ਭਾਜਪਾ ਦੇ ਰਾਜ ’ਚ ਮੀਡੀਆ ਦੇ ‘ਮਨੋਬਲ ਦੇ ਐਨਕਾਊਂਟਰ’ ਦਾ ਹਰ ਹਥਕੰਡਾ ਅਪਣਾਇਆ ਜਾ ਰਿਹੈ : ਅਖਿਲੇਸ਼ ਯਾਦਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਯੋਗੀ ਆਦਿੱਤਿਆਨਾਥ ਦੇ ਸ਼ਾਸਨ ਅਧੀਨ ਪੱਤਰਕਾਰਾਂ ’ਤੇ ਅੱਤਿਆਚਾਰ ਢਾਹੁਣ ਦਾ ਦੋਸ਼ ਅਖਿਲੇਸ਼ ਯਾਦਵ ਨੇ ਲਗਾਏ

Every tactic of media's 'encounter of morale' is being adopted in BJP state: Akhilesh Yadav

ਲਖਨਊ: ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਐਤਵਾਰ ਨੂੰ ਉੱਤਰ ਪ੍ਰਦੇਸ਼ ’ਚ ਯੋਗੀ ਆਦਿੱਤਿਆਨਾਥ ਦੇ ਸ਼ਾਸਨ ਅਧੀਨ ਪੱਤਰਕਾਰਾਂ ’ਤੇ ਅੱਤਿਆਚਾਰ ਢਾਹੁਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਜ ’ਚ ਮੀਡੀਆ ਦੇ ‘ਮਨੋਬਲ ਦੇ ਐਨਕਾਊਂਟਰ’ ਦਾ ਹਰ ਹਥਕੰਡਾ ਅਪਣਾਇਆ ਜਾ ਰਿਹਾ ਹੈ।

ਯਾਦਵ ਨੇ ਸੱਤ ਸਕਿੰਟ ਦਾ ਇਕ ਵੀਡੀਉ ਵੀ ਪੋਸਟ ਕੀਤਾ, ਜਿਸ ’ਚ ਕੁੱਝ ਲੋਕ ਇਕ ਵਿਅਕਤੀ ਨੂੰ ਨੰਗਾ ਕਰ ਕੇ ਉਸ ਨੂੰ ਕੁੱਟਦੇ ਨਜ਼ਰ ਆ ਰਹੇ ਹਨ। ਇਹ ਘਟਨਾ ਹਮੀਰਪੁਰ ਦੀ ਹੈ।

ਸਮਾਜਵਾਦੀ ਪਾਰਟੀ ਦੇ ਪ੍ਰਧਾਨ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਕਿਹਾ, ‘‘ਇਕ ਪੱਤਰਕਾਰ ਨੂੰ ਮਾਰਨਾ, ਪੱਤਰਕਾਰਾਂ ’ਤੇ ਦਬਾਅ ਪਾਉਣਾ, ਇਕ ਪੱਤਰਕਾਰ ਦਾ ਮਹੀਨਾ ਬੰਨ੍ਹਣਾ, ਪੱਤਰਕਾਰਾਂ ਵਿਰੁਧ ਐਫ.ਆਈ.ਆਰ. ਦਰਜ ਕਰਨਾ, ਪੱਤਰਕਾਰਾਂ ਨੂੰ ਬਾਹਰ ਕੱਢਣਾ ਅਤੇ ਉਨ੍ਹਾਂ ਨੂੰ ਮਾਰਨਾ, ਪੱਤਰਕਾਰਾਂ ਨੂੰ ਅਣਚਾਹੇ ਪੀਣਯੋਗ ਪਦਾਰਥ ਪੀਣ ਲਈ ਮਜਬੂਰ ਕਰਨਾ। ਭਾਜਪਾ ਦੇ ਰਾਜ ’ਚ ਮੀਡੀਆ ਦੇ ‘ਮਨੋਬਲ ਦੇ ਐਨਕਾਊਂਟਰ’ ਦਾ ਹਰ ਹਥਕੰਡਾ ਅਪਣਾਇਆ ਜਾ ਰਿਹਾ ਹੈ।’’

ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੇ ਅੱਗੇ ਲਿਖਿਆ, ‘‘ਮੀਡੀਆ ਕਹੇ ਅੱਜ ਕਾ, ਨਹੀਂ ਚਾਹੀਏ ਭਾਜਪਾ!’’ ਇਸ ਦੌਰਾਨ ਹਮੀਰਪੁਰ ਪੁਲਿਸ ਨੇ ਯਾਦਵ ਦੀ ਪੋਸਟ ‘ਐਕਸ’ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਵੀਡੀਉ 1 ਨਵੰਬਰ ਨੂੰ ਸਾਹਮਣੇ ਆਇਆ ਸੀ। 28 ਅਕਤੂਬਰ ਨੂੰ ਜ਼ਾਰੀਆ ਥਾਣੇ ’ਚ ਐਫ.ਆਈ.ਆਰ. ਦਰਜ ਕੀਤੀ ਗਈ ਸੀ। ਨਾਮਜ਼ਦ ਮੁਲਜ਼ਮਾਂ ਵਿਚੋਂ ਇਕ ਆਰ.ਕੇ. ਸੋਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਘਟਨਾ ’ਚ ਸ਼ਾਮਲ ਹੋਰ ਲੋਕਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਹੈ।