ਦੇਸ਼ ਨੂੰ ਇਕ ਦੇਸ਼ ਇਕ ਚੋਣ ਦੀ ਨਹੀਂ, ਇਕ ਦੇਸ਼ ਇਕ ਸਿਖਿਆ, ਇਕ ਦੇਸ਼ ਇਕ ਇਲਾਜ ਦੀ ਲੋੜ ਹੈ: ਅਰਵਿੰਦ ਕੇਜਰੀਵਾਲ

ਏਜੰਸੀ

ਖ਼ਬਰਾਂ, ਰਾਜਨੀਤੀ

‘ਆਪ’ ਨੇ ਹਰਿਆਣਾ ’ਚ ਸ਼ੁਰੂ ਕੀਤੀ ਪ੍ਰਵਾਰ ਜੋੜੋ ਮੁਹਿੰਮ

Bhagwant Mann and Arvind Kejriwal

ਭਿਵਾਨੀ/ਚੰਡੀਗੜ੍ਹ: ਐਤਵਾਰ ਨੂੰ ਭਿਵਾਨੀ ਦੀ ਅਨਾਜ ਮੰਡੀ ’ਚ ਕਰਵਾਏ ਕਾਰਕੁਨ ਸਹੁੰ ਚੁੱਕ ਸਮਾਗਮ ’ਚ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ। ਇਸ ਦੌਰਾਨ ਸੂਬ ’ਚ ਰਾਜ, ਲੋਕ ਸਭਾ, ਵਿਧਾਨ ਸਭਾ ਅਤੇ ਬਲਾਕ ਪੱਧਰ ਦੇ ਅਹੁਦੇਦਾਰਾਂ ਨਾਲ ਨਵ-ਨਿਯੁਕਤ ਸਰਕਲ ਪੱਧਰੀ ਅਹੁਦੇਦਾਰ ਪੁੱਜੇ। ਸਹੁੰ ਚੁੱਕ ਸਮਾਗਮ ਵਿਚ 4 ਹਜ਼ਾਰ ਤੋਂ ਵੱਧ ਅਹੁਦੇਦਾਰਾਂ ਨੇ ਹਿੱਸਾ ਲਿਆ। 

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਰਿਆਣੇ ਦੇ ਕੋਨੇ-ਕੋਨੇ ਤੋਂ ਆਏ ਅਹੁਦੇਦਾਰਾਂ ਨੂੰ ਸਨਮਾਨਿਤ ਕਰ ਕੇ ਭਾਸ਼ਣ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਇਹ ਕੋਈ ਰੈਲੀ ਨਹੀਂ, ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਦਾ ਸਹੁੰ ਚੁੱਕ ਸਮਾਗਮ ਹੈ। ਜਿਸ ਦਿਨ ਅਸੀਂ ਰੈਲੀ ਕਰਾਂਗੇ, ਕਿੰਨੀ ਵੱਡੀ ਹੋਵੇਗੀ?

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੱਲ੍ਹ ਤੋਂ ਹਰਿਆਣਾ ’ਚ ਪਰਿਵਾਰ ਜੋੜੋ ਅਭਿਆਨ ਸ਼ੁਰੂ ਕੀਤਾ ਜਾਵੇਗਾ। ਪਾਰਟੀ ਸੂਬੇ ਦੇ ਹਰ ਘਰ ’ਚ ਜਾ ਕੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਦਾ ਪ੍ਰਚਾਰ ਕਰੇਗੀ। ਉਨ੍ਹਾਂ ਕਿਹਾ, ‘‘ਹਰ ਘਰ ਜਾ ਕੇ ਚਾਹ-ਦੁੱਧ ਪੀ ਕੇ ਦੱਸੋ ਕਿ ਕੇਜਰੀਵਾਲ ਹਰਿਆਣੇ ਦਾ ਪੁੱਤ ਹੈ, ਮੇਰਾ ਪੁੱਤਰ ਹੈ। ਦਿੱਲੀ ਠੀਕ ਕਰ ਦਿਤੀ ਤਾਂ ਹਰਿਆਣਾ ਵੀ ਕਰਵਾ ਦਿਉ।’’

ਉਨ੍ਹਾਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਵਿਰੋਧੀ ਪਾਰਟੀਆਂ ’ਤੇ ਮੁਫਤ ਦੀਆਂ ਰਿਉੜੀਆਂ ਨਾਲ ਲੋਕਾਂ ਨੂੰ ਪਤਿਆਉਣ ਦਾ ਦੋਸ਼ ਲਾਉਂਦੇ ਹਨ। ਉਨ੍ਹਾਂ ਕਿਹਾ, ‘‘ਜੇਕਰ ਅਸੀਂ ਦੇਸ਼ ਦੇ ਗਰੀਬ ਬੱਚਿਆਂ ਨੂੰ ਮੁਫਤ ਸਿੱਖਿਆ ਦਿੰਦੇ ਹਾਂ ਤਾਂ ਇਹ ਮੁਫਤ ਦੀ ਰਿਉੜੀ ਨਹੀਂ ਹੈ। ਗਰੀਬਾਂ ਦਾ ਮੁਫਤ ਇਲਾਜ ਕਰੋ ਤਾਂ ਇਹ ਕੋਈ ਪਾਪ ਨਹੀਂ ਹੈ।’’

ਇਕ ਦੇਸ਼, ਇਕ ਚੋਣ ਬਾਰੇ ਬੋਲਦਿਆਂ ਉਨ੍ਹਾਂ ਕਿਹਾ, ‘‘ਭਾਜਪਾ ਵਾਲਿਆਂ ਨੇ ਨਵਾਂ ਸ਼ਗੂਫ਼ਾ ਛੱਡ ਦਿਤਾ ਹੈ, ਇਕ ਦੇਸ਼, ਇਕ ਚੋਣ। ਇਸ ਤੋਂ ਦੇਸ਼ ਨੂੰ ਕੀ ਮਿਲੇਗਾ? ਇਕ ਦੇਸ਼ ਇਕ ਸਿੱਖਿਆ ਹੋਣੀ ਚਾਹੀਦੀ ਹੈ। ਇਕ ਦੇਸ਼ ਇਕ ਇਲਾਜ ਹੋਣਾ ਚਾਹੀਦਾ ਹੈ। ਸਭ ਲਈ ਵਧੀਆ ਸਿੱਖਿਆ ਅਤੇ ਸਾਰਿਆਂ ਲਈ ਵਧੀਆ ਇਲਾਜ। ਚਾਹੇ ਉਹ ਅਡਾਨੀ ਦਾ ਬੇਟਾ ਹੋਵੇ ਜਾਂ ਅੰਬਾਨੀ ਦਾ ਬੇਟਾ, ਸਭ ਲਈ ਇਕ ਸਿੱਖਿਆ, ਇਕ ਇਲਾਜ।’’

ਭਗਵੰਤ ਜੀ ਤੁਸੀਂ ਤਾਂ ਮੇਰੇ ਤੋਂ ਵੀ ਅੱਗੇ ਨਿਕਲ ਗਏ ਹੋ : ਅਰਵਿੰਦ ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ, ‘‘ਭਗਵੰਤ ਮਾਨ ਨੇ ਇਕ ਸਾਲ ਵਿਚ 750 ਮੁਹੱਲਾ ਕਲੀਨਿਕ ਬਣਾਏ ਹਨ। ਦਿੱਲੀ ’ਚ 550 ਮੁਹੱਲਾ ਕਲੀਨਿਕ ਹਨ। ਮੈਂ ਕਿਹਾ ਭਗਵੰਤ ਭਾਈ ਤੁਸੀਂ ਤਾਂ ਮੇਰੇ ਤੋਂ ਵੀ ਅੱਗੇ ਨਿਕਲ ਗਏ ਹੋ।’’

ਭਾਜਪਾ ਦੀ ਜੁਮਲਾ ਫੈਕਟਰੀ 24 ਘੰਟੇ ਕੰਮ ਕਰ ਰਹੀ ਹੈ, 2024 ਵਿਚ ਜੁਮਲਾ ਵੇਚਣ ਦਾ ਸਮਾਂ ਆ ਰਿਹਾ ਹੈ: ਭਗਵੰਤ ਮਾਨ

ਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਿਵਾਨੀ ’ਚ ਬਦਲਾਅ ਦੀ ਚੰਗਿਆੜੀ ਲਿਆਉਣ ਵਾਲੇ ਹਰ ਵਰਕਰ ਦਾ ਹਰ ਕਦਮ ਸਾਡੇ ਮੱਥੇ ’ਤੇ ਹੈ। ਭਿਵਾਨੀ ਦੀ ਧਰਤੀ ’ਤੇ ਜਨਮੇ ਹਰਿਆਣਾ ਦੇ ਲਾਲ ਅਰਵਿੰਦ ਕੇਜਰੀਵਾਲ ਨੇ ਦੇਸ਼ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਅਤੇ ਦਸ਼ਾ ਦਿੱਤੀ ਹੈ। 

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅਜਿਹਾ ਕੁਝ ਨਹੀਂ ਬੋਲਦੀ ਜਿਸ ਨੂੰ ਪੂਰਾ ਨਾ ਕਰ ਸਕੇ। ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਦਿੱਲੀ ਦੇ 80% ਅਤੇ ਪੰਜਾਬ ਦੇ 90% ਘਰਾਂ ਦੇ ਬਿਜਲੀ ਬਿੱਲ ਜ਼ੀਰੋ ’ਤੇ ਆ ਰਹੇ ਹਨ। ਹਰਿਆਣਾ ਦੇ ਇੱਕ ਪਾਸੇ ਪੰਜਾਬ ਅਤੇ ਦੂਜੇ ਪਾਸੇ ਦਿੱਲੀ ਹੈ। ਪਹਿਲਾਂ ਇਧਰ-ਉਧਰ ਆਪਣੇ ਰਿਸ਼ਤੇਦਾਰਾਂ ਨਾਲ ਗੱਲ ਕਰੋ, ਫਿਰ ਆਮ ਆਦਮੀ ਪਾਰਟੀ ’ਤੇ ਭਰੋਸਾ ਕਰੋ। 

ਉਨ੍ਹਾਂ ਕਿਹਾ ਕਿ ਭਾਜਪਾ ਦੀ ਜੁਮਲਾ ਫੈਕਟਰੀ ਦਿਨ-ਰਾਤ ਕੰਮ ਕਰ ਰਹੀ ਹੈ। ਕਿਉਂਕਿ 2024 ’ਚ ਜੁਮਲੇ ਵਿਚਕਣਗੇ। ਹੁਣ ਚੋਣਾਂ ’ਚ ਨਾਅਰੇ ਵਿਕਣਗੇ। 15 ਲੱਖ ਦਿਆਂਗੇ, ਦੋ ਕਰੋੜ ਨੌਕਰੀਆਂ ਦਿਆਂਗੇ, ਸਭ ਕੁਝ ਜੁਮਲਾ ਹੀ ਨਿਕਲਿਆ। 

ਉਨ੍ਹਾਂ ਕਿਹਾ ਕਿ ਪਿਛਲੀ ਵਾਰ ਦਿੱਲੀ ਵਿੱਚ 67 ਸੀਟਾਂ ਸਨ ਅਤੇ ਇਸ ਵਾਰ 63 ਅਤੇ ਪੰਜਾਬ ਵਿੱਚ 92 ਸੀਟਾਂ ਸਨ। ਪੰਜਾਬ ਵਿੱਚ ਪਿਛਲੇ ਡੇਢ ਸਾਲ ਵਿੱਚ 35,000 ਤੋਂ ਵੱਧ ਨੌਕਰੀਆਂ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਵੱਡੀਆਂ ਕੰਪਨੀਆਂ ਪੰਜਾਬ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਚੋਣਾਂ ਸਮੇਂ ਲੋਕ ਹੱਥ ਜੋੜ ਕੇ ਕਹਿੰਦੇ ਹਨ ਕਿ ਸੇਵਾ ਕਰਨ ਦਾ ਮੌਕਾ ਦਿਓ, ਫਿਰ ਲੋਕ ਹੱਥ ਜੋੜਦੇ ਰਹਿੰਦੇ ਹਨ, ਇਕ ਵਾਰ ਜ਼ਰੂਰ ਮਿਲੋ।