ਜੇਕਰ ਬਹੁਮਤ ਨਾ ਮਿਲਿਆ ਤਾਂ ਕਾਂਗਰਸ ਦਾ ਸਿਰਫ਼ 'ਆਪ' ਨਾਲ ਹੋ ਸਕਦਾ ਹੈ ਗਠਜੋੜ - ਰਾਜਿੰਦਰ ਕੌਰ ਭੱਠਲ

ਏਜੰਸੀ

ਖ਼ਬਰਾਂ, ਰਾਜਨੀਤੀ

ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਰਾਜਿੰਦਰ ਕੌਰ ਭੱਠਲ ਵੱਲੋਂ ਦਿੱਤੇ ਬਿਆਨ ਨੇ ਛੇੜੀ ਨਵੀਂ ਚਰਚਾ 

Rajinder Kaur Bhattal

ਚੰਡੀਗੜ੍ਹ : ਲਹਿਰਾਗਾਗਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਰਾਜਿੰਦਰ ਕੌਰ ਭੱਠਲ ਨੇ ਨਿੱਜੀ ਚੈਨਲ ਨੂੰ ਦਿੱਤੀ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਕਾਂਗਰਸ 'ਆਪ' ਨਾਲ ਗਠਜੋੜ ਕਰ ਸਕਦੀ ਹੈ। ਦਰਅਸਲ ਅੱਜ ਇਕ ਨਿੱਜੀ ਚੈਨਲ ਨਾਲ ਇੰਟਰਵਿਊ ਦੌਰਾਨ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਜੇਕਰ ਲੋੜ ਪਈ ਤਾਂ ਅਸੀਂ ਆਮ ਆਦਮੀ ਪਾਰਟੀ ਨਾਲ ਗੱਠਜੋੜ ਕਰ ਸਕਦੇ ਹਾਂ।

ਬਾਕੀ ਉਨ੍ਹਾਂ ਕਿਹਾ ਕਿ ਸਾਡੀ ਨਿਰੋਲ ਸਰਕਾਰ ਬਣੇਗੀ ਪਰ ਉਨ੍ਹਾਂ ਇਸ਼ਾਰਾ ਕੀਤਾ ਹੈ ਕਿ ਜੇ ਚੋਣ ਨਤੀਜਿਆਂ ਮਰਗੋਂ ਲੋੜ ਪਈ ਤਾਂ ਆਪ ਨਾਲ ਗਠਜੋੜ ਕੀਤਾ ਜਾ ਸਕਦਾ ਹੈ। ਪੱਤਰਕਾਰ ਦੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਹ ਤਾਂ ਸੰਭਵ ਹੋ ਸਕਦਾ ਹੈ ਜੇਕਰ ਭਾਜਪਾ, ਅਕਾਲੀ ਅਤੇ ਆਮ ਆਦਮੀ ਪਾਰਟੀ ਅੰਦਰ ਖਾਤੇ ਰਲੇ ਨਾ ਹੋਣ।

ਅੱਗੇ ਗੱਲਬਾਤ ਕਰਦਿਆਂ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਜੇਤੂ ਕਾਂਗਰਸੀਆਂ ਨੂੰ ਕੋਈ ਨਹੀਂ ਖ਼ਰੀਦ ਸਕਦਾ।  ਭੱਠਲ ਨੇ ਕਿਹਾ ਕਿ ਵਿਰੋਧੀਆਂ ਵਲੋਂ ਇਹ ਅਫ਼ਵਾਹਾਂ ਉਡਾਈਆਂ ਜਾ ਰਹੀਆਂ ਹਨ ਕਿ ਜੇਤੂ ਕਾਂਗਰਸੀਆਂ ਨੂੰ ਰਾਜਸਥਾਨ ਵਿਚ ਲੁਕੋ ਕੇ ਰਖਿਆ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਕੋਈ ਖ਼ਰੀਦ ਨਾ ਸਕੇ, ਇਹ ਸੱਭ ਬਕਵਾਸ ਹੈ। 

ਉਨ੍ਹਾਂ ਕਿਹਾ ਕਿ ਸਿਆਸੀ ਗਲਿਆਰਿਆਂ ਵਿਚ ਵੀ ਇਹ ਚਰਚਾ ਦਾ ਵਿਸ਼ਾ ਹੈ ਕਿ ਜੇ ਲੋੜ ਪਈ ਤਾਂ ਕਾਂਗਰਸ ਦਾ ਸਿਰਫ ਆਮ ਆਦਮੀ ਪਾਰਟੀ ਨਾਲ ਗਠਜੋੜ ਹੋ ਸਕਦਾ ਹੈ ਅਤੇ ਇਸ ਤੋਂ ਇਲਾਵਾ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਭਾਜਪਾ ਨਾਲ ਗਠਜੋੜ ਕਰਦਾ ਦੇਖ ਸਕਦੇ ਹਨ। ਬੀਬੀ ਭੱਠਲ ਨੇ ਕਿਹਾ ਕੇ ਇਹ ਵੀ ਤਾਂ ਹੋਵੇਗਾ ਜੇਕਰ ਪੰਜਾਬ ਦਾ ਭਵਿੱਖ ਬਣਾਉਣਾ ਹੈ ਅਤੇ ਜੇਕਰ ਆਪ ਦੀ ਭਾਜਪਾ ਨਾਲ ਮਿਲੀਭੁਗਤ ਨਾ ਹੋਵੇਗੀ ਤਾਂ ਹੀ ਇਹ ਸਭ ਸੰਭਵ ਹੋਵੇਗਾ।