ਮੇਰੇ ਲਈ ਗ਼ਰੀਬ ਹੀ ਸਭ ਤੋਂ ਵੱਡੀ ਜਾਤ ਅਤੇ ਸਭ ਤੋਂ ਵੱਡੀ ਆਬਾਦੀ ਹੈ : ਪ੍ਰਧਾਨ ਮੰਤਰੀ
ਕਿਹਾ, ਕਾਂਗਰਸ ਕਹਿ ਰਹੀ ਹੈ ਕਿ ਆਬਾਦੀ ਤੈਅ ਕਰੇਗੀ ਕਿ ਕਿਸ ਨੂੰ ਕਿੰਨੇ ਅਧਿਕਾਰ ਮਿਲਣਗੇ, ਤਾਂ ਕੀ ਸਭ ਤੋਂ ਵੱਧ ਆਬਾਦੀ ਵਾਲੇ ਹਿੰਦੂ ਹੁਣ ਅੱਗੇ ਵਧ ਕੇ ਅਪਣੇ ਸਾਰੇ ਹੱਕ ਲੈ ਲੈਣਗੇ?
ਜਗਦਲਪੁਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਤ ਅਧਾਰਤ ਮਰਦਮਸ਼ੁਮਾਰੀ ਦੀ ਵਿਰੋਧੀ ਪਾਰਟੀਆਂ ਦੀ ਮੰਗ ਵਿਚਕਾਰ ਕਾਂਗਰਸ ’ਤੇ ‘ਕਿਸੇ ਵੀ ਕੀਮਤ ’ਤੇ’ ਦੇਸ਼ ਦੇ ਹਿੰਦੂਆਂ ਨੂੰ ਵੰਡਣ ਅਤੇ ‘ਭਾਰਤ ਨੂੰ ਤਬਾਹ ਕਰ ਦੇਣ’ ਦੀ ਚਾਹਤ ਰੱਖਣ ਦਾ ਦੋਸ਼ ਲਾਉਂਦਿਆਂ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਲਈ ਗ਼ਰੀਬ ਹੀ ਸਭ ਤੋਂ ਵੱਡੀ ਜਾਤ ਅਤੇ ਸਭ ਤੋਂ ਵੱਡੀ ਆਬਾਦੀ ਹੈ।
ਕਾਂਗਰਸ ’ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ਇਹ ਦੋਸ਼ ਵੀ ਲਾਇਆ ਕਿ ਦੇਸ਼ ਦੀ ਪ੍ਰਮੁੱਖ ਵਿਰੋਧੀ ਪਾਰਟੀ ਉਸ ਦੇ ਆਗੂ ਨਹੀਂ, ਬਲਕਿ ਪਰਦੇ ਪਿੱਛੇ ਦੇ ਅਜਿਹੇ ਲੋਕ ਚਲਾ ਰਹੇ ਹਨ, ਜੋ ‘ਦੇਸ਼ ਵਿਰੋਧੀ ਤਾਕਤਾਂ ਨਾਲ’ ਮਿਲੇ ਹੋਏ ਹਨ।
ਬਸਤਰ ਜ਼ਿਲ੍ਹੇ ਦੇ ਮੁੱਖ ਦਫ਼ਤਰ ਜਗਦਲਪੁਰ ’ਚ ਭਾਜਪਾ ਦੀ ‘ਪਰਿਵਰਤਨ ਮਹਾਂਸੰਕਲਪ ਰੈਲੀ’ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਾਂਗਰਸ ’ਤੇ ਲੋਕਤੰਤਰ ਨੂੰ ‘ਲੁੱਟਤੰਤਰ’ ਅਤੇ ਪ੍ਰਜਾਤੰਤਰ ਨੂੰ ‘ਪਰਿਵਾਰਤੰਤਰ’ ’ਚ ਬਦਲਣ ਦਾ ਦੋਸ਼ ਲਾਇਆ।
ਪ੍ਰਧਾਨ ਮੰਤਰੀ ਨੇ ਕਿਹਾ, ‘‘ਕੱਲ੍ਹ ਤੋਂ ਕਾਂਗਰਸ ਨੇ ਵਖਰਾ ਰਾਗ ਅਲਾਪਣਾ ਸ਼ੁਰੂ ਕਰ ਦਿਤਾ ਹੈ। ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਜਿੰਨੀ ਆਬਾਦੀ ਓਨਾ ਹੱਕ ਹੈ। ਮੈਂ ਕਹਿੰਦਾ ਹਾਂ ਕਿ ਇਸ ਦੇਸ਼ ’ਚ ਜੇਕਰ ਕੋਈ ਸਭ ਤੋਂ ਵੱਡੀ ਆਬਾਦੀ ਹੈ, ਤਾਂ ਉਹ ਗਰੀਬ ਦੀ ਹੈ। ਇਸ ਲਈ, ਮੇਰੇ ਲਈ ਗਰੀਬ ਹੀ ਸਭ ਤੋਂ ਵੱਡੀ ਆਬਾਦੀ ਹੈ ਅਤੇ ਗਰੀਬਾਂ ਦੀ ਭਲਾਈ ਮੇਰਾ ਉਦੇਸ਼ ਹੈ।’’
