ਵਲੋਂ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਦਿੱਲੀ ਗੁਰਦਵਾਰਾ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਕੁਲਮੋਹਨ ਸਿੰਘ ਨੇ ਕਿਹਾ ਕਿ ਦਿੱਲੀ ਕਮੇਟੀ ਕਿੱਤਾ ਮੁਖੀ ਕੋਰਸਾਂ ਦੀ ਸਿਖਲਾਈ ਲਈ ਛੇਤੀ ਹੀ ਇਥੇ ਕੇਂਦਰ ਖੋਲ੍ਹੇਗੀ। ਅਲਵਰ ਵਿੱਖੇ ਕਮੇਟੀ ਦੇ ਚਲਦੇ ਗੁਰਮਤਿ ਪ੍ਰਚਾਰ ਕੇਂਦਰ ਦੀ ਦੇਖ-ਰੇਖ ਵਿਚ ਹੋਏ ਸਮਾਗਮ 'ਚ ਰਾਗੀ ਜਥਿਆਂ ਨੇ ਕੀਰਤਨ ਅਤੇ ਕਥਾਵਾਚਕਾਂ ਨੇ ਕਥਾ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਕੁਲਮੋਹਨ ਸਿੰਘ ਨੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿਤ ਦੇ ਕਾਰਜਕਾਲ ਦੌਰਾਨ ਅਪਣੇ ਵਲੋਂ ਜਨਰਲ ਸਕੱਤਰ ਦੀ ਸੇਵਾ ਨਿਭਾਉਂਦੇ ਹੋਏ ਸਥਾਪਤ ਕੀਤੇ ਗਏ ਗੁਰਮਤਿ ਪ੍ਰਚਾਰ ਕੇਂਦਰ ਲਈ ਵਿਸ਼ੇਸ਼ ਸਹਿਯੋਗ ਦੇਣ ਵਾਲੇ ਇੰਦਰਪਾਲ ਸਿੰਘ ਖਾਲਸਾ ਨੂੰ ਯਾਦ ਕੀਤਾ। ਇਕ ਹਜ਼ਾਰ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਉਨ੍ਹਾਂ ਕਿਹਾ ਕਿ ਸੰਗਤਾਂ ਦੀ ਮੰਗ ਅਤੇ ਲੋੜ ਨੂੰ ਸਮਝਦੇ ਹੋਏ ਛੇਤੀ ਹੀ ਕਮੇਟੀ ਵਲੋਂ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਸਕਿੱਲ ਟ੍ਰੇਨਿੰਗ ਸੈਂਟਰ ਖੋਲ੍ਹਿਆ ਜਾਵੇਗਾ।
  ਇਸ ਮੌਕੇ ਦਿੱਲੀ ਕਮੇਟੀ ਦੇ ਮੈਂਬਰ ਆਤਮਾ ਸਿੰਘ ਲੁਬਾਣਾ ਨੇ ਵੀ ਅਪਣੇ ਵਿਚਾਰ ਰੱਖਦੇ ਹੋਏ ਕਮੇਟੀ ਵਲੋਂ ਸਿਕਲੀਘਰ, ਲੁਬਾਣਾ ਅਤੇ ਹੋਰ ਘੁਮੰਤਰੂ ਭਾਈਚਾਰੇ ਦੇ ਲੋਕਾਂ ਲਈ ਕੀਤੇ ਜਾ ਰਹੇ ਕਾਰਜਾਂ ਦਾ ਵੇਰਵਾ ਦਿਤਾ। ਸੈਲ ਦੇ ਕੋਆਰਡੀਨੇਟਰ ਬਬੇਕ ਸਿੰਘ ਮਾਟਾ, ਆਲ ਇੰਡੀਆ ਸਿਕਲੀਘਰ ਸਮਾਜ ਦੇ ਪ੍ਰਧਾਨ ਸਲੋਕ ਸਿੰਘ, ਆਲ ਇੰਡੀਆ ਸਿੱਖ ਸਮਾਜ ਧਰਮ ਪ੍ਰਚਾਰ ਸੈਂਟਰ ਦੇ ਚੇਅਰਮੈਨ ਹਰਜੀਤ ਸਿੰਘ, ਦਿੱਲੀ ਕਮੇਟੀ ਕੇਂਦਰ ਦੇ ਚੇਅਰਮੈਨ ਕੁਲਵੰਤ ਸਿੰਘ, ਐਨ.ਈ.ਬੀ. ਗੁਰਦਵਾਰੇ ਦੇ ਪ੍ਰਧਾਨ ਤਜਿੰਦਰ ਸਿੰਘ ਅਤੇ ਪਤਵੰਤੇ ਸੱਜਣ ਨਾਨਕ ਸਿੰਘ ਲੁਬਾਣਾ ਕਿਸ਼ਨਗੜ੍ਹ, ਬਲਬੀਰ ਸਿੰਘ ਲੁਬਾਣਾ ਫਤਹਿਗੜ੍ਹ, ਧਰਮਿੰਦਰ ਸਿੰਘ ਸਿਕਲੀਘਰ, ਨਸੀਬ ਸਿੰਘ ਜੈਪੁਰ ਤੇ ਜੈ ਸਿੰਘ ਸਿਕਲੀਘਰ ਮੌਜੂਦ ਸਨ।