ਸਾਬਕਾ ਅਕਾਲੀ ਵਿਧਾਇਕ ਮੱਕੜ ਤੇ ਪੰਜਾਬ ਦੇ ਸਾਬਕਾ DGP ਐਸਐਸ ਵਿਰਕ ਕਈ ਆਗੂਆਂ ਸਣੇ ਭਾਜਪਾ 'ਚ ਸ਼ਾਮਲ

ਏਜੰਸੀ

ਖ਼ਬਰਾਂ, ਰਾਜਨੀਤੀ

ਮਨਜਿੰਦਰ ਸਿੰਘ ਸਿਰਸਾ ਦੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਇਕ ਹੋਰ ਝਟਕਾ ਲੱਗਾ ਹੈ।

Sarabjit Singh Makkar

ਨਵੀਂ ਦਿੱਲੀ: ਮਨਜਿੰਦਰ ਸਿੰਘ ਸਿਰਸਾ ਦੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਇਕ ਹੋਰ ਝਟਕਾ ਲੱਗਾ ਹੈ। ਸਾਬਕਾ ਵਿਧਾਇਕ ਅਤੇ ਸੀਨੀਅਰ ਅਕਾਲੀ ਆਗੂ ਸਰਬਜੀਤ ਸਿੰਘ ਮੱਕੜ ਅਕਾਲੀ ਦਲ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਹਨ। ਭਾਜਪਾ ਦੇ ਪੰਜਾਬ ਇੰਚਾਰਜ ਅਤੇ ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਨੇ ਉਹਨਾਂ ਨੂੰ ਪਾਰਟੀ ਦੀ ਮੈਂਬਰਸ਼ਿਪ ਦਿੱਤੀ ਹੈ।

ਦੱਸ ਦਈਏ ਕਿ ਸਰਬਜੀਤ ਮੱਕੜ ਨੇ 2017 ਵਿਚ ਜਲੰਧਰ ਕੈਂਟ ਤੋਂ ਚੋਣ ਲੜੀ ਸੀ ਪਰ ਇਸ ਵਾਰ ਪਾਰਟੀ ਨੇ ਜਲੰਧਰ ਕੈਂਟ ਤੋਂ ਜਗਬੀਰ ਸਿੰਘ ਬਰਾੜ ਨੂੰ ਉਮੀਦਵਾਰ ਐਲਾਨਿਆ ਹੈ। ਇਸ ਤੋਂ ਬਾਅਦ ਤੋਂ ਹੀ ਮੱਕੜ ਪਾਰਟੀ ਨਾਲ ਨਾਰਾਜ਼ ਚੱਲ ਰਹੇ ਹਨ।

ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਸਰਬਜੀਤ ਮੱਕੜ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਦੇ ਸੀਨੀਅਰ ਆਗੂਆਂ ਨਾਲ ਕਈ ਮੁੱਦਿਆਂ ’ਤੇ ਚਰਚਾ ਹੋਈ ਹੈ ਅਤੇ ਜਲੰਧਰ ਕੈਂਟ ਸੀਟ ਤੋਂ ਚੋਣ ਲੜਨ ਲਈ ਉਹਨਾਂ ਦਾ ਦਾਅਵਾ ਮਜ਼ਬੂਤ ਹੈ। ਪਾਰਟੀ ਨੇ ਵੀ ਇਸ ਦੇ ਲਈ ਹਾਂ ਕੀਤੀ ਹੈ।

ਉਹਨਾਂ ਤੋਂ ਇਲਾਵਾ ਪੰਜਾਬ ਦੇ ਸਾਬਕਾ ਡੀਜੀਪੀ ਸਰਬਦੀਪ ਸਿੰਘ ਵਿਰਕ ਵੀ ਭਾਜਪਾ ਵਿਚ ਸ਼ਾਮਲ ਹੋਏ ਹਨ। ਇਸ ਦੇ ਨਾਲ ਹੀ ਪੰਜਾਬ ਕੋਆਪ੍ਰੇਟਿਵ ਬੈਂਕ ਦੇ ਸਾਬਕਾ ਚੇਅਰਮੈਨ ਅਵਤਾਰ ਸਿੰਘ ਜ਼ੀਰਾ, ਸਨਅਤਕਾਰ ਹਰਚਰਨ ਸਿੰਘ ਰਣੌਤਾ ਅਤੇ ਹੋਰ ਕਈ ਸ਼ਖ਼ਸੀਅਤਾਂ ਨੇ ਭਾਜਪਾ ਜੁਆਇਨ ਕੀਤੀ।