ਅਕਾਲੀ ਦਲ ਵਿਚ ਸ਼ਾਮਲ ਹੋਣ ਦੀਆਂ ਗੱਲਾਂ ਝੂਠੀਆਂ : ਬੀਬੀ ਭੱਠਲ
''ਮੈਂ ਕਾਂਗਰਸੀ ਸੀ, ਕਾਂਗਰਸੀ ਹਾਂ ਅਤੇ ਕਾਂਗਰਸ ਵਿਚ ਹੀ ਰਹਾਂਗੀ''-ਬੀਬੀ ਭੱਠਲ
ਲਹਿਰਾਗਾਗਾ (ਅਮਨਦੀਪ ਸਿੰਘ ਸੰਗਤਪੁਰਾ): ਪਿਛਲੇ ਕੁੱਝ ਦਿਨਾਂ ਤੋਂ ਪੁਰਾਣੇ ਸਿਆਸੀ ਮਾਮਲਿਆਂ ਬਾਰੇ ਇਕ ਇੰਟਰਵਿਊ ਦੌਰਾਨ ਹੋਈ ਗੱਲਬਾਤ ਉਪਰੰਤ ਸੋਸ਼ਲ ਮੀਡੀਆ ’ਤੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਦੀਆਂ ਗੱਲਾਂ ਜ਼ੋਰ-ਸ਼ੋਰ ਨਾਲ ਪ੍ਰਚਾਰੀਆਂ ਜਾ ਰਹੀਆਂ ਸਨ।
ਇਨ੍ਹਾਂ ਅਫ਼ਵਾਹਾਂ ਨੂੰ ਲੈ ਕੇ ਬੀਬੀ ਭੱਠਲ ਨੇ ਅਪਣੀ ਚੁੱਪ ਤੋੜਦਿਆਂ ਇਨ੍ਹਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਗ਼ਲਤ ਕਰਾਰ ਦਿਤਾ ਹੈ। ਬੀਬੀ ਭੱਠਲ ਨੇ ਸਪੱਸ਼ਟ ਕਿਹਾ ਹੈ ਕਿ ਮੈਂ ਕਾਂਗਰਸੀ ਸੀ, ਕਾਂਗਰਸੀ ਹਾਂ ਅਤੇ ਕਾਂਗਰਸ ਵਿਚ ਹੀ ਰਹਾਂਗੀ।
ਉਨ੍ਹਾਂ ਅੱਗੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਚਲ ਰਿਹਾ ਇਹ ਪ੍ਰਚਾਰ ਸਿਰਫ਼ ਵਿਊਜ਼ ਬਟੋਰਨ ਅਤੇ ਧਿਆਨ ਖਿੱਚਣ ਲਈ ਕੀਤਾ ਜਾ ਰਿਹਾ ਹੈ। ਅਸਲ ਵਿਚ ਅਜਿਹੀ ਕੋਈ ਗੱਲ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੇ ਕਦੇ ਅਕਾਲੀ ਦਲ ਜਾਂ ਕਿਸੇ ਹੋਰ ਪਾਰਟੀ ਵਿਚ ਜਾਣ ਬਾਰੇ ਸੋਚਿਆ ਹੈ। ਇਸ ਤੋਂ ਇਲਾਵਾ, ਬੀਬੀ ਭੱਠਲ ਨੇ ਹਾਲ ਹੀ ਵਿਚ ਵਾਇਰਲ ਹੋਈ ‘ਬੰਬ’ ਵਾਲੀ ਟਿਪਣੀ ਬਾਰੇ ਵੀ ਸਪੱਸ਼ਟੀਕਰਨ ਦਿਤਾ।
ਉਨ੍ਹਾਂ ਕਿਹਾ ਕਿ ਇਸ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਇਹ ਗੱਲ ਸੂਬੇ ਦੇ ਮੌਜੂਦਾ ਹਾਲਾਤ ਵਲ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਧਿਆਨ ਦਿਵਾਉਣ ਅਤੇ ਰੋਜ਼ਾਨਾ ਦੀ ਲੁੱਟ-ਖੋਹ ਸਕੂਲਾਂ ਨੂੰ ਬੰਬਾਂ ਨਾਲ ਉਡਾਉਣ ਅਤੇ ਕਾਤਲੋਗਾਰਦ ਨੂੰ ਰੋਕਣ ਲਈ ਕਹੀ ਗਈ ਸੀ। ਬੀਬੀ ਭੱਠਲ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਰਹਿ ਚੁੱਕੇ ਹਨ ਅਤੇ ਲਹਿਰਾਗਾਗਾ ਹਲਕੇ ਤੋਂ ਲਗਾਤਾਰ ਵਿਧਾਇਕ ਰਹੀਆਂ ਹਨ। ਉਨ੍ਹਾਂ ਦਾ ਇਹ ਬਿਆਨ ਪਾਰਟੀ ਵਿਚ ਉਨ੍ਹਾਂ ਦੀ ਮਜ਼ਬੂਤ ਸਥਿਤੀ ਨੂੰ ਵੀ ਦਰਸਾਉਂਦਾ ਹੈ।