ਪੰਜਾਬ 'ਚ ਭਾਜਪਾ ਦੇ ਪੈਰ ਲਗਵਾਉਣ ਵਾਲੇ ਬਾਦਲ ਨੂੰ ਹੀ ਭਾਜਪਾ ਘਸਾਉਣ ਲੱਗੀ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਪੰਜਾਬ ਵਿਚ 59 ਸੀਟਾਂ ਮੰਗਣ ਵਾਲੀ ਭਾਜਪਾ ਹਰਿਆਣਾਂ 'ਚ ਅਕਾਲੀ ਦਲ ਨੂੰ 2 ਸੀਟਾਂ ਦੇ ਰਹੀ ਹੈ..

ਪੰਜਾਬ 'ਚ ਭਾਜਪਾ ਦੇ ਪੈਰ ਲਗਵਾਉਣ ਵਾਲੇ ਬਾਦਲ ਨੂੰ ਹੀ ਭਾਜਪਾ ਘਸਾਉਣ ਲੱਗੀ!

 ਨੰਗਲ (ਕੁਲਵਿੰਦਰ ਜੀਤ ਸਿੰਘ): ਆਖਰਕਾਰ ਉਹੀ ਗੱਲ ਹੋਈ ਜਿਸ ਨੂੰ ਵਾਰ ਵਾਰ ਸਪੋਕਸਮੈਨ ਵਲੋ ਸਮੇਂ ਸਮੇਂ ਤੇ ਚੇਤਾਇਆ ਗਿਆ ਸੀ ਕਿ ਜਿਸ ਦਿਨ ਭਾਜਪਾ ਆਪਣੇ ਪੈਰਾਂ 'ਤੇ ਹੋ ਗਈ ਉਸ ਵੇਲੇ ਉਨ੍ਹਾਂ ਉਸ ਅਕਾਲੀ ਦਲ ਬਾਦਲ ਨੂੰ ਮੱਖਣ 'ਚੋ ਵਾਲ ਵਾਗੂੰ ਬਾਹਰ ਕਰ ਦੇਣਾ ਜਿਸ ਦੇ ਸੁਪਰੀਮੋ ਸ੍ਰ.ਪ੍ਰਕਾਸ਼ ਸਿੰਘ ਬਾਦਲ ਨੇ ਆਰ.ਐਸ.ਐਸ. ਨੂੰ ਖੁਸ਼ ਕਰਨ ਅਤੇ ਕੇਂਦਰ ਵਿਚ ਆਪਣੀ ਥਾਂ ਬਣਾਉਣ ਲਈ ਸਾਰਾ ਪੰਥ ਪਿਛੇ ਪਾ ਦਿੱਤਾ ਸੀ ਅਤੇ ਜੇਕਰ ਇਹ ਕਹੀਏ ਕਿ ਪੰਜ਼ਾਬ ਵਿਚ ਭਾਜਪਾ ਤੇ ਆਰ.ਐਸ.ਐਸ. ਨੂੰ ਕਾਇਮ ਕਰਨ ਵਾਲੇ ਪਰਕਾਸ਼ ਸਿੰਘ ਬਾਦਲ ਹਨ ਤਾਂ ਕੋਈ ਅਤਿ ਕਥਨੀ ਨਹੀ ਹੋਵੇਗਾ। ਹੁਣ ਹਰਿਆਣਾਂ ਵਿਚ ਅਤੇ ਜ਼ਿਮਨੀ ਚੋਣਾਂ ਦੇ ਬਿਗਲ ਵੱਜਦਿਆ ਹੀ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਮਦਨ ਮੋਹਨ ਮਿੱਤਲ ਨੇ ਆਪਣੇ ਬਿਆਨ ਵਿਚ ਭਾਜਪਾ ਨੂੰ ਵੱਡਾ ਭਰਾ ਦੱਸਦਿਆ 117 ਵਿਚੋ 59 ਸੀਟਾਂ ਲੜਨ ਦੀ ਮੰਗ ਕਰ ਦਿੱਤੀ ਹੈ। 

ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਸਾਲ 1997 ਵਿਚ ਗੱਠਜੋੜ ਹੋਇਆ ਸੀ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਅਕਾਲੀ ਦਲ ਦੇ ਖਿਲਾਫ਼ ਉਹੀ ਭਾਜਪਾ ਦੇ ਸਾਬਕਾ ਆਗੂ ਸ੍ਰੀ ਮਦਨ ਮੋਹਨ ਮਿੱਤਲ ਬਿਆਨ ਦੇ ਰਹੇ ਹਨ ਜਿਨ੍ਹਾਂ ਦਾ ਇਹ ਗੱਠਜੋੜ ਕਰਵਾਉਣ ਵਿਚ ਅਹਿਮ ਰੋਲ ਰਿਹਾ ਸੀ। ਸਾਲ 1997 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ 23 ਵਿਚੋ 18 ਸੀਟਾਂ ਤੇ ਜਿੱਤ ਪ੍ਰਾਪਤ ਕਰਨ ਵਿਚ ਕਾਮਯਾਬ ਰਹੀ ਸੀ ਅਤੇ ਸਰਕਾਰ ਵਿਚ ਸੱਤਾ ਦਾ ਸੁੱਖ ਵੀ ਸ੍ਰ.ਪ੍ਰਕਾਸ਼ ਸਿੰਘ ਬਾਦਲ ਦੇ ਸਿਰ ਤੇ ਭੋਗਿਆ ਸੀ।

ਭਾਵੇਂ ਕਿ ਉਸ ਤੋਂ ਬਾਅਦ ਹੁਣ ਤਕ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਕੋਈ ਬਹੁਤੀ ਵੱਡੀ ਪ੍ਰਾਪਤੀ ਨਹੀ ਕਰ ਸਕੀ ਤੇ ਹਰ ਵਾਰ ਘੱਟ ਸੀਟਾਂ ਹੀ ਆਈਆਂ, ਪਰ ਭਾਜਪਾ ਨੇ ਸ਼ਹਿਰਾਂ ਵਿੱਚ ਤਾਂ ਆਪਣਾ ਦਬਦਬਾ ਕਾਇਮ ਕਰ ਹੀ ਲਿਆ ਸੀ, ਸਾਲ 2012 ਦੀਆਂ ਵਿਧਾਨ ਸਭਾ ਚੌਣਾਂ ਤੋਂ ਬਾਅਦ ਪਿੰਡਾਂ ਵਿੱਚ ਰੱਜ ਕੇ ਮਿਹਨਤ ਕੀਤੀ ਅਤੇ ਹੁਣ ਜੇਕਰ ਭਾਜਪਾ ਦੇ ਕੁਝ ਆਗੂਆਂ ਦੀ ਮੰਨੀਏ ਤਾਂ ਭਾਜਪਾ ਆਉਣ ਵਾਲੀਆਂ ਚੋਣਾਂ ਇਕੱਲੇ ਲੜਨ ਦੀ ਤਿਆਰੀ ਕਰ ਰਹੀ ਹੈ, ਅਤੇ ਅਕਾਲੀ ਭਾਜਪਾ ਗੱਠਜੋੜ ਦੇ ਸਬੰਧਾਂ ਵਿਚ ਖਟਾਸ ਆਉਣੀ ਵੀ ਸ਼ੁਰੂ ਹੋ ਗਈ ਹੈ।

ਹੁਣ ਜੇ ਵਿਧਾਨ ਸਭਾ ਦੇ ਨਤੀਜਿਆਂ ਤੇ ਨਜਰ ਮਾਰੀਏ ਤਾਂ ਸਾਲ 2002 ਵਿੱਚ ਭਾਰਤੀ ਜਨਤਾ ਪਾਰਟੀ ਨੇ 3 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਸੀ 2007 ਵਿੱਚ ਭਾਜਪਾ ਦਾ ਪ੍ਰਦਰਸ਼ਨ ਵਧੀਆਂ ਰਿਹਾ ਸੀ ਅਤੇ ਉਨ੍ਹਾਂ 19 ਸੀਟਾਂ ਤੇ ਜਿੱਤ ਪ੍ਰਪਾਤ ਕੀਤੀ ਸੀ, ਇਸੇ ਤਰ੍ਹਾਂ ਹੀ ਸਾਲ 2012 ਵਿੱਚ 12 ਸੀਟਾਂ ਅਤੇ ਸਾਲ 2017 ਦੀਆਂ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ 3 ਸੀਟਾਂ ਨਾਲ ਹੀ ਸਬਰ ਕਰਨਾ ਪਿਆ ਸੀ,

