ਅਸੀਂ ਪੰਜਾਬ ਦੇ ਖ਼ਜ਼ਾਨੇ ਦੇ ਪਹਿਰੇਦਾਰ ਹਾਂ ਅਤੇ ਲੁਟੇਰਿਆਂ ਤੋਂ ਲਵਾਂਗੇ ਇਕ-ਇਕ ਰੁਪਏ ਦਾ ਹਿਸਾਬ : ਮਾਲਵਿੰਦਰ ਸਿੰਘ ਕੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਕਿਹਾ, ਬਤੌਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ 9 ਸਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਕ ਸਾਲ ਇਕ ਬਰਾਬਰ 

Malwinder Singh Kang

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਵਲੋਂ ਮੁਖਤਾਰ ਅੰਸਾਰੀ ਮਾਮਲੇ ਸਬੰਧੀ ਅੱਜ ਪ੍ਰੈਸ ਕਾਨਫ਼ਰੰਸ ਕੀਤੀ ਗਈ। ਜਿਸ ਵਿਚ ਉਨ੍ਹਾਂ ਕਿਹਾ ਕਿ ਖ਼ਤਰਨਾਕ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਤਕਰੀਬਨ ਪੰਜ ਸਾਲ ਪੰਜਾਬ ਦੀਆਂ ਜੇਲਾਂ ਵਿਚ ਰਖਿਆ ਗਿਆ ਅਤੇ ਫ਼ਾਈਵ ਸਟਾਰ ਸਹੂਲਤਾਂ ਦਿਤੀਆਂ ਗਈਆਂ। UP ਸਰਕਾਰ ਨੇ 25 ਤੋਂ ਵੱਧ ਵਾਰ ਰੇਮੈਂਡਰ ਭੇਜੇ ਪਰ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਨਾ ਸਿਰਫ਼ ਉਸ ਨੂੰ ਸਹੂਲਤਾਂ ਦਿਤੀਆਂ ਸਗੋਂ ਉਸ ਦੇ ਪ੍ਰਵਾਰਕ ਮੈਂਬਰਾਂ ਨੂੰ ਅਤੇ ਉਸ ਦੇ ਕਰਿੰਦਿਆਂ ਨੂੰ ਨਾਲ ਰਹਿਣ ਸਮੇਤ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਮੁਹਈਆ ਕਰਵਾਈਆਂ।
ਇਸ ਤੋਂ ਵੀ ਵੱਧ ਯੂ.ਪੀ. ਸਰਕਾਰ ਵਲੋਂ ਮੰਗੇ ਗਏ ਅੰਸਾਰੀ ਦੇ ਰਿਮਾਂਡ ਨੂੰ ਪੰਜਾਬ ਸਰਕਾਰ ਨੇ ਸੁਪ੍ਰੀਮ ਕੋਰਟ ਤਕ ਜਾ ਕੇ ਉਸ ਦਾ ਬਚਾਅ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਹੀ ਸਵਾਲ ਖੜ੍ਹਾ ਕੀਤਾ ਹੈ ਕਿ ਉਸ ਖ਼ਤਰਨਾਕ ਅਤੇ ਲੋੜੀਂਦੇ ਗੈਂਗਸਟਰ ਦੇ ਬਚਾਅ ਲਈ ਪੰਜਾਬ ਦੇ ਖ਼ਜ਼ਾਨੇ ਨੂੰ ਲੁਟਾਇਆ ਹੈ। ਉਸ ਤੋਂ ਪ੍ਰੇਰਿਤ ਹੋ ਕੇ ਪੰਜਾਬ ਵਿਚ ਵੱਡੇ ਪੱਧਰ 'ਤੇ ਗੈਂਗਸਟਰ ਕਲਚਰ ਵੀ ਫੈਲਿਆ ਹੈ।

ਇਕ ਗੈਂਗਸਟਰ ਨੂੰ ਵਹੀਲ ਚੇਅਰ ਮੁਹਈਆ ਕਰਵਾਉਣੀ, ਉਸ ਦੇ ਬਚਾਅ ਲਈ ਕੀਤਾ ਜਾਣ ਵਾਲਾ ਖ਼ਰਚਾ ਇਹ ਸਭ  ਜੇਲ ਮੰਤਰੀ ਦੀ ਮਨਜ਼ੂਰੀ ਤੋਂ ਬਿਨਾ ਨਹੀਂ ਹੋ ਸਕਦਾ ਅਤੇ ਇਸ ਵਿਚ ਗ੍ਰਹਿ ਮੰਤਰੀ ਜੋ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਹੀ ਸਨ, ਉਹ ਵੀ ਇਸ ਗ਼ੁਨਾਹ ਤੋਂ ਬਚ ਨਹੀਂ ਸਕਦੇ।
ਮਲਵਿੰਦਰ ਕੰਗ ਨੇ ਕਿਹਾ ਕਿ ਅਸੀਂ ਪੰਜਾਬ ਦੇ ਖ਼ਜ਼ਾਨੇ ਦੇ ਪਹਿਰੇਦਾਰ ਹਨ ਅਤੇ ਅਸੀਂ ਇਕ-ਇਕ ਰੁਪਏ ਦਾ ਹਿਸਾਬ ਦੇਣਾ ਵੀ ਹੈ ਅਤੇ ਲੈਣਾ ਵੀ ਹੈ। ਸੁਖਜਿੰਦਰ ਰੰਧਾਵਾ ਇਹ ਕਹਿ ਕੇ ਪੱਲਾ ਨਹੀਂ ਝਾੜ ਸਕਦੇ ਕਿ ਉਨ੍ਹਾਂ ਨੇ ਉਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਬਾਰੇ ਚਿਠੀਆਂ ਲਿਖੀਆਂ ਸਨ। ਉਧਰ ਕੈਪਟਨ ਅਮਰਿੰਦਰ ਸਿੰਘ ਵੀ ਕਹਿੰਦੇ ਹਨ ਕਿ ਉਹ ਅੰਸਾਰੀ ਨੂੰ ਨਹੀਂ ਜਾਣਦੇ ਪਰ ਉਨ੍ਹਾਂ ਨੇ ਅਪਣੇ ਪੁੱਤਰ ਰਣਇੰਦਰ ਸਿੰਘ ਨੂੰ ਤਾਂ ਪੁੱਛਿਆ ਹੀ ਨਹੀਂ ਕਿ ਉਹ ਮੁਖਤਾਰ ਅੰਸਾਰੀ ਨੂੰ ਜਾਣਦਾ ਹੈ ਜਾਣ ਨਹੀਂ।

