ਵਧਦੀਆਂ ਤੇਲ ਕੀਮਤਾਂ ਸਬੰਧੀ ਵੜਿੰਗ ਦਾ ਕੇਂਦਰ 'ਤੇ ਤੰਜ਼- 'ਸੇਵਾ ਦੇ ਨਾਮ 'ਤੇ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ'

ਏਜੰਸੀ

ਖ਼ਬਰਾਂ, ਰਾਜਨੀਤੀ

ਕਿਹਾ- ਕਾਂਗਰਸ ਪਾਰਟੀ ਨੇ ਦੇਸ਼ 'ਚ 60 ਸਾਲ ਰਾਜ ਕੀਤਾ ਹੈ ਪਰ ਅੱਜ ਤੱਕ ਤੇਲ ਦੀਆਂ ਇੰਨੀਆਂ ਕੀਮਤਾਂ ਨਹੀਂ ਵਧਾਈਆਂ ਸਨ'

Amarinder Singh Raja Warring

ਚੰਡੀਗੜ੍ਹ :  ਕੇਂਦਰ ਸਰਕਾਰ ਵੱਲੋਂ ਦੇਸ਼ ਭਰ ਵਿੱਚ ਪੈਟਰੋਲ, ਡੀਜ਼ਲ ਅਤੇ ਘਰੇਲੂ ਗੈਸ ਦੀਆਂ ਕੀਮਤਾਂ ਵਿਚ ਕੀਤੇ ਵਾਧੇ ਨੂੰ ਲੈ ਕੇ ਪੂਰੇ ਦੇਸ਼ ਵਿੱਚ ਜ਼ਿਲ੍ਹਾ ਪੱਧਰੀ ਰੋਸ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਨੁਮਾਂਇੰਦਿਆਂ ਨੇ ਪ੍ਰਦਰਸ਼ਨ ਕੀਤਾ।

ਇਥੇ ਅੱਜ ਕਾਂਗਰਸ ਪਾਰਟੀ ਵਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ਿਲ੍ਹਾ ਪ੍ਰਧਾਨ ਹਰਚਨ ਸਿੰਘ ਸੋਥਾ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਧਰਨੇ 'ਤੇ ਪਹੁੰਚੇ ਗਿਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਮਹਿੰਗਾਈ ਦੇ ਖ਼ਿਲਾਫ਼ ਦੇਸ਼ ਭਰ ਵਿਚ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ।

ਇਹ ਕਾਂਗਰਸ ਪਾਰਟੀ ਵਲੋਂ ਸੁਨੇਹਾ ਦਿੱਤਾ ਗਿਆ ਹੈ ਕਿ ਜਿਸ ਤਰ੍ਹਾਂ ਹੁਣ ਹਰ ਰੋਜ਼ ਪੈਟਰੋਲ, ਡੀਜ਼ਲ ਅਤੇ ਐਲ.ਪੀ.ਜੀ. ਦੀਆਂ ਕੀਮਤਾਂ ਵੱਧ ਰਹੀਆਂ ਹਨ, ਸਾਨੂੰ ਉਸ ਦੇ ਵਿਰੁੱਧ ਆਵਾਜ਼ ਚੁੱਕਣ ਦੀ ਜ਼ਰੂਰਤ ਹੈ। ਕਾਂਗਰਸ ਪਾਰਟੀ ਨੇ ਦੇਸ਼ ਵਿਚ 60 ਸਾਲ ਰਾਜ ਕਰਨ ਦੇ ਬਾਵਜੂਦ ਵੀ ਇੰਨੀਆਂ ਕੀਮਤਾਂ ਨਹੀਂ ਵਧਾਈਆਂ ਸਨ। ਜੇਕਰ ਅੱਜ ਤੋਂ ਅੱਠ ਵਰ੍ਹੇ ਪਹਿਲਾਂ ਐਲ.ਪੀ.ਜੀ. ਗੈਸ ਦੀ ਕੀਮਤ ਬਾਰੇ ਗੱਲ ਕੀਤੀ ਜਾਵੇ ਤਾਂ ਤਕਰੀਬਨ 350 ਰੁਪਏ ਦਾ ਸਿਲੰਡਰ ਮਿਲਦਾ ਸੀ ਜਿਹੜਾ ਅੱਜ 950 ਰੁਪਏ ਦਾ ਮਿਲਦਾ ਹੈ।

ਮਨਮੋਹਨ ਸਿੰਘ ਦੇ ਰਾਜ ਅੰਦਰ ਡੀ.ਏ.ਪੀ. ਦਾ ਗੱਟਾ 450 ਰੁਪਏ ਦਾ ਸੀ ਜੋ ਅੱਜ 1100 ਰੁਪਏ ਦਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਰਾਜ ਵਿਚ ਹੁਣ ਹਰ ਰੋਜ਼ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋ ਰਿਹਾ ਹੈ ਅਤੇ ਹੁਣ ਪੈਟਰੋਲ ਤਕਰੀਬਨ 100 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਦੇਸ਼ ਦੇ ਲੋਕਾਂ ਨੂੰ ਰਾਜਨੀਤੀ ਅਤੇ ਸੇਵਾ ਦੇ ਨਾਮ 'ਤੇ ਮੂਰਖ ਬਣਾਇਆ ਜਾ ਰਿਹਾ ਹੈ।

ਵੜਿੰਗ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਉਹ ਚੌਕੀਦਾਰ ਬਣ ਕੇ ਦੇਸ਼ ਦੀ ਸੇਵਾ ਕਰਨਗੇ ਪਰ ਉਨ੍ਹਾਂ ਨੇ ਦੇਸ਼ ਦਾ ਜਨਾਜਾ ਕੱਢ ਦਿਤਾ ਹੈ। ਪਹਿਲਾਂ ਜੀ.ਐਸ.ਟੀ. ਅਤੇ ਨੋਤਬੰਦੀ ਅਤੇ ਹੁਣ ਚੰਡੀਗੜ੍ਹ ਵਿਚ ਕੇਂਦਰੀ ਨਿਯਮ ਲਾਗੂ ਕਰਨ ਦੇ ਆਪਣੇ ਹੀ ਫੈਸਲੇ ਲਏ ਜਾ ਰਹੇ ਹਨ ਇਸ ਨਾਲ ਕੇਂਦਰ ਸਰਕਾਰ ਵਲੋਂ ਦੇਸ਼ ਨੂੰ ਤੋੜਿਆ ਮਰੋੜਿਆ ਜਾ ਰਿਹਾ ਹੈ ਜਿਸ ਦੇ ਵਿਰੋਧ ਵਿਚ ਅੱਜ ਅਸੀਂ ਇਹ ਪ੍ਰਦਰਸ਼ਨ ਕਰ ਰਹੇ ਹਾਂ। ਦੱਸਣਯੋਗ ਹੈ ਕਿ ਕਾਂਗਰਸ ਵਲੋਂ ਵੱਧ ਰਹੀ ਮਹਿੰਗਾਈ ਖ਼ਿਲਾਫ਼ ਇੱਕ 'ਮਹਿੰਗਾਈ ਮੁਕਤ ਭਾਰਤ' ਮੁਹਿੰਮ ਚਲਾਈ ਗਈ ਹੈ। ਇਸ ਤਹਿਤ 7 ਅਪ੍ਰੈਲ ਤੱਕ ਕਾਂਗਰਸ ਦਾ ਮਹਿੰਗਾਈ ਖ਼ਿਲਾਫ਼ ਪ੍ਰਦਰਸ਼ਨ ਜਾਰੀ ਰਹੇਗਾ।