ਉਨ੍ਹਾਂ ਅੱਗੇ ਕਿਹਾ, ‘‘ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਕੀ ਸੋਚ ਰਹੇ ਹੋਣਗੇ? ਮਨਮੋਹਨ ਸਿੰਘ ਜੀ ਕਹਿੰਦੇ ਸਨ ਕਿ ਦੇਸ਼ ਦੇ ਸਰੋਤਾਂ ’ਤੇ ਘੱਟ ਗਿਣਤੀਆਂ ਦਾ ਪਹਿਲਾ ਹੱਕ ਹੈ ਅਤੇ ਉਨ੍ਹਾਂ ’ਚੋਂ ਵੀ ਪਹਿਲਾ ਹੱਕ ਮੁਸਲਮਾਨਾਂ ਦਾ ਹੈ। ਪਰ ਹੁਣ ਕਾਂਗਰਸ ਕਹਿ ਰਹੀ ਹੈ ਕਿ ਆਬਾਦੀ ਤੈਅ ਕਰੇਗੀ ਕਿ ਕਿਸ ਨੂੰ ਕਿੰਨੇ ਅਧਿਕਾਰ ਮਿਲਣਗੇ।’’
ਪ੍ਰਧਾਨ ਮੰਤਰੀ ਨੇ ਪੁਛਿਆ ਕਿ ਕੀ ਕਾਂਗਰਸ ਮੁਸਲਮਾਨਾਂ ਦੇ ਅਧਿਕਾਰਾਂ ਨੂੰ ਘੱਟ ਕਰਨਾ ਚਾਹੁੰਦੀ ਹੈ? ਉਨ੍ਹਾਂ ਕਿਹਾ, ‘‘ਤਾਂ ਕੀ ਕਾਂਗਰਸ ਘੱਟ ਗਿਣਤੀਆਂ ਨੂੰ ਹਟਾਉਣਾ ਚਾਹੁੰਦੀ ਹੈ? ਤਾਂ ਕੀ ਸਭ ਤੋਂ ਵੱਧ ਆਬਾਦੀ ਵਾਲੇ ਹਿੰਦੂ ਹੁਣ ਅੱਗੇ ਵਧ ਕੇ ਅਪਣੇ ਸਾਰੇ ਹੱਕ ਲੈ ਲੈਣਗੇ?’’
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਹੁਣ ਕਾਂਗਰਸੀ ਲੋਕਾਂ ਵਲੋਂ ਨਹੀਂ ਚਲਾਇਆ ਜਾ ਰਿਹਾ, ਕਿਉਂਕਿ ਇਸ ਦੇ ਵੱਡੇ ਆਗੂ ਮੂੰਹ ਬੰਦ ਕਰ ਕੇ ਬੈਠੇ ਹਨ। ਉਨ੍ਹਾਂ ਕਿਹਾ, ‘‘ਹੁਣ ਕਾਂਗਰਸ ਨੂੰ ਪਰਦੇ ਪਿੱਛੇ ਅਜਿਹੇ ਲੋਕ ਚਲਾ ਰਹੇ ਹਨ ਜਿਨ੍ਹਾਂ ਦੀ ਦੇਸ਼ ਵਿਰੋਧੀ ਤਾਕਤਾਂ ਨਾਲ ਮਿਲੀਭੁਗਤ ਹੈ।’’
ਪ੍ਰਧਾਨ ਮੰਤਰੀ ਨੇ ਕਿਹਾ, ‘‘ਕਾਂਗਰਸ ਕਿਸੇ ਵੀ ਕੀਮਤ ’ਤੇ ਦੇਸ਼ ਦੇ ਹਿੰਦੂਆਂ ਨੂੰ ਵੰਡ ਕੇ ਭਾਰਤ ਨੂੰ ਤਬਾਹ ਕਰਨਾ ਚਾਹੁੰਦੀ ਹੈ। ਕਾਂਗਰਸ ਗਰੀਬਾਂ ਨੂੰ ਵੰਡਣਾ ਚਾਹੁੰਦੀ ਹੈ।’’
ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ’ਚ ਉਨ੍ਹਾਂ ਦੀ ਸਰਕਾਰ ਨੇ ਅਜਿਹੀਆਂ ਸਕੀਮਾਂ ਬਣਾਈਆਂ ਹਨ, ਜਿਨ੍ਹਾਂ ਨੇ ਗਰੀਬਾਂ ’ਚ ਮੁੜ ਭਰੋਸਾ ਪੈਦਾ ਕੀਤਾ ਹੈ। ਉਨ੍ਹਾਂ ਕਿਹਾ, ‘‘ਮੇਰੇ ਲਈ, ਇਸ ਦੇਸ਼ ’ਚ ਗਰੀਬ ਸਭ ਤੋਂ ਵੱਡੀ ਜਾਤ ਹੈ। ਇਹ ਸਭ ਤੋਂ ਵੱਡਾ ਭਾਈਚਾਰਾ ਹੈ। ਜੇਕਰ ਗਰੀਬ ਠੀਕ ਹੋ ਜਾਣਗੇ ਤਾਂ ਦੇਸ਼ ਅਪਣੇ ਆਪ ਠੀਕ ਹੋ ਜਾਵੇਗਾ।’’
ਪ੍ਰਧਾਨ ਮੰਤਰੀ ਨੇ ਛੱਤੀਸਗੜ੍ਹ ਦੀ ਕਾਂਗਰਸ ਸਰਕਾਰ ’ਤੇ ਵੀ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਸੂਬੇ ’ਚ ਹਰ ਪਾਸੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਛੱਤੀਸਗੜ੍ਹ ’ਚ ਅਪਰਾਧ ਅਪਣੇ ਸਿਖਰ ’ਤੇ ਹੈ। ਕਤਲਾਂ ਦੇ ਮਾਮਲੇ ’ਚ ਛੱਤੀਸਗੜ੍ਹ ਮੋਹਰੀ ਸੂਬਿਆਂ ’ਚ ਪਹੁੰਚ ਗਿਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਤੋਂ ਪਹਿਲਾਂ ਦਿੱਲੀ ਵਿੱਚ ਜੋ ਸਰਕਾਰ ਸੀ, ਉਸ ਬਾਰੇ ਅਖਬਾਰਾਂ ’ਚ ਵੱਡੇ ਘਪਲੇ ਛਪਦੇ ਸਨ। ਦੇਸ਼ ਦਾ ਨਾਂ ਪੂਰੀ ਦੁਨੀਆਂ ’ਚ ਬਦਨਾਮ ਹੋਇਆ ਪਰ 2014 ’ਚ ਦੇਸ਼ ਅੰਦਰ ਕਾਂਗਰਸ ਸਰਕਾਰ ਦਾ ਤਖਤਾ ਪਲਟ ਕੇ ਪੂਰੇ ਬਹੁਮਤ ਨਾਲ ਭਾਜਪਾ ਦੀ ਸਰਕਾਰ ਬਣੀ। ਉਨ੍ਹਾਂ ਕਿਹਾ ਕਿ ਅੱਜ ਘਪਲਿਆਂ ਦੀ ਥਾਂ ਭਾਰਤ ਦੇ ਮਾਣ ਦੀ ਚਰਚਾ ਦੁਨੀਆਂ ’ਚ ਹੋ ਰਹੀ ਹੈ ਅਤੇ ਭਾਰਤ ਦਾ ਨਾਂ ਦੁਨੀਆਂ ’ਚ ਸੁਣਿਆ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਸੂਬੇ ਦੇ ਬਸਤਰ ਜ਼ਿਲ੍ਹੇ ’ਚ ਸਥਿਤ ਨਾਗਰਨਾਰ ਸਟੀਲ ਪਲਾਂਟ ਦੇ ਉਦਘਾਟਨ ਸਮੇਤ 26 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ ਅਤੇ ਉਦਘਾਟਨ ਪ੍ਰੋਗਰਾਮ ’ਚ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਮੈਂਬਰਾਂ ’ਚ ਸ਼ਾਮਲ ਨਾ ਹੋਣ ’ਤੇ ਨਾਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਉਹ ਸਰਕਾਰ ਦੇ ਜਾਣ ਨੂੰ ਲੈ ਕੇ ਇੰਨੇ ਚਿੰਤਤ ਹਨ ਕਿ ਉਨ੍ਹਾਂ ਕੋਲ ਇੱਥੇ ਆਉਣ ਦਾ ਸਮਾਂ ਨਹੀਂ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਭਾਸ਼ਣ ਵਿੱਚ ਕੇਂਦਰ ਸਰਕਾਰ ਵਲੋਂ ਆਦਿਵਾਸੀਆਂ, ਕਿਸਾਨਾਂ ਅਤੇ ਔਰਤਾਂ ਦੇ ਵਿਕਾਸ ਲਈ ਕੀਤੇ ਗਏ ਕੰਮਾਂ ਅਤੇ ਯੋਜਨਾਵਾਂ ਨੂੰ ਜਨਤਾ ਦੇ ਸਾਹਮਣੇ ਪੇਸ਼ ਕੀਤਾ ਅਤੇ ਸੂਬੇ ਦੀ ਕਾਂਗਰਸ ਸਰਕਾਰ ਨੂੰ ਬਦਲਣ ਦੀ ਅਪੀਲ ਕੀਤੀ।