ਅੱਗੇ ਬੋਲਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਸਾਹਬ, ਤੁਹਾਡੇ ਤਜਰਬੇ ਤੋਂ ਸਾਰੇ ਜਾਣੂ ਹਨ। ਬਤੌਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ 9 ਸਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਕ ਸਾਲ ਦੇ ਕੰਮਾਂ ਦਾ ਵੇਰਵਾ ਦੇਖ ਲਉ, ਇਹ ਮਾਨ ਸਾਹਬ ਦੇ ਨੇੜੇ ਵੀ ਖੜੇ ਨਹੀਂ ਹੋ ਸਕਦੇ। ਪੰਜਾਬ ਨੂੰ ਅਜਿਹੇ ਤਜਰਬੇ ਦੀ ਲੋੜ ਨਹੀਂ ਜਿਸ ਨਾਲ ਪੰਜਾਬ ਦੇ ਸਿਰ 3 ਲੱਖ ਦਾ ਕਰਜ਼ਾ ਚੜਾ ਦਿਉ ਤੇ ਆਪਣਾ ਸਿਸਵਾਂ ਵਰਗਾ ਫਾਰਮ ਹਾਊਸ ਬਣਾ ਲਉ।

ਪ੍ਰੈਸ ਕਾਨਫ਼ਰੰਸ ਦੌਰਾਨ ਉਨ੍ਹਾਂ ਕਿਹਾ, 'ਗੈਂਗਸਟਰ ਤਾਂ ਖ਼ੁਦ ਰਾਜਾ ਵੜਿੰਗ ਦਾ ਨਾਂਅ ਲੈ ਰਹੇ ਹਨ ਕਿ ਸਾਨੂੰ ਇਨ੍ਹਾਂ ਨੇ ਵਿਗਾੜਿਆ ਹੈ। ਇਕ ਨੂੰ ਫਸਾਉਣਾ ਤੇ ਦੂਜੇ ਨੂੰ ਬਚਾਉਣਾ, ਤੁਹਾਡਾ ਇਤਿਹਾਸ ਪੰਜਾਬ ਦੇ ਲੋਕਾਂ ਨੂੰ ਪਤਾ ਹੈ। ਅਸੀਂ ਪੰਜਾਬ ਦੇ ਖ਼ਜ਼ਾਨੇ ਦੇ ਪਹਿਰੇਦਾਰ ਹਾਂ ਅਤੇ ਅਸੀਂ ਇਕ-ਇਕ ਰੁਪਏ ਦਾ ਹਿਸਾਬ ਦੇਣਾ ਵੀ ਹੈ ਅਤੇ ਲੁਟੇਰਿਆਂ ਤੋਂ ਹਿਸਾਬ ਲੈਣਾ ਵੀ ਹੈ।''

ਕੰਗ ਦਾ ਕਹਿਣਾ ਹੈ ਕਿ ਸੁਖਜਿੰਦਰ ਰੰਧਾਵਾ ਇਹ ਕਹਿ ਕੇ ਪੱਲਾ ਨਹੀਂ ਝਾੜ ਸਕਦੇ ਕਿ ਉਨ੍ਹਾਂ ਨੇ ਉਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਬਾਰੇ ਚਿੱਠੀਆਂ ਲਿਖੀਆਂ ਸਨ। ਇਸ ਦੀ ਜਵਾਬਦੇਹੀ ਲਈ ਪੰਜਾਬ ਸਰਕਾਰ ਵਲੋਂ ਜਲਦ ਨੋਟਿਸ ਭੇਜਿਆ ਜਾਵੇਗਾ। ਇਨ੍ਹਾਂ ਦੀਆਂ ਸਾਰੀਆਂ ਰੀਝਾਂ ਤਰੀਕੇ ਨਾਲ ਪੂਰੀਆਂ ਕਰਾਂਗੇ।