ਪੰਜਾਬ ਭਾਜਪਾ ਵਲੋਂ ਨਵੇਂ ਅਹੁਦੇਦਾਰਾਂ ਦਾ ਐਲਾਨ, ਕਿਹੜੇ ਆਗੂ ਨੂੰ ਮਿਲਿਆ ਕਿਹੜਾ ਅਹੁਦਾ? ਦੇਖੋ ਪੂਰੀ ਸੂਚੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਕੇਵਲ ਸਿੰਘ ਢਿੱਲੋਂ, ਜੈ ਇੰਦਰ ਕੌਰ, ਰਾਜ ਕੁਮਾਰ ਵੇਰਕਾ ਸਮੇਤ 11 ਨੂੰ ਬਣਾਇਆ ਮੀਤ ਪ੍ਰਧਾਨ 

Punjab BJP announced new office bearers

ਮੋਹਾਲੀ : ਪੰਜਾਬ ਭਾਜਪਾ ਨੇ ਸ਼ਨੀਵਾਰ ਨੂੰ ਪੂਰੇ ਸੂਬੇ ਲਈ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਹੈ। ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਦੀ ਪ੍ਰਵਾਨਗੀ ਤੋਂ ਬਾਅਦ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਨਵ-ਨਿਯੁਕਤ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ।

ਇਨ੍ਹਾਂ ਵਿੱਚ ਸੂਬਾ ਮੀਤ ਪ੍ਰਧਾਨ, ਸੂਬਾ ਜਨਰਲ ਸਕੱਤਰ ਅਤੇ ਸੂਬਾ ਸਕੱਤਰ ਸਮੇਤ ਖਜ਼ਾਨਚੀ, ਸੰਯੁਕਤ ਖਜ਼ਾਨਚੀ, ਪ੍ਰੋਟੋਕੋਲ ਸਕੱਤਰ, ਦਫ਼ਤਰ ਸਕੱਤਰ, ਸੂਬਾ ਮੀਡੀਆ ਟੀਮ, ਸੈੱਲ ਕੋਆਰਡੀਨੇਟਰ, ਸੋਸ਼ਲ ਮੀਡੀਆ, ਆਈ.ਟੀ., ਮਹਿਲਾ ਮੋਰਚਾ, ਯੁਵਾ ਮੋਰਚਾ, ਐਸ.ਸੀ. ਮੋਰਚਾ, ਕਿਸਾਨ ਮੋਰਚਾ, ਓ.ਬੀ.ਸੀ. , ਘੱਟ ਗਿਣਤੀ ਮੋਰਚਾ ਸਮੇਤ ਮੁੱਖ ਬੁਲਾਰੇ ਅਤੇ ਬੁਲਾਰੇ ਨਿਯੁਕਤ ਕੀਤੇ ਗਏ।

ਦੱਸ ਦੇਈਏ ਕਿ ਭਾਜਪਾ ਵਲੋਂ ਚੁਣੇ ਗਏ ਸੂਬਾ ਮੀਤ ਪ੍ਰਧਾਨਾਂ ਵਿਚ ਕੇਵਲ ਸਿੰਘ ਢਿੱਲੋਂ, ਜੈ ਇੰਦਰ ਕੌਰ, ਰਾਜ ਕੁਮਾਰ ਵੇਰਕਾ, ਜਗਮੋਹਨ ਸਿੰਘ ਰਾਜੂ, ਫਤਿਹਜੰਗ ਸਿੰਘ ਬਾਜਵਾ, ਅਰਵਿੰਦ ਖੰਨਾ ਆਦਿ ਸ਼ਾਮਲ ਹਨ।  ਇਸ ਤੋਂ ਇਲਾਵਾ ਗੁਰਪ੍ਰੀਤ ਸਿੰਘ ਕਾਂਗੜ ਸਮੇਤ ਪੰਜ ਨੂੰ ਸੂਬਾ ਜਨਰਲ ਸਕੱਤਰ ਜਦਕਿ ਡਾ. ਹਰਜੋਤ ਕਮਲ ਸਿੰਘ ਅਤੇ ਪਰਮਿੰਦਰ ਸਿੰਘ ਬਰਾੜ ਸਮੇਤ 11 ਨੂੰ ਸੂਬਾ ਸਕੱਤਰ ਨਿਯੁਕਤ ਕੀਤਾ ਗਿਆ ਹੈ।

ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਨੈਸ਼ਨਲ ਵਰਕਿੰਗ ਕਮੇਟੀ ਦੇ ਮੈਂਬਰ
ਪੰਜਾਬ ਭਾਜਪਾ ਸੂਬੇ ਨੂੰ ਮਜ਼ਬੂਤ ​​ਕਰਨ ਲਈ ਲਗਾਤਾਰ ਢਾਂਚਾਗਤ ਬਦਲਾਅ ਕਰਨ 'ਚ ਲੱਗੇ ਹੋਏ ਹਨ। ਇਸੇ ਲੜੀ ਵਿੱਚ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਸ਼ੁੱਕਰਵਾਰ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਾਂਗਰਸ ਦੇ ਤਿੰਨ ਸਾਬਕਾ ਦਿੱਗਜ਼ ਨੇਤਾਵਾਂ ਨੂੰ ਆਪਣੀ ਟੀਮ ਵਿੱਚ ਜਗ੍ਹਾ ਦਿੱਤੀ ਹੈ। ਕਾਂਗਰਸ ਦੇ ਸਾਬਕਾ ਬੁਲਾਰੇ ਜੈਵੀਰ ਸ਼ੇਰਗਿੱਲ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ ਅਤੇ ਉਨ੍ਹਾਂ ਨੂੰ ਰਾਸ਼ਟਰੀ ਬੁਲਾਰੇ ਨਿਯੁਕਤ ਕੀਤਾ ਗਿਆ ਹੈ। ਜਦਕਿ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਕੌਮੀ ਵਰਕਿੰਗ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ।

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਭਾਜਪਾ ਨੇ ਢਾਂਚਾਗਤ ਤਬਦੀਲੀਆਂ ਸਮੇਤ ਸਾਲ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਕੈਪਟਨ ਸਮੇਤ ਉਕਤ ਟਕਸਾਲੀ ਆਗੂ ਲੋਕ ਸਭਾ ਚੋਣਾਂ ਦੌਰਾਨ ਆਪਣੀ ਪੂਰੀ ਤਾਕਤ ਦਿਖਾਉਣ ਦੀ ਤਿਆਰੀ ਕਰ ਰਹੇ ਹਨ।