ਅਤੇ ਇਕ ਵਾਰ ਫਿਰ ਭਾਜਪਾ ਵਲੋਂ ਇਕੱਲੇ ਚੋਣਾਂ ਲੜਨ ਦਾ ਰਾਗ ਅਲਾਪਣਾਂ ਬੰਦ ਕਰ ਦਿੱਤਾ ਗਿਆ ਸੀ, ਪਰ ਹੁਣ ਲੋਕ ਸਭਾ ਚੋਣਾਂ ਵਿਚ ਵੱਡੀ ਜਿੱਤ ਤੋਂ ਬਾਅਦ ਭਾਜਪਾ ਦੇ ਹੌਸਲੇ ਫਿਰ ਬੁਲੰਦ ਹੋਏ ਹਨ ਜੇਕਰ ਇਹ ਕਹਿ ਲਈਏ ਕਿ ਇਹ ਤਿੰਨ ਸੀਟਾਂ ਭਾਜਪਾ ਨੂੰ ਜਿੱਤਣ ਵਾਲੇ ਕਰਨ ਵਾਲੇ ਵੀ ਪ੍ਰਕਾਸ਼ ਸਿੰਘ ਬਾਦਲ ਹਨ ਤਾਂ ਇਹ ਕੋਈ ਅਤਿਕਥਨੀ ਨਹੀ ਹੋਵੇਗਾ। ਜੇਕਰ ਗੱਲ ਕਰੀਏ ਹੁਣ ਭਾਜਪਾ ਦੀ ਤਾਂ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਘਸਾਊਣਾ ਸ਼ੁਰੂ ਕਰ ਦਿੱਤਾ ਹੈ ਅਤੇ ਕਈ ਕੋਸ਼ਿਸ਼ਾਂ ਤੋਂ ਬਾਅਦ ਵੀ ਹਰਿਆਣਾ ਵਿੱਚ ਗੱਠਜੋੜ ਸਿਰੇ ਨਾ ਚੜ੍ਹ ਸਕਿਆ ਅਤੇ ਜਿਹੜਾ ਇੱਕ ਉਮੀਦਵਾਰ ਬਕਲੌਰ ਸਿੰਘ  ਅਕਾਲੀ ਦਲ ਨੇ ਉਤਾਰਨ ਦਾ ਫੈਸਲਾ ਕੀਤਾ ਹੀ ਸੀ

ਉਹ ਵੀ ਭਾਜਪਾ ਨੇ ਆਪਣੀ ਪਾਰਟੀ 'ਚ ਸ਼ਾਮਲ ਕਰ ਲਿਆ। ਇਥੇ ਇਹ ਵੀ ਹੈਰਾਨੀ ਦੀ ਗੱਲ ਹੈ ਕਿ ਜਿਹੜੀ ਭਾਜਪਾ ਪੰਜਾਬ ਵਿਚ 59 ਸੀਟਾਂ ਤੇ ਲੜਨ ਦੀ ਮੰਗ ਕਰ ਰਹੀ ਹੈ ਉਹ ਖੁਦ ਹਰਿਆਣਾ ਵਿਚ ਆਪਣੇ ਛੋਟੇ ਵੀਰ ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ਼ 2 ਸੀਟਾਂ ਹੀ ਦੇਣ ਨੂੰ ਤਿਆਰ ਹੈ ਜਦੋ ਕਿ ਇਕ ਵਿਧਾਇਕ ਤਾਂ ਅਕਾਲੀ ਦਲ ਕੌਲ ਪਹਿਲਾ ਹੀ ਸੀ ਜੋ ਕਿ ਹੁਣ ਵੱਡੀ ਭਰਾ ਪਾਰਟੀ ਭਾਜਪਾ ਖੋਹ ਕੇ ਲੈ ਗਈ ਹੈ। 

ਹੁਣ ਜੇਕਰ ਸ੍ਰ.ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰੀਏ ਤਾ ਉਨ੍ਹਾਂ ਦੀ ਸ਼ਖ਼ਸ਼ੀਅਤ ਇਕ ਘਾਘ ਸਿਆਸਤਦਾਨ ਵਾਲੀ ਰਹੀ ਹੈ ਅਤੇ ਉਨ੍ਹਾਂ ਨੇ ਆਪਣੀ ਸਿਆਣੀ ਸਿਆਸਤ ਨਾਲ ਗੁਰਚਰਨ ਸਿੰਘ ਟੋਹੜਾਂ, ਜਗਦੇਵ ਸਿੰਘ ਤਲਵੰਡੀ ਅਤੇ ਸੁਰਜੀਤ ਸਿੰਘ ਬਰਨਾਲਾ ਜਿਹੇ ਵੱਡੇ ਵੱਡੇ ਆਗੂਆਂ ਨੂੰ ਪਛਾੜ ਕੇ ਪੰਜ਼ਾਬੀਆਂ ਅਤੇ ਖਾਸ ਕਰ ਸਿੱਖਾਂ ਵਿੱਚ ਇਕ ਖਾਸ ਥਾਂ ਬਣਾਈ ਅਤੇ ਇਸੇ ਭਾਰਤੀ ਜਨਤਾ ਪਾਰਟੀ ਕਰਕੇ ਹਰ ਵਾਰ ਗਰਮ ਖਿਆਲੀਆਂ ਨਾਲ ਲੋਹਾ ਵੀ ਲੈਂਦੇ ਰਹੇ।

ਭਾਰੀ ਵਿਰੋਧ ਦੇ ਬਾਵਜੂਦ ਵੀ ਸ਼ਾਇਦ ਹੀ ਅਜਿਹਾ ਕੋਈ ਪੰਥਕ ਸਮਾਗਮ ਹੋਇਆ ਹੋਵੇ ਜਿਸ ਵਿਚ ਭਾਜਪਾ ਦੀ ਸਮੂਹਲੀਅਤ ਨਾ ਹੋਈ ਹੋਵੇ ਉਹ ਫਿਰ ਭਾਵੇਂ ਖਾਲਸੇ ਦੀ ਜਨਮ ਸ਼ਤਾਬਦੀ ਸਮਾਗਮ ਹੋਣ ਜਾਂ ਫਿਰ ਪਿਛਲੇ ਵਰ੍ਹਿਆਂ ਵਿਚ ਮਨਾਇਆ ਗਿਆ ਸ੍ਰੀ ਅਨੰਦਪੁਰ ਸਾਹਿਬ ਦਾ ਸਥਾਪਨਾ ਦਿਵਸ ਹੋਵੇ। ਇਥੇ ਇਹ ਵੀ ਦੱਸਣਾਂ ਬਣਦਾ ਹੈ ਕਿ ਇਹ ਉਹੀ ਸਥਾਪਨਾ ਦਿਵਸ ਹੈ ਜਿਸ ਵਿਚ ਤਤਕਾਲੀ ਕੇਂਦਰੀ ਮੰਤਰੀ ਰਾਜਨਾਥ ਸਿੰਘ ਆਪਣੇ ਭਾਸ਼ਣ ਵਿਚ  ਪੰਜ਼ਾਬ ਨੂੰ ਨਸ਼ਈ ਕਹਿ ਕੇ ਗਏ ਸਨ। 

ਪਰ ਹੁਣ ਲੱਗ ਰਿਹਾ ਹੈ ਕਿ ਭਾਜਪਾ ਦੀ ਨੀਅਤ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹਿਚਾਣ ਗਏ ਹਨ ਅਤੇ ਉਨ੍ਹਾਂ ਹੁਣ ਭਾਜਪਾ ਨੂੰ ਮੋੜਵੇਂ ਜਵਾਬ ਦੇਣੇ ਸ਼ੁਰੂ ਕਰ ਦਿੱਤੇ ਹਨ।  ਸੂਤਰ ਦੱਸਦੇ ਹਨ ਕਿ ਉਨ੍ਹਾਂ ਨੇ ਗਰਮ ਖਿਆਲੀਆਂ ਨਾਲ ਆਪਣੇ ਤਾਲੂਕਾਤ ਸੁਧਾਰਨ ਦਾ ਫੈਸਲਾ ਕਰ ਲਿਆ ਹੈ। ਹੋਵੇ ਭਾਵੇਂ ਕੁਝ ਵੀ ਪਰ ਜਿਸ ਭਾਜਪਾ ਪਿੱਛੇ ਸ੍ਰ.ਪ੍ਰਕਾਸ਼ ਸਿੰਘ ਬਾਦਲ ਨੇ ਸਾਰਾ ਪੰਥ ਪਿੱਛੇ ਪਾ ਦਿੱਤਾ, ਸੰਘੀ ਹੋਣ ਦੀ ਮੋਹਰ ਲਵਾ ਲਈ ਉਹੀ ਭਾਜਪਾ ਜੇਕਰ ਐਨ ਮੋਕੇ ਦੇ ਸਰਦਾਰ ਬਾਦਲ ਨੂੰ ਛੱਡਦੀ ਹੈ ਤਾ ਸ੍ਰ ਬਾਦਲ ਕੋਲ ਤਾ ਇਹੀ ਕਹਿਣ ਨੂੰ ਰਹਿ ਜਾਵੇਗਾ ''ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